ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੂਰਨ ਬ੍ਰਹਮ ਗਿਆਨੀ ਤੇ ਅਧਿਆਤਮਕ ਮੰਡਲਾਂ ਦੇ ਵਾਸੀ ਸੰਤ ਅਤਰ ਸਿੰਘ ਮਸਤੂਆਣਾ

ਪੂਰਨ ਬ੍ਰਹਮ ਗਿਆਨੀ ਤੇ ਅਧਿਆਤਮਕ ਮੰਡਲਾਂ ਦੇ ਵਾਸੀ ਸੰਤ ਅਤਰ ਸਿੰਘ ਮਸਤੂਆਣਾ

ਅੱਜ ਜਨਮ ਦਿਨ ’ਤੇ ਵਿਸ਼ੇਸ਼

*************************

ਪੂਰਨ ਬ੍ਰਹਮ ਗਿਆਨੀ,ਅਧਿਆਤਮਕ ਮੰਡਲਾਂ ਦੇ ਵਾਸੀ ਤੇ ਅਗੰਮੀ ਜੋਤਿ, ਸੰਤ ਬਾਬਾ ਅਤਰ ਸਿੰਘ ਦਾ ਜਨਮ 28 ਮਾਰਚ 1866 ਈ. ਨੂੰ ਬਾਬਾ ਕਰਮ ਸਿੰਘ ਦੇ ਘਰ ਮਾਤਾ ਭੋਲੀ ਦੀ ਕੁੱਖੋਂ ਪਿੰਡ ਚੀਮਾ, ਜ਼ਿਲ੍ਹਾ ਸੰਗਰੂਰ (ਪਹਿਲਾਂ ਜੀਂਦ ਸਟੇਟ) ਵਿਖੇ ਹੋਇਆ। ਬਚਪਨ ਤੋਂ ਹੀ ਆਪ ਵਿੱਚ ਭਵਿੱਖ ਦੀਆਂ ਮਹਾਨਤਾਵਾਂ ਝਲਕਣ ਲੱਗ ਪਈਆਂ ਸਨ, ਕਿਉਂਕਿ ਉਹ ਅਕਸਰ ਘਰ ਦੇ ਇੱਕ ਕੋਨੇ ਵਿੱਚ ਬੈਠ ਕੇ ਪ੍ਰਭੂ- ਭਗਤੀ ਕਰਦੇ ਰਹਿੰਦੇ ਸਨ।

 

 

ਪੰਜ ਸਾਲ ਦੀ ਉਮਰ ਤੱਕ ਉਹ ਲੰਮਾ ਸਮਾਂ ਬੰਦਗੀ ਵਿੱਚ ਲੀਨ ਰਹਿੰਦੇ ਰਹੇ। ਸੱਤ ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਪਿੰਡ ਦੇ ਸਕੂਲ 'ਚੋਂ ਵਿੱਦਿਆ- ਪ੍ਰਾਪਤੀ ਲਈ ਭੇਜਿਆ ਗਿਆ, ਪਰ ਉਨ੍ਹਾਂ ਨੇ ਸਤਿਕਾਰ ਸਹਿਤ ਜਵਾਬ ਦਿੱਤਾ ਕਿ ਉਹ ਸਿਰਫ ਉਸੇ ਵਿੱਦਿਆ ਨੂੰ ਪ੍ਰਾਪਤ ਕਰੇਗਾ, ਜੋ ਸੱਚ ਦੀ ਪ੍ਰਾਪਤੀ ਤੱਕ ਜਾਂਦੀ ਹੈ। ਕੁਝ ਚਿਰ ਪਿੱਛੋਂ ਪਿਤਾ ਨੇ ਇਸ ਸੰਤ- ਸੁਭਾਅ ਬੱਚੇ ਨੂੰ ਪਸ਼ੂ ਚਾਰਨ ਭੇਜਿਆ। ਬਾਲਕ ਅਤਰ ਸਿੰਘ ਜਦੋਂ ਗਾਵਾਂ- ਮੱਝਾਂ ਲੈ ਕੇ ਬਾਹਰ ਜਾਂਦਾ ਤਾਂ ਕਦੇ ਸੋਟੀ ਦੀ ਵਰਤੋਂ ਨਹੀਂ ਸੀ ਕਰਦਾ। ਖੇਤਾਂ ਵਿੱਚ ਵੀ ਉਹ ਪ੍ਰਭ- ਭਗਤੀ ਕਰਦਾ ਰਹਿੰਦਾ ਅਤੇ ਦੂਜੇ ਮੁੰਡਿਆਂ ਨੂੰ ਵੀ ਇਉਂ ਕਰਨ ਲਈ ਪ੍ਰੇਰਦਾ। ਇੱਕ ਵਾਰ ਉਹ ਖੇਤਾਂ ਵਿੱਚ ਇੱਕ ਰੁੱਖ ਹੇਠਾਂ ਸੁੱਤਾ ਪਿਆ ਸੀ, ਤਾਂ ਉੱਥੋਂ ਲੰਘਦੇ ਇੱਕ ਸਾਧੂ ਨੇ ਉਹਦੇ ਪੈਰਾਂ ਵਿੱਚ 'ਪਦਮ' ਵੇਖਿਆ। ਸਾਧੂ ਨੇ ਇਸ ਬੱਚੇ ਦੇ ਪੈਰਾਂ ਤੇ ਸ਼ਰਧਾ ਨਾਲ ਮੱਥਾ ਟੇਕਿਆ ਅਤੇ ਭਵਿੱਖਬਾਣੀ ਕੀਤੀ, "ਇਹ ਬੱਚਾ ਇੱਕ ਦਿਨ ਬਹੁਤ ਵੱਡੀ ਸ਼ਖ਼ਸੀਅਤ ਬਣੇਗਾ ਅਤੇ ਰਾਜੇ- ਮਹਾਰਾਜੇ ਇਸ ਨੂੰ ਸੀਸ ਝੁਕਾਇਆ ਕਰਨਗੇ।"

 

 

ਬਾਲਗ ਅਵਸਥਾ ਵਿੱਚ ਸੰਤ ਜੀ ਗਰੀਬਾਂ ਨੂੰ ਭੋਜਨ ਛਕਾਉਣ ਅਤੇ ਸਾਥੀਆਂ ਨਾਲ ਹਰ ਚੀਜ਼ ਵੰਡ ਕੇ ਖਾਣ ਦੇ ਇੱਛੁਕ ਸਨ। ਉਹ ਆਪਣੇ ਮਾਪਿਆਂ ਦੀ ਆਗਿਆ ਦਾ ਪਾਲਣ ਕਰਦੇ, ਘਰ ਅਤੇ ਖੇਤਾਂ ਵਿੱਚ ਕਰਨ ਵਾਲੇ ਸਾਰੇ ਕੰਮਾਂ ਵੱਲ ਪੂਰਾ ਧਿਆਨ ਦਿੰਦੇ। ਪਰ ਇਕੱਲਤਾ ਵਿੱਚ ਬੈਠ ਕੇ ਬੰਦਗੀ ਲਈ ਸਮਾਂ ਜ਼ਰੂਰ ਕਢਦੇ। ਪਿਤਾ ਕਰਮ ਸਿੰਘ ਨੂੰ ਬੱਚੇ ਦਾ ਇਹ ਰਵੱਈਆ ਪਸੰਦ ਨਹੀਂ ਸੀ ਅਤੇ ਕਈ ਵਾਰ ਉਨ੍ਹਾਂ ਨੇ ਬੱਚੇ ਨੂੰ ਸਮਝਾਇਆ ਵੀ ਸੀ।

 

 

ਇੱਕ ਦਿਨ ਉਨ੍ਹਾਂ ਨੇ ਆਪਣੀ ਮਾਂ ਤੋਂ ਫ਼ੌਜ ਵਿੱਚ ਭਰਤੀ ਹੋਣ ਦੀ ਆਗਿਆ ਲਈ ਅਤੇ 1885 ਵਿੱਚ ਫ਼ੌਜ ਵਿੱਚ ਭਰਤੀ ਹੋ ਗਏ। ਸੰਤ ਜੀ ਨੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਕੇ ਮਾਂ ਨੂੰ ਸੁਨੇਹਾ ਭੇਜਿਆ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਵਿਆਹ ਦੇ ਬੰਧਨ ਵਿੱਚ ਨਹੀਂ ਪਾਇਆ। ਉਨ੍ਹਾਂ ਨੇ ਸੰਤ ਜੋਧ ਸਿੰਘ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ,ਜੋ ਫੌਜੀ ਗੁਰਦੁਆਰੇ ਵਿੱਚ ਗ੍ਰੰਥੀ ਸਨ। ਫ਼ੌਜ ਵਿੱਚ ਰਹਿੰਦਿਆਂ ਉਨ੍ਹਾਂ ਦਾ ਵਧੇਰੇ ਸਮਾਂ ਧਾਰਮਿਕ ਪੁਸਤਕਾਂ ਪੜ੍ਹਨ ਅਤੇ ਬੰਦਗੀ ਵਿਚ ਬਤੀਤ ਹੁੰਦਾ, ਪਰ ਉਹ ਡਿਊਟੀ ਸਮੇਂ ਪੂਰਨ ਤੌਰ ਤੇ ਅਨੁਸ਼ਾਸਨ ਵਿੱਚ ਰਹਿੰਦੇ ਸਨ।

 

 

ਸੰਤ- ਸਿਪਾਹੀ ਬਾਬਾ ਅਤਰ ਸਿੰਘ ਨੇ ਫ਼ੌਜ ਤੋਂ ਛੁੱਟੀ ਲਈ ਅਤੇ ਦਿਲ ਦੀ ਇੱਛਾ ਪੂਰੀ ਕਰਨ ਲਈ ਡੇਰਾ ਗਾਜ਼ੀ ਖਾਨ ਤੋਂ ਹਜ਼ੂਰ ਸਾਹਿਬ (ਨੰਦੇੜ) ਲਈ ਚੱਲ ਪਏ। ਉਨ੍ਹਾਂ ਨੇ ਕਈ ਸੈਂਕੜੇ ਮੀਲ ਦਾ ਸਫ਼ਰ ਤੈਅ ਕਰਨ ਪਿੱਛੋਂ ਹਜ਼ੂਰ ਸਾਹਿਬ ਵਿਖੇ ਗੋਦਾਵਰੀ ਦੇ ਕੰਢੇ ਦੋ ਸਾਲ ਦਿਨ- ਰਾਤ ਭਗਤੀ ਕੀਤੀ। ਇਸ ਭਗਤੀ ਤੋਂ ਉਨ੍ਹਾਂ ਨੂੰ ਇੰਨਾਂ ਆਨੰਦ ਮਿਲਿਆ ਕਿ ਉਹ ਕਈ ਹਫਤੇ ਬਿਨਾਂ ਕੁਝ ਖਾਧੇ ਵੀ ਲੰਘਾ ਦਿੰਦੇ। ਉਨ੍ਹਾਂ ਨੇ ਨਾ ਤਾਂ ਭੋਜਨ ਦੀ ਇੱਛਾ ਪ੍ਰਗਟ ਕੀਤੀ ਤੇ ਨਾ ਹੀ ਕਿਧਰੇ ਖਾਣ ਲਈ ਗਏ।

 

 

ਇੱਥੇ ਹੀ ਇੱਕ ਸ਼ਰਧਾਲੂ ਨੇ ਉਨ੍ਹਾਂ ਨੂੰ ਕੁਝ ਧਨ ਭੇਟ ਕੀਤਾ ਪਰ ਉਨ੍ਹਾਂ ਨੇ ਇਸ ਨੂੰ ਇੱਕ ਟੋਏ ਵਿੱਚ ਦਬਾ ਦਿੱਤਾ। ਉਨ੍ਹਾਂ ਨੇ ਗੋਦਾਵਰੀ ਦੇ ਨਗੀਨਾ ਘਾਟ, ਬੰਦਾ ਘਾਟ, ਗੌਤਮ ਘਾਟ ਤੇ ਸ਼ਿਕਾਰ ਘਾਟ ਤੇ ਵੀ ਬੰਦਗੀ ਕੀਤੀ। ਇੱਕ ਵਾਰ ਸੰਤ ਜੀ ਨੇ ਸੰਸਾਰਕ ਮੋਹ- ਮਾਇਆ ਤੋਂ ਪਿੱਛਾ ਛੁਡਾਉਣ ਲਈ ਖੁਦ ਨੂੰ ਗੋਦਾਵਰੀ ਵਿੱਚ ਸੁੱਟ ਦਿੱਤਾ, ਤਾਂ ਜੋ ਮੱਛੀਆਂ ਅਤੇ ਜਲ- ਜੀਵ ਉਨ੍ਹਾਂ ਨੂੰ ਖਾ ਜਾਣ। ਪਰ ਰੂਹਾਨੀ ਸ਼ਕਤੀ ਨੇ ਉਨ੍ਹਾਂ ਨੂੰ ਪਾਣੀ 'ਚੋਂ ਕੱਢ ਕੇ ਕੰਢੇ ਤੇ ਲੈ ਆਂਦਾ ਅਤੇ ਉਨ੍ਹਾਂ ਦੇ ਕੰਨਾਂ ਵਿੱਚ ਆਵਾਜ਼ ਆਈ," ਤੁਸੀਂ ਮਾਨਵਤਾ ਲਈ ਅਜੇ ਬਹੁਤ ਕੁਝ ਕਰਨਾ ਹੈ..."

 

 

ਇੱਕ ਦਿਨ ਸੰਤ ਜੀ ਗੋਦਾਵਰੀ ਦੇ ਨਾਲ- ਨਾਲ ਪੰਜ ਮੀਲ ਅੱਗੇ ਲੰਘ ਗਏ ਅਤੇ ਸੱਤ ਦਿਨ ਡੂੰਘੇ ਪਾਣੀ ਵਿੱਚ ਬੈਠ ਕੇ ਬਿਨਾਂ ਕੁਝ ਖਾਧਿਆਂ ਪ੍ਰਭੂ- ਭਗਤੀ ਕਰਦੇ ਰਹੇ। ਛੇਵੀਂ ਰਾਤ ਹਜ਼ੂਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਨਾਨੂੰ ਸਿੰਘ ਨੂੰ ਸੁਪਨਾ ਆਇਆ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਉਨ੍ਹਾਂ(ਗੁਰੂ) ਦੇ ਪਰਮ- ਭਗਤ ਲਈ ਖਾਣਾ ਲੈ ਕੇ ਨਦੀ ਤੇ ਜਾਵੇ। ਭਾਈ ਨਾਨੂੰ ਸਿੰਘ ਨੇ ਉਵੇਂ ਹੀ ਕੀਤਾ ਪਰ ਉਨ੍ਹਾਂ ਨੂੰ ਚਾਰ ਮੀਲ ਤੱਕ ਕੋਈ ਨਾ ਦਿੱਸਿਆ, ਤਾਂ ਉਹ ਨਿਰਾਸ਼ ਪਰਤ ਆਏ। ਉਸ ਰਾਤ ਫੇਰ ਸੁਪਨਾ ਆਇਆ ਕਿ ਉਹ ਕੁਝ ਹੋਰ ਅੱਗੇ ਜਾਵੇ ਤਾਂ ਅਗਲੀ ਸਵੇਰ ਭਾਈ ਜੀ ਨੇ ਸੰਤ ਜੀ ਨੂੰ ਲੱਭ ਕੇ ਭੋਜਨ ਪੇਸ਼ ਕੀਤਾ,ਪਰ ਸੰਤ ਜੀ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਜਦੋਂ ਭਾਈ ਜੀ ਨੇ ਉਨ੍ਹਾਂ ਨੂੰ ਰੱਬੀ- ਹੁਕਮ ਬਾਰੇ ਦੱਸਿਆ ਤਾਂ ਸੰਤ ਜੀ ਨੇ ਇਸ ਸ਼ਰਤ ਤੇ ਖਾਣਾ ਖਾ ਲਿਆ ਕਿ ਉਹ ਇਹ ਗੱਲ ਕਿਸੇ ਹੋਰ ਨੂੰ ਨਾ ਦੱਸਣ।

 

 

ਹਜ਼ੂਰ ਸਾਹਿਬ ਤੋਂ ਆਪ ਸੰਘਣੇ ਜੰਗਲਾਂ ਰਾਹੀਂ ਹਰਿਦੁਆਰ, ਅਤੇ ਰਿਸ਼ੀਕੇਸ਼ ਨੂੰ ਚੱਲ ਪਏ। ਰਿਸ਼ੀਕੇਸ਼ ਦੇ ਜੰਗਲਾਂ ਵਿੱਚ ਸ਼ੇਰ, ਚੀਤੇ ਆਦਿ ਰਹਿੰਦੇ ਸਨ, ਪਰ ਸੰਤ ਜੀ ਉਥੇ ਸਮਾਧੀ ਲਾ ਕੇ ਬਹਿ ਗਏ। ਕਿਸੇ ਜੰਗਲੀ- ਜੀਵ ਨੇ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ। ਉਹ ਕਰੀਬ ਇੱਕ ਸਾਲ ਇਨ੍ਹਾਂ ਜੰਗਲਾਂ ਵਿੱਚ ਰਹੇ।

 

 

ਸੰਤ ਜੀ ਨੇ ਬੜੂ, ਸਿਆਲਕੋਟ, ਅੰਮ੍ਰਿਤਸਰ ਵਿਖੇ ਵੀ ਭਗਤੀ ਕੀਤੀ ਤੇ ਫਿਰ ਚੀਮਾ ਪਿੰਡ ਆ ਗਏ। ਤਿੰਨ ਮਹੀਨੇ ਪਿੱਛੋਂ ਉਨ੍ਹਾਂ ਨੇ ਚੀਮਾ ਵੀ ਛੱਡ ਦਿੱਤਾ। ਇਸ ਦੌਰਾਨ ਫ਼ੌਜ- ਪ੍ਰਸ਼ਾਸਨ ਨੇ ਉਨ੍ਹਾਂ ਦੀ ਭਾਲ ਕੀਤੀ ਤਾਂ ਉਨ੍ਹਾਂ ਨੇ ਖੁਦ ਪ੍ਰਸ਼ਾਸਨ ਕੋਲ ਜਾ ਕੇ ਸੇਵਾ- ਮੁਕਤੀ ਦੀ ਬੇਨਤੀ ਕੀਤੀ। ਅਧਿਕਾਰੀਆਂ ਨੇ ਉਨ੍ਹਾਂ ਨੂੰ ਨੌਕਰੀ ਨਾ ਛੱਡਣ ਲਈ ਬਥੇਰਾ ਜ਼ੋਰ ਲਾਇਆ, ਪਰ ਆਖਰਕਾਰ ਅਧਿਕਾਰੀਆਂ ਨੂੰ ਸੰਤ ਜੀ ਦੀ ਗੱਲ ਮੰਨਣੀ ਪਈ।

 

 

ਇਉਂ ਵੱਖ- ਵੱਖ ਥਾਵਾਂ ਤੇ ਪ੍ਰਭੂ- ਭਗਤੀ, ਨਾਮ- ਬਾਣੀ, ਅੰਮ੍ਰਿਤ- ਸੰਚਾਰ ਕਰਦੇ ਹੋਏ ਸੰਤ ਅਤਰ ਸਿੰਘ ਜੀ ਮਸਤੂਆਣਾ ਆ ਬਿਰਾਜੇ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਸ ਧਰਤੀ ਤੇ ਗੁਰੂ ਨਾਨਕ ਅਤੇ ਹੋਰ ਗੁਰੂਆਂ/ ਸੰਤਾਂ ਦੇ ਚਰਨ ਪਏ ਹਨ। 1901 ਤੋਂ 1925 ਤੱਕ ਉਨ੍ਹਾਂ ਨੇ ਇਸ ਇਲਾਕੇ ਨੂੰ ਧਾਰਮਿਕ ਅਤੇ ਵਿੱਦਿਅਕ ਪੱਖੋਂ ਖ਼ੁਸ਼ਹਾਲ ਕਰ ਦਿੱਤਾ। 1906 ਵਿੱਚ ਪਹਿਲਾਂ ਲੜਕੀਆਂ ਦਾ ਸਕੂਲ, ਫਿਰ ਲੜਕਿਆਂ ਦਾ ਸਕੂਲ ਅਤੇ 1913 ਵਿੱਚ ਅਕਾਲ ਡਿਗਰੀ ਕਾਲਜ ਆਰੰਭ ਕਰਕੇ ਵਿੱਦਿਆ ਦਾ ਅਜਿਹਾ ਪ੍ਰਵਾਹ ਤੋਰਿਆ,ਜੋ ਅੱਜ ਤੱਕ ਨਿਰੰਤਰ ਜਾਰੀ ਹੈ। (2016 ਦੇ ਅੰਕੜਿਆਂ ਅਨੁਸਾਰ ਪੰਜਾਬ 'ਚ ਅਕਾਲ ਅਕੈਡਮੀਆਂ ਦੀ ਗਿਣਤੀ ਇੱਕ ਸੈਂਕੜੇ ਦੇ ਕਰੀਬ ਸੀ। ਅਕਾਲ ਕਾਲਜ ਅਤੇ ਯੂਨੀਵਰਸਿਟੀਆਂ ਇਸ ਤੋਂ ਵੱਖਰੇ ਹਨ।)

 

 

1911 ਵਿੱਚ ਕਿੰਗ ਜਾਰਜ ਪੰਜਵਾਂ ਦਿੱਲੀ ਆਇਆ ਤਾਂ ਉਹਦੇ ਸਵਾਗਤ ਲਈ ਰਾਜਿਆਂ, ਮਹਾਰਾਜਿਆਂ ਅਤੇ ਸਿੱਖ- ਰਾਜਿਆਂ ਨੂੰ ਵੀ ਸੱਦਾ ਭੇਜਿਆ ਗਿਆ।ਸਿੱਖ ਰਾਜਿਆਂ ਨੇ ਸੰਤ ਜੀ ਨੂੰ ਬੇਨਤੀ ਕੀਤੀ ਕਿ ਸਿੱਖ ਜਲੂਸ ਦੀ ਅਗਵਾਈ ਉਹ (ਸੰਤ ਜੀ) ਕਰਨ। ਉੱਥੇ ਸੰਤ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 856 ਤੇ ਦਰਜ ਇਹ ਸ਼ਬਦ ਉਚਾਰਨ ਕੀਤਾ," ਕੋਊ ਹਰਿ ਸਮਾਨ ਨਹੀ ਰਾਜਾ॥ ਇਹ ਭੂਪਤਿ ਸਭ ਦਿਵਸੁ ਚਾਰਿ ਕੇ ਝੂਠੇ ਕਰਤਿ ਦਿਵਾਜਾ ॥" ਕਿੰਗ ਜਾਰਜ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੂੰ ਕਹਿਣਾ ਪਿਆ, "ਜੇ ਸਾਡੇ ਕੋਲ ਤੁਹਾਡੇ ਵਰਗੀ ਸ਼ਖਸੀਅਤ ਹੁੰਦੀ, ਤਾਂ ਅਸੀਂ ਸਾਰੀ ਦੁਨੀਆਂ ਨੂੰ ਈਸਾਈ ਬਣਾ ਲੈਣਾ ਸੀ।"

 

 

1920 ਦੇ ਆਸਪਾਸ ਸੰਤ ਜੀ ਤਲਵੰਡੀ ਸਾਬੋ (ਦਮਦਮਾ ਸਾਹਿਬ) ਪਹੁੰਚੇ ਅਤੇ ਇਥੇ ਪਵਿੱਤਰ ਸਰੋਵਰ ਦਾ ਨਿਰਮਾਣ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਅੱਜਕੱਲ੍ਹ ਇੱਥੇ ਗੁਰਮਤਿ ਦੀ ਵੱਡੀ ਟਕਸਾਲ ਅਤੇ ਬੁੰਗਾ ਮਸਤੂਆਣਾ ਸੁਸ਼ੋਭਿਤ ਹੈ। 1914 ਵਿੱਚ ਆਪ ਨੇ ਭਾਰਤ ਦੇ ਵੱਡੇ ਸਮਾਜ- ਸੁਧਾਰਕ ਪੰਡਿਤ ਮਦਨ ਮੋਹਨ ਮਾਲਵੀਆ ਦੀ ਬੇਨਤੀ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ।

 

 

ਸੰਤ ਅਤਰ ਸਿੰਘ ਨੇ ਪੋਠੋਹਾਰ, ਸਿੰਧ ਅਤੇ ਮਾਲਵੇ ਦੇ ਇਲਾਕੇ ਵਿੱਚ ਬਾਰਾਂ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਉਨ੍ਹਾਂ ਨੇ ਸਿੱਖ ਵਿੱਦਿਅਕ ਕਾਨਫ਼ਰੰਸਾਂ ਵਿੱਚ ਵਧ- ਚੜ੍ਹ ਕੇ ਹਿੱਸਾ ਲਿਆ ਅਤੇ ਧਾਰਮਿਕ ਤੇ ਦੁਨਿਆਵੀ ਵਿੱਦਿਆ ਦਾ ਪ੍ਰਚਾਰ-ਪ੍ਰਸਾਰ ਕੀਤਾ।

 

 

2 ਫਰਵਰੀ 1927 ਨੂੰ ਸੰਤ ਜੀ ਸੰਗਰੂਰ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਸਕਾਰ ਮਸਤੂਆਣਾ ਸਾਹਿਬ ਵਿਖੇ ਕੀਤਾ ਗਿਆ। ਅਜਿਹੇ ਪਰਉਪਕਾਰੀ ਜੀਉੜੇ ਕਦੇ- ਕਦਾਈਂ ਹੀ ਮਾਤ-ਲੋਕ ਵਿੱਚ ਆਉਂਦੇ ਹਨ ਤੇ ਲੋਕਾਂ ਨੂੰ ਸੱਚਾਈ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ। ਕਲਗੀਧਰ ਟ੍ਰੱਸਟ ਬੜੂ ਸਾਹਿਬ ਵੱਲੋਂ ਪ੍ਰਕਾਸ਼ਿਤ ਪੁਸਤਕ "ਵਿਸ਼ਵ ਸਦੀਵੀ ਸ਼ਾਂਤੀ ਦਾ ਮਾਰਗ- ਸੰਖੇਪ ਜੀਵਨ ਕਥਾ ਸੰਤ ਅਤਰ ਸਿੰਘ ਜੀ ਮਹਾਰਾਜ" ਵਿੱਚ ਉਨ੍ਹਾਂ ਦੇ ਜੀਵਨ ਦੇ ਅਲੌਕਿਕ ਝਲਕਾਰੇ ਪੜ੍ਹੇ ਜਾ ਸਕਦੇ ਹਨ। ਅਜਿਹੀਆਂ ਸਦਾਚਾਰੀ ਆਤਮਾਵਾਂ ਬਾਰੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਿਹਾ ਗਿਆ ਹੈ :

 

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥

ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥

 

– – ਪ੍ਰੋ. ਨਵਸੰਗੀਤ ਸਿੰਘ

ਪ੍ਰੋ. ਨਵਸੰਗੀਤ ਸਿੰਘ

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ).

ਮੋਬਾਇਲ ਫ਼ੋਨ:  9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Absolute Learned and Spiritual Personality Sant Atar Singh Mastuana