ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੰਨੀ ਕਹਾਣੀ ਦਾ ਸਮਰੱਥ ਹਸਤਾਖ਼ਰ – ਦਰਸ਼ਨ ਜੋਗਾ

ਮਿੰਨੀ ਕਹਾਣੀ ਦਾ ਸਮਰੱਥ ਹਸਤਾਖ਼ਰ – ਦਰਸ਼ਨ ਜੋਗਾ

ਮਿੰਨੀ ਕਹਾਣੀ ਦੇ ਵੱਡੇ ਸਿਰਜਕ_21
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ


ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਦਰਸ਼ਨ ਜੋਗਾ ਨੇ ਗਿਣਤੀ ਪੱਖੋਂ ਭਾਵੇਂ ਘੱਟ ਮਿੰਨੀ ਕਹਾਣੀਆਂ ਲਿਖੀਆਂ ਹਨ, ਪਰ ਜਿੰਨੀਆਂ ਵੀ ਲਿਖੀਆਂ ਹਨ, ਮਾਅਰਕੇ ਦੀਆਂ ਲਿਖੀਆਂ ਹਨ। ਜਦੋਂ ਅਸੀਂ ਇਨ੍ਹਾਂ ਦੀਆਂ ਮਿੰਨੀ ਕਹਾਣੀਆਂ ਨੂੰ ਪੜ੍ਹਦੇ ਹਾਂ ਤਾਂ ਮਿੰਨੀ ਕਹਾਣੀ ਦੀ ਵਿਧਾ ਦੀ ਸਮੱਰਥਾ ਦਾ ਪਤਾ ਤਾਂ ਚਲਦਾ ਹੈ।


ਦਰਸ਼ਨ ਜੋਗਾ ਦੀਆਂ ਮਿੰਨੀ ਕਹਾਣੀਆਂ ਵਿਚ ਪਾਤਰਾਂ ਦਾ ਮਾਨਸਿਕ ਚਿਤਰਣ ਕਮਾਲ ਦਾ ਹੈ। ਬੰਦੇ ਦੇ ਅੰਦਰ ਕਿਹੜੇ ਸਮੇਂ ਕਿਹੜੇ ਖਿਆਲ ਘੁੰਮਦੇ ਹਨ, ਕਦੋਂ ਉਹ ਮੀਸਨਾ ਬਣਕੇ ਬਗਲਾ ਭਗਤ ਬਣ ਜਾਂਦਾ ਹੈ, ਉਹ ਇਹਨਾਂ ਸਭ ਗੱਲਾਂ ਨੂੰ ਬਾਰੀਕੀ ਨਾਲ ਫੜ੍ਹਦਾ ਹੋਇਆ ਅਸਲੀ ‘ਅੰਦਰਲੀ ਗੱਲ’ ਵੱਲ ਇਸ਼ਾਰਾ ਕਰਦਾ ਹੈ। ਦੁੱਖ ਦਾ ਦਿਖਾਵਾ ਤਾਂ ਬਾਹਰਲੇ ਲੋਕ ਕਰਦੇ ਹਨ, ਜਿੰਨ੍ਹਾਂ ਨੂੰ ਸਹੀ ਅਰਥਾਂ ਵਿਚ ਦੁੱਖ ਦਾ ‘ਸੇਕ’ ਲੱਗਿਆ ਹੁੰਦਾ ਹੈ ਉਹ ਹੀ ਅਸਲ ਦੁਖੀ ਬੰਦੇ ਦੀ ਵੇਦਨਾ ਨੂੰ ਫੜ੍ਹ ਸਕਦੇ ਹਨ, ਤਮਾਸ਼ਬੀਨ ਤਾਂ ਸਿਰਫ਼ ਉੱਚੀਆਂ_ਨੀਵੀਆਂ ਗੱਲਾਂ ਹੀ ਕਰ ਸਜਦੇ ਹਨ। 


ਦਰਸ਼ਨ ਜੋਗਾ ਦੀਆਂ ਨਹੁਤ ਸਾਰੀਆਂ ਮਿੰਨੀ ਕਹਾਣੀਆਂ ਮੁਕਾਬਲਿਆਂ ਵਿਚੋਂ ਜੈਤੂ ਰਹੀਆਂ ਹਨ।ਇਨ੍ਹਾਂ ਦਾ ਇੱਕ ਕਹਾਣੀ ਸੰਗ੍ਰਹਿ ‘ਨਮਸਕਾਰ’ ਛਪ ਚੁੱਕਿਆਂ ਹੈ ਅਤੇ ਚੌਣਵੀਆਂ ਕਹਾਣੀਆਂ ਹਿੰਦੀ ਵਿਚ ਵੀ ਅਨੁਵਾਦ ਹੋ ਚੁੱਕੀਆਂ ਹਨ।
 ਅੱਜਕੱਲ੍ਹ ਇਹ ਕਹਾਣੀ ਖੇਤਰ ਵਿਚ ਜਿਆਦਾ ਸਰਗਰਮ ਹਨ ਅਤੇ ਚੰਗਾ ਨਾਂ ਬਣਾ ਚੁੱਕੇ ਹਨ। ਪੜੋ ਇਨ੍ਹਾਂ ਦੀਆਂ ਕੁਝ ਮਿੰਨੀ ਕਹਾਣੀਆਂ:

ਸੇਕ

“ਕੀ ਗੱਲ ਹੋਗੀ ਸੀ ਬੀਬੀ ਜੀ ?” ਮਹਿਮਾਨਾਂ ਵਾਲੇ ਕਮਰੇ ’ਚ ਪਏ ਸੋਫੇ ਦੇ ਕੋਲ ਡਾਹੀਆਂ ਕੁਰਸੀਆਂ ’ਤੇ ਬੈਠੀਆਂ ਆਂਢ-ਗੁਆਂਢ ਦੀਆਂ ਔਰਤਾਂ ’ਚੋਂ ਇਕ ਜਣੀ ਨੇ ਦੀਵਾਨ ’ਤੇ ਸਿਰਹਾਣੇ ਦਾ ਸਹਾਰਾ ਲਈ ਬੈਠੀ ਗੁਰਚਰਨ ਕੌਰ ਨੂੰ ਪੁੱਛਿਆ।

“ਬੀਬਾ ਬਲੱਡ ਪਰੈਸ਼ਰ ਤਾਂ ਪਹਿਲਾਂ ਵੀ ਰਹਿੰਦਾ ਸੀ, ਗੋਲੀ ਲੈ ਛੱਡਦੇ ਸੀ। ਆਹ ਤਾਂ ਪਤਾ ਈ ਨੀ ਸੀ ਬੀ ਅਂੈ ਹੋਜੂ।” ਧੀਮੀ ਅਵਾਜ਼ ’ਚ ਗੁਰਚਰਨ ਕੌਰ ਦੱਸ ਰਹੀ ਸੀ।

“ਓਥੇ ਪਿੰਡ ਈ ਸੀ ਥੋਡੇ ਕੋਲ?” ਇਕ ਹੋਰ ਪੂਰੇ ਪਰਿਵਾਰ ਨੂੰ ਨਾ ਜਾਣਦੀ ਔਰਤ ਨੇ ਸਵਾਲ ਕੀਤਾ। 

“ਨਹੀਂ ਪੀ. ਜੀ. ਆਈ. ਲੈਗੇ ਸੀ। ਵੀਹ ਦਿਨ ਓਥੇ ਰਹੇ। ਰੋਜ਼ ਦੇ ਕਦੇ ਕੋਈ ਟੈਸਟ ਕਦੇ ਕੋਈ। ਟੀਕੇ ਦਵਾਈਆਂ ਦਾ ਤਾਂ ਬਾਹ ਈ ਨੀਂ ਸੀ ਰਿਹਾ। ਰਾਤ ਨੂੰ ਇਕ ਜਣਾ ਪਿਤਾ ਜੀ ਕੋਲ ਬਹਿੰਦਾ ਤਾਂ ਦੂਜਾ ਜਣਾ ਬਾਹਰ ਬਰਾਂਡੇ ’ਚ ਠੰਢੇ ਫਰਸ਼ ’ਤੇ ਪੈ ਜਾਂਦਾ। ਦਿਨ ਰਾਤ ਇਕ ਹੋਗੇ ਸੀ।”

“ਬੀਬੀ ਜੀ ਦੌਜ਼ਕ ਹੁੰਦੇ ਹਸਪਤਾਲਾਂ ’ਚ ਵੀ .......। ਉਹ ਵਿਚਾਰੇ ਮੰਜੇ ‘ਤੇ ਦੁਖੀ ਤੁਸੀਂ ਭੁੰਜੇ ਔਖਾਂ ਕੱਟੀਆਂ, ਮਿਹਨਤ ਪੱਲੇ ਨਾ ਪਾਈ ਜੈ ਖਾਣੇ ਰੱਬ ਨੇ।” ਨਾਲ ਬੈਠੀ ਔਰਤ ਨੇ ਦੁੱਖ ਸਾਂਝਾ ਕੀਤਾ।

“ਬੀਬਾ ਕਿਹੜਾ ਅੱਜ ਦੇ ਦੋਜ਼ਕ ਨੇ ! ਸਰਦਾਰ ਜੀ ਨੂੰ ਐਕਸੀਡੈਂਟ ’ਚ ਗਿਆਂ ਪੰਦਰਾਂ ਸਾਲ ਹੋਗੇ। ਮਸਾਂ ਮੈਂ ਜੁਆਕਾਂ ਨੂੰ ਪਾਲਿਐ, ਵਿਆਹਿਐ। ਬਾਪ ਦਾ ਸਹਾਰਾ ਸੀ ਇਹ ਵੀ ਖੋਹ ਲਿਆ ਡਾਢੇ ਨੇ, ਚਲੋ ਜੋ ਓਹਨੂੰ ਮਨਜੂਰ!” ਚੁੰਨੀ ਦੇ ਲੜ ਨਾਲ ਅੱਖਾਂ ਦਾ ਪਾਣੀ ਪੂੰਝਦਿਆਂ ਗੁਰਚਰਨ ਕੌਰ ਨੇ ਹਉਕਾ ਲਿਆ।

“ਕੁੜੇ ਗੁਰਚਰਨ ਹੇਠਾਂ ਵਿਛਾਅ ਲੈਂਦੀਆਂ ਦਰੀ, ਐਂਹ ਕੁਰਸੀਆਂ ’ਤੇ ਚੜ੍ਹੀਆਂ ਬੈਠੀਆਂ ਚੰਗੀਆਂ ਨੀਂ ਲੱਗਦੀਆਂ।” ਵਾਹਵਾ ਚਿਰ ਦੇ ਉਸਲਵੱਟੇ ਲੈਂਦੀ ਦੂਰ ਨੇੜੇ ਦੀ ਚਾਚੀ ਗੁਰਦਿਆਲ ਕੌਰ ਬੋਲੀ।

“ਚਲੋ ਕੋਈ ਗੱਲ ਨੀਂ ਚਾਚੀ, ਗੱਲਾਂ ਈਂ ਕਰਨੀਆਂ ਨੇ।”

“ਲੈ ਕੁੜੇ! ਓਹਨੇ ਕਿਤੇ ਮੁੜ ਕੇ ਤਾਂ ਨੀਂ ਆਉਣਾ, ਕੋਈ ਤਾਂ ਵਿਚਾਰ ਕਰੋ।”

“ਚਾਚੀ ! ਮਹੀਨੇ ਭਰ ਦੇ ਹੇਠਾਂ ਈ ਰੁਲਦੇ ਆਏ ਆਂ। ਤੈਨੂੰ ਪਤੈ ਪਿਛਲੇ ਸਾਲ ਦੀ ਮੈਨੂੰ ਪਿੱਠ ਦੇ ਦਰਦ ਦੀ ਤਕਲੀਫ਼ ਐ। ਨਾਲੇ ਸਾਰੇ ਕੰਮਾਂ ਕਾਰਾਂ ਆਲੇ ਨੇ। ਦੁੱਖ ਤਾਂ ਸਾਰਿਆਂ ਨੂੰ ਓਨਾ ਹੀ ਹੁੰਦੈ।”

“ਲੈ ਸਾਥੋਂ ਤਾਂ ਨੀਂ ਬੈਠੀਂਦਾ, ਸਹੁਰੀਏ ਕੁਛ ਤਾਂ ਸੋਚ ਤੂੰ। ਤਿੰਨ ਫੁੱਟ ਉਚੇ ਤਖਤਪੋਸ਼ ’ਤੇ ਚੜ੍ਹੀ ਬੈਠੀ ਐਂ। ਪਿਓ ਸੀ ਫੇਰ ਵੀ ਤੇਰਾ।”
“ਚਾਚੀ! ਮੈਨੂੰ ਤਾਂ ਰੱਬ ਨੇ ਈ ਬਥੇਰਾ ਹੇਠਾਂ ਸੁੱਟ ਰੱਖਿਐ, ਮੈਂ ਕਿਥੋਂ ਹੋਜੂ ਉੱਚੀ? ਤੇਰਾ ਵੀ ਕੁਛ ਲੱਗਦਾ ਹੋਊ, ਜੇ ਜਿਆਦੇ ਦੁੱਖ ਹੈ ਤੂੰ ਵਿਛਾ ਲੈ ਦਰੀ ਆਵਦ ਘਰੇ, ਲੋਕਾਂ ਦੀਆਂ ਗੱਲਾਂ ਕਰਨ ਨੂੰ।”

ਗੁਰਚਰਨ ਦਾ ਚਿਹਰਾ ਵੇਖ ਕੇ ਉਹ ਬੁੜ-ਬੁੜ ਕਰਦੀ ਜਾਲੀ ਖੋਲ੍ਹ ਕੇ ਬਾਹਰਲੇ ਬੂਹੇ ਵੰਨੀਂ ਨੂੰ ਤੁਰ ਪਈ। ਗੁਰਚਰਨ ਕੌਰ ਬੈਠੀਆਂ ਔਰਤਾਂ ਨਾਲ ਪਿਓ ਦਾ ਰੁਦਨ ਕਰਦੀ ਰਹੀ।

===========

ਭੁਲੇਖਾ
 
“ਕੱਲ੍ਹ ਜੋ ਪਾਠ ਪੜ੍ਹਾਇਆ ਸੀ, ਉਸ ਨੂੰ ਸਾਰੇ ਯਾਦ ਕਰੋ।” ਕਹਿੰਦਿਆਂ ਅਧਿਆਪਕਾ ਕੁਰਸੀ ਉੱਤੇ ਬੈਠ ਗਈ।

ਲੜਕੇ ਅਤੇ ਲੜਕੀਆਂ ਪਾਠ ਯਾਦ ਕਰਨ ਲੱਗੇ। ਪਿਛਾਂਹ ਬੈਠੀਆਂ ਦੋ ਲੜਕੀਆਂ ਆਪਸ ਵਿਚ ਹੌਲੀ-ਹੌਲੀ ਕੁਝ ਕਹਿ ਰਹੀਆਂ ਸਨ।

“ਹਾਏ-ਹਾਏ ਨੀ ਦੱਸਾਂ ਮੈਡਮ ਨੂੰ!” ਇਕ ਲੜਕੀ ਇਕਦਮ ਉੱਚੀ ਆਵਾਜ ਵਿਚ ਹੋਲੀ, ਜਿਵੇਂ ਦੂਸਰੀ ਨੇ ਕੋਈ ਬਹੁਤ ਹੀ ਗਲਤ ਗੱਲ ਕਹਿ ਦਿੱਤੀ ਹੋਵੇ।

ਅਧਿਆਪਕਾ ਅਵਾਜ ਸੁਣਦਿਆਂ ਇਕਦਮ ਲਾਲ-ਪੀਲੀ ਹੁੰਦੀ ਕੜਕੀ, “ਇੱਧਰ ਆਓ ਨੀ ਕੀ ਕਰਦੀਓਂ, ਕੀ ਕਹਿੰਦੀ ਸੀ ਦੱਸ ਤੂੰ?”
ਅਧਿਆਪਕਾ ਨੇ ਲੜਕੀ ਨੂੰ ਕੋਲ ਬੁਲਾ ਕੇ ਡਾਂਟਣਾ ਸ਼ੁਰੂ ਕਰ ਦਿੱਤਾ।

ਲੜਕੀ ਅਧਿਆਪਕਾ ਅੱਗੇ ਨੀਵੀਂ ਪਾਈ ਚੁੱਪ ਖੜੀ ਸੀ।

“ਨੀ ਬੋਲਦੀ ਕਿਉਂ ਨ੍ਹੀਂ? ਘਰਦੇ ਥੋਨੂੰ ਪੜ੍ਹਨ ਭੇਜਦੇ ਐ, ਤੁਸੀਂ ਪਤਾ ਨ੍ਹੀਂ ਕੀ ਊਲ-ਜਲੂਲ ਕਰਦੀਆਂ ਰਹਿਨੀਉਂ। ਫਟਾਫਟ ਦੱਸ, ਨਹੀਂ ਤਾਂ ਡੰਡਾ ਐ ਮੇਰੇ ਕੋਲ।”

“ਤੂੰ ਦੱਸ ਨੀਂ, ਕੀ ਕਹਿੰਦੀ ਸੀ ਤੈਨੂੰ ਇਹ? ਅਧਿਆਪਕਾ ਦਾ ਗੁੱਸਾ ਦੂਜੀ ਲੜਕੀ ਵੱਲ ਵੀ ਵਰ੍ਹ ਰਿਹਾ ਸੀ। ਉਹ ਵੀ ਅਧਿਆਪਕਾ ਦਾ ਗੁੱਸਾ ਵੇਖਕੇ ਬੋਲ ਨਾ ਸਕੀ।

“ਥੋਨੂੰ ਸ਼ਰਮ ਨ੍ਹੀਂ ਆਉਂਦੀ, ਹੁਣ ਬੋਲਦੀਆਂ ਕਿਉਂ ਨ੍ਹੀਂ? ਹਾਂ ਦੱਸ, ਨਹੀਂ ਮੈਂ ਤੈਨੂੰ ਜਮਾਤ ’ਚੋਂ ਬਾਹਰ ਕੱਢ ਦੂੰ, ਨਾਲੇ ਤੇਰੇ ਘਰਦਿਆਂ ਨੂੰ ਬੁਲਾ ਕੇ ਦੱਸੂੰ। ਜਲਦੀ ਕਰ ਨਹੀਂ ਤਾਂ।”


ਡੰਡਾ ਨੇੜੇ ਆਉਂਦਾ ਵੇਖਕੇ ਲੜਕੀ ਦੀਆਂ ਅੱਖਾਂ ਪਿਆਲਿਆਂ ਵਾਂਗ ਭਰ ਆਈਆਂ।

“ਮੈਡਮ ਜੀ, ਇਹ ਤਾਂ ਊਈਂ  ਕਰਦੀ ਐ, ਮੈਂ ਤਾਂ ਕਿਹਾ ਸੀ ਬੀ, ਮੈਡਮ ਜੀ ਤਾਂ ਮੈਨੂੰ ਮੇਰੀ ਮੰਮੀ ਵਰਗੇ ਲਗਦੇ ਐ। ਮੇਰੀ ਮੰਮੀ ਵਰਗਾ ਮੜ੍ਹੰਗੈ, ਮੇਰਾ ਜੀ ਕਰਦੈ ਗੋਦੀ ’ਚ ਬੈਠ ਜਾਂ। ਮੇਰੀ ਮੰਮੀ ਮਰੀ ਨੂੰ ਦੋ ਸਾਲ ਹੋਗੇ ਜੀ।”

ਭਰੇ ਹੋਏ ਗਲੇ ਨਾਲ ਬੋਲਦੀ ਕੁੜੀ ਦੀਆਂ ਅੱਖਾਂ ਵਿੱਚੋਂ ਤਰਿਪ-ਤਰਿਪ ਪਾਣੀ ਡਿੱਗਣ ਲੱਗਾ। ਬੱਚੀ ਦੀ ਗੱਲ ਸੁਣਕੇ ਮੈਡਮ ਦਾ ਡੰਡੇ ਵਾਲਾ ਹੱਥ ਇਕਦਮ ਢਿੱਲਾ ਪੈ ਗਿਆ। ਉਸਨੇ ਲੜਕੀ ਦੇ ਸਿਰ ਉੱਤੇ ਹੱਥ ਫੇਰਦਿਆਂ ਕਿਹਾ, “ਜਾ, ਆਪਣੀ ਜਗ੍ਹਾ ’ਤੇ ਬੈਠ ਜਾ।”

ਕੁਰਸੀ ਉੱਤੇ ਬੈਠਿਆਂ ਉਸਨੂੰ ਆਪਣਾ ਆਪ ਛੋਟਾ-ਛੋਟਾ ਤੇ ਬੋਝਲ ਜਾਪ ਰਿਹਾ ਸੀ।

ਜਮਾਤ ਵਿਚ ਬੈਠੇ ਛੋਟੇ-ਛੋਟੇ ਬੱਚੇ ਰਿਸ਼ੀ ਲੱਗ ਰਹੇ ਸਨ।

============
                               
ਅੰਦਰਲੀ ਗੱਲ

“ਆਂਟੀ ਜੀ!” ਸ਼ੁਸ਼ਮਾ ਨੇ ਅਵਾਜ ਦਿੰਦਿਆ ਦਰਵਾਜੇ ਦੀ ਬਾਹਰਲੀ ਜਾਲੀ ਵੀ ਖੜਕਾਈ।

“ਆਜਾ ਬੇਟਾ ਲੰਘਿਆ।” ਅਵਾਜ ਸੁਣਦਿਆਂ ਪਵਿੱਤਰ ਕੌਰ ਬੋਲੀ।

ਦੋਨਾਂ ਦੀਆਂ ਅਵਾਜ਼ਾਂ ਸੁਣਦਿਆਂ ਬੈੱਡ ’ਤੇ ਪਿਆ ਸੁੱਚਾ ਸਿੰਘ ਬੈਠਾ ਹੋ ਗਿਆ ਤੇ ਕਮਰੇ ਅੰਦਰੋਂ ਹੀ ਬੋਲਿਆ, “ਆਜੋ ਬੇਟਾ ਆਜੋ।”

ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿਚ ਇਸ ਰਿਟਾਇਰਡ ਜੋੜੇ ਦੀ ਅਵਾਜ ਆਪਣੇ ਕਿਰਾਏਦਾਰਾਂ ਲਈ ਆਮ ਦਿਨਾਂ ਨਾਲੋਂ ਕਾਫੀ ਮਿੱਠੀ ਸੁਰ ਵਾਲੀ ਹੋ ਜਾਂਦੀ ਹੈ।

“ਬੈਠੋ ਬੇਟਾ, ਸਭ ਠੀਕ ਐ?”

“ਹਾਂ ਆਂਟੀ ਜੀ।” ਸੁਸ਼ਮਾ ਨੇ ਮੁੱਠੀ ਵਿੱਚੋਂ ਕਿਰਾਏ ਦੇ ਪੈਸੇ  ਮਾਲਕਣ ਵੱਲ ਵਧਾਉਂਦਿਆਂ ਕਿਹਾ।

“ਤੇਰੀ ਸਿਹਤ ਕਿਮੇ ਐ, ਕੱਲ੍ਹ ਡਾਕਟਰ ਕੋਲ ਗਏ ਸੀ?” ਪਵਿੱਤਰ ਕੌਰ ਫਿਰ ਬੋਲੀ।

“ਬੱਸ! ਠੀਕ ਈ ਐ ਆਂਟੀ ਜੀ, ਦਵਾਈ ਲਈ ਜਾਨੇਂ ਆਂ।”

“ਕੋਈ ਨੀ ਕਰੂਗਾ ਵਾਹਿਗੁਰੂ ਭਲੀ, ਉਹਦੇ ਘਰ ਦੇਰ ਐ ਅੰਧੇਰ ਨੀ। ਮੈਂ ਤਾਂ ਤੇਰੇ ਅੰਕਲ ਨਾਲ ਵੀ ਕਈ ਵਾਰੀ ਗੱਲਾਂ ਕਰਦੀ ਆਂ, ਬੀ ਐਨੀ ਨਰਮ ਕੁੜੀ ਐ ਬਿਚਾਰੀ, ਕੈਅ ਸਾਲ ਹੋਗੇ ਰੱਬ ਕੰਨੀ ਝਾਕਦੀ ਨੂੰ। ਕਈਆਂ ਦੇ ਤਾਂ ਊਂਈ ਸਿੱਟੀ ਜਾਂਦੈ ਰੋੜਿਆਂ ਬਾਂਗੂ। ਨਾਲੇ ਬੇਟਾ ਆਪਣਾ ਲਛਮਣ ਜਦੋਂ ਦਾ ਬਠਿੰਡੇ ਰਹਿਣ ਲੱਗਿਐ, ਸਾਡਾ ਤਾਂ ਆਪ ਨੀ ਜੀਅ ਲੱਗਦਾ ਜੁਆਕਾਂ ਬਿਨਾਂ।”

“ਆਂਟੀ, ਥੋਨੂੰ ਤਾਂ ਪਤਾ ਈ ਐ ਮੇਰੇ ਸਾਰੇ ਟੈਸਟ ਵੀ ਠੀਕ ਆਏ ਨੇ, ਇਨ੍ਹਾਂ ਦੇ ਟੈਸਟ ਕੀਤੇ ਐ, ਡਾਕਟਰ ਕਹਿਦਾ ਇਹਨਾਂ ਨੂੰ ਹਾਲੇ ਕੁਛ ਚਿਰ ਹੋਰ ਦਵਾਈ ਖਾਣੀ ਪਊ। ਥੋਡੇ ਕੋਲ ਤਾਂ ਢਿੱਡ ਹੌਲਾ ਕਰ ਲੈਨੀ ਆਂ, ਹਰੇਕ ਨੂੰ ਤਾਂ ਦੱਸੀ ਵੀ ਨ੍ਹੀਂ ਜਾਂਦੀ ਅੰਦਰਲੀ ਗੱਲ।”

“ਚੱਲ ਕੋਈ ਨੀ ਧੀਏ, ਕਰੂ ਰਾਮ ਭਲੀ। ਜਾਂਦੀ ਹੋਈ ਜਾਲੀ ਭੇੜ ਜੀਂ।”

ਉੱਠ ਕੇ ਪਤੀ ਵਾਲੇ ਕਮਰੇ ਅੰਦਰ ਵੜਦਿਆਂ ਪੈਸੇ ਅਲਮਾਰੀ ਵਿੱਚ ਸਾਂਭਦਿਆਂ ਪਵਿੱਤਰ ਕੌਰ ਬੋਲੀ, “ਦੇਖਲੋ ਬਿਚਾਰੀ ਕਿੰਨੀ ਕੂਨੀ ਐ। ਦੋਵੇਂ ਜਣੇ ਚੁੱਪ ਜਿਹੇ ਬੈਠੇ ਰਹਿੰਦੇ ਐ। ਨਾ ਖੜਕਾ ਨਾ ਦੜਕਾ। ਸਵੇਰੇ ਡਿਊਟੀਆਂ ’ਤੇ ਚਲੇ ਜਾਂਦੇ ਐ, ਆਥਣੇ ਘਰੇ ਵੜਦੇ ਐ। ਕਮਰੇ ’ਚ ਬੈਠਿਆਂ ਦਾ ਪਤਾ ਵੀ ਨੀ ਲਗਦਾ।”

“ਆਹੀ ਤਾਂ ਗੱਲ ਐ, ਓਹ ਪਹਿਲਿਆਂ ਦੇ ਤਾਂ ਜਵਾਕ  ਨੀ ਸੀ ਟਿਕਣ ਦਿੰਦੇ। ਤਿੰਨ-ਚਾਰ ਸੀ, ਸਾਲੇ ਧਮੱਚੜ ਪਾਈ ਰੱਖਦੇ। ਐਤਕੀਂ ਇਸੇ ਕਰਕੇ ਸੋਚਕੇ ਦਿੱਤੈ ਮਕਾਨ ਕਿਰਾਏ ’ਤੇ।”

“ਚੰਗਾ ਹੋਲੀ ਬੋਲ, ਐਵੇਂ ਕਈ ਵਾਰੀ ਅਗਲਾ ਸੁਣ ਲੈਂਦੈ ਅੰਦਰ ਦੀ ਗੱਲ।”

ਪਵਿੱਤਰ ਕੌਰ ਨੇ ਬਾਰੀ ਵਿੱਚੋਂ ਦੀ ਬਾਹਰ ਬਿੜਕ ਜਿਹੀ ਲੈਂਦਿਆਂ ਕਿਹਾ।

============

ਨਿਜੜੇ

ਬਿਸ਼ਨੇ ਦੇ ਦੋਵੇਂ ਪੁੱਤ ਡੇਰੇ ਦੇ ਵਿਹੜੇ ਵਿਚ ਪਿੱਪਲ ਹੇਠਾਂ ਮੰਜੇ ਉੱਤੇ ਪਏ ਬਿਸ਼ਨੇ ਕੋਲ ਆ ਕੇ ਚੁੱਪ ਖੜੋ ਗਏ। ਨੂੰਹਾਂ ਨੇ ਮੰਜੇ ਦੀਆਂ ਪੈਂਦਾਂ ਵੱਲ ਹੋ ਕੇ ਬਿਸ਼ਨੇ ਦੇ ਪੈਰ ਛੁੰਹਦਿਆਂ ਹੌਲੀ ਜਿਹੀ ਕਿਹਾ, “ਮੱਥਾ ਟੇਕਦੀ ਆਂ ਬਾਬਾ ਜੀ।”

ਬਿਸ਼ਨਾ ਚੁੱਪ ਪਿਆ ਰਿਹਾ।

“ਕਿਮੇ ਠੀਕ ਓਂ ਬਾਬਾ ਜੀ?” ਛੋਟੀ ਨੂੰਹ ਬੋਲੀ।

“ਠੀਕ-ਠੂਕ ਤਾਂ ਇਹੋ ਜਾ ਈ ਐ ਭਾਈ, ਚਾਰ-ਪੰਜ ਦਿਨ ਹੋਗੇ, ਤਾਪ ਚੜ੍ਹਦਾ ਰਿਹੈ। ਰੋਟੀ ਵੀ ਘੱਟ ਈ ਖਾਂਦੈ। ਸੰਤਾਂ ਨੇ ਪੁੜੀਆਂ ਦਿੱਤੀਐਂ, ਅੱਜ ਕੁਝ ਫਰਕ ਐ,” ਕੋਲ ਬੈਠਾ ਚੇਲਾ ਬੋਲਿਆ, “ਬਿਸ਼ਨ ਸਿਆਂ , ਤੈਨੂੰ ਲੈਣ ਆਏ ਐ।”

“ਮੈਨੂੰ ਪਤੈ ਮੇਰੇ ਜੰਮਿਆਂ ਦਾ, ਬੱਸ। ਹੁਣ ਐਥੇ ਈ ਭਲਾ ਐਂ ਜਿਹੜਾ ਟੈਮ ਲੰਘੀ ਜਾਂਦੈ, ਬਥੇਰੀ ਹੋ ਲੀ।” ਬਿਸ਼ਨਾ ਪਿਆ-ਪਿਆ ਬੋਲਿਆ।
“ਤੂੰ ਕਹੀ ਤਾਂ ਜਾਨੈਂ, ਪਰ ਬੈਠਾ ਆਵਦੀ ਅੜੀ ’ਚ ਐਵੇਂ ਐਥੇ।” ਛੋਟਾ ਮੁੰਡਾ ਬੋਲਿਆ।

“ਅੱਛਾ! ਅੱਜ ਤੁਸੀਂ ਆਹ ਕਹਿਨੇਂ ਓਂ । ਪਿਛਲੇ ਵਰ੍ਹੇ ਜਦੋਂ ਮੇਰੇ ਪਿੱਛੇ ਕਾਟੋ-ਕਲੇਸ਼ ਹੁੰਦਾ ਸੀ,ਆਹ ਵੱਡਾ ਆ ਕੇ ਕਹਿ ਗਿਆ ਸੀ, ਅਸੀਂ ਤਾਂ ਨੌਕਰੀਆਂ ਵਾਲੇ ਆਂ, ਦਿਨ ਚੜ੍ਹਦੇ ਨੂੰ ਨਿਕਲ ਜਾਨੇਂ ਆਂ, ਟਿੱਕੀ ਛਿਪੀ ਤੋਂ ਘਰ ਵੜਦੇ ਆਂ। ਨਾਲੇ ਤੂੰ ਵੀ ਤਾਂ ਕਿਹਾ ਸੀ, ਮੈਂ ਕੱਲਾ ਜਣਾ ਕਿੱਧਰ-ਕਿੱਧਰ ਹੋਵਾਂ? ਫੇਰ ਮੇਰਾ ਤਾਂ ਕੋਈ ਨਾ ਬਣਿਆ, ਓਹ ਉਤਲੈ ਮੇਰਾ ਤਾਂ , ਜਾਂ ਫੇਰ ਆਹ ਭਗਤ ਨੇ ਵਿਚਾਰੇ, ਜਿਨ੍ਹਾਂ ਕੋਲ ਤੜਕੇ-ਆਥਣੇ ਰੋਟੀ ਦੀ ਬੁਰਕੀ ਖਾਈਦੀ ਐ।ਬਾਕੀ ਥੋਨੂੰ ਦੋਹਾਂ ਨੂੰ ਹਿੱਸਾ ਦਿੱਤਾ ਹੋਇਐ, ਆਵਦੇ ਹਿੱਸੇ ਆਲੀ ਜਮੀਨ ਮੈਂ ਡੇਰੇ ਦੇ ਨਾਂ ਕਰਾਉਣੀ ਐ, ਥੋਨੂੰ ਤਾਂ ਕੋਈ ’ਤਰਾਜ ਨ੍ਹੀਂ?” ਬਿਸ਼ਨੇ ਨੇ ਮੁੰਡਿਆਂ ਨੂੰ ਕਿਹਾ।

“ਬੱਸ ਆਹੀ ਕਸਰ ਰਹਿੰਦੀ ਐ,” ਛੋਟਾ ਮੁੰਡਾ ਤਿੜਕ ਕੇ ਬੋਲਿਆ।

“ਕਿਉਂ? ਅਸੀਂ ਤੇਰੇ ਧੀਆਂ-ਪੁੱਤ ਨ੍ਹੀਂ, ਬਾਬਾ ਜੀ, ਸੁੱਖੀ-ਸਾਂਦੀ ਤੇਰੇ ਸਭ ਕੁਛ ਐ। ਜਿਉਂਦੇ ਰਹਿਣ ਤੇਰੇ ਪੋਤੇ-ਪੋਤੀਆਂ, ਤੇਰੇ ਵਾਰਸ ਨੇ। ਡੇਰੇ-ਗੁਰਦੁਆਰਿਆਂ ਨੂੰ ਤਾਂ ਔਤਾਂ ਦੀ ਜੈਦਾਤ ਜਾਂਦੀ ਐ। ਜੇ ਤੂੰ ਸਾਨੂੰ ਜਿਉਂਦਿਆਂ ਨੂੰ ਈ ਮਾਰਨੈ ਤਾਂ ਤੇਰੀ ਮਰਜੀ।” ਵੱਡੀ ਨੂੰਹ ਗੱਲ ਸੁਣਦਿਆਂ ਪੂਰੇ ਗੁੱਸੇ ਨਾਲ ਬੋਲੀ।

“ਭਾਈ ਸੁਰਜੀਤ ਕੁਰੇ, ਮੈਂ ਜੰਮੇ-ਪਾਲੇ ਤਾਂ ਜਿਉਂਦਿਆਂ ’ਚ ਰਹਿਣ ਨੂੰ ਹੀ ਸੀ, ਨਾਲੇ ਆਹ ਔਤ ਵਾਲਾ ਟੱਪਾ ਤੂੰ ਤਾਂ ਅੱਜ ਕ੍ਹੈਨੀਂ ਐਂ, ਮੈਨੂੰ ਤਾਂ ਡੂਢ ਸਾਲ ਹੋ ਗਿਆ ਸੁਣਦੇ ਨੂੰ , ਜਦੋਂ ਦਾ ਡੇਰੇ ਵਾਲਿਆਂ ਕੋਲ ਮੰਜੇ ’ਚ ਪਿਆ ਦਿਨ ਕਟੀ ਕਰਦਾਂ।” ਕਹਿੰਦਿਆਂ ਬਿਸ਼ਨ ਸਿੰਘ ਦੀਆਂ ਅੱਖਾਂ ਦੇ ਡੇਲਿਆਂ ਵਿੱਚੋਂ ਪਾਣੀ ਸਿੰਮ ਆਇਆ ਤੇ ਲੰਮਾ ਹਉਕਾ ਭਰਦਿਆਂ ਉਹ ਚੁੱਪ ਹੋ ਗਿਆ।
    

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Able Signature of Mini Kahani Darshan Joga