ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾ ਰਹੀ ਹੈ: ਐਸ.ਡੀ.ਐਮ.
ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦੇ ਨੰਗਲ ਯੂਨਿਟ ਵਿੱਚ ਖੜ੍ਹੇ ਲਗਭਗ 50 ਦੇ ਕਰੀਬ ਟੈਂਕੀਆਂ ਦੇ ਡਰਾਇਵਰ ਅਤੇ ਕਲੀਂਡਰ ਹੁਣ ਘਰ ਜਾਣ ਨੂੰ ਤਰਸ ਰਹੇ ਹਨ। ਇਨ੍ਹਾਂ ਟਰੱਕਾਂ ਦੇ ਡਰਾਈਵਰਾਂ ਨੇ ਦੱਸਿਆ ਕਿ ਅਸੀਂ 19 ਮਾਰਚ ਤੋਂ ਇੱਥੇ ਹੀ ਖੜ੍ਹੇ ਹਾਂ ਅਤੇ ਇਥੇ ਕਾਸਟਿਕ ਐਸਿਡ ਲੈ ਕੇ ਆਏ ਸਨ ਅਤੇ ਇੱਥੋਂ ਦੀ ਨਾਈਟਰਿਕ ਤੇਜ਼ਾਬ ਲੈ ਕੇ ਵਾਪਸ ਮੁੜਦੇ ਹਨ। ਦੱਸਣਯੋਗ ਹੈ ਕਿ ਪੰਜਾਬ ਵਿੱਚ 23 ਮਾਰਚ ਨੂੰ ਕਰਫਿਊ ਲੱਗ ਗਿਆ ਸੀ।
ਬਲਰਾਮ ਸਿੰਘ, ਰਮੇਸ਼ ਪਾਲ,ਪਰਮਿੰਦਰ ਕੁਮਾਰ,ਸ਼ਤਰੂਘਨ, ਅਤੇ ਭੋਲਾ ਸਾਹੂ ਜੋ ਕਿ ਯੂ.ਪੀ. ਅਤੇ ਝਾਰਖੰਡ ਤੋਂ ਹਨ, ਨੇ ਦੱਸਿਆ ਕਿ ਅਸੀਂ ਐਨ ਐਫ਼ ਐਲ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਸਾਨੂੰ ਵਾਪਸ ਭੇਜ ਦਿਓ ਪਰ ਉਨ੍ਹਾਂ ਵੱਲੋਂ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਸਾਡੀ ਪ੍ਰਸ਼ਾਸਨ ਦੇ ਨਾਲ ਗੱਲ ਚੱਲ ਰਹੀ ਹੈ।
ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਟਾਈਮ ਗੁਰਦੁਆਰਾ ਸਾਹਿਬ ਤੋਂ ਕੁਝ ਸੇਵਾਦਾਰ ਖਾਣਾ ਦੇ ਜਾਂਦੇ ਹਨ ਅਤੇ ਚਾਹ ਸਿਰਫ਼ ਇੱਕ ਟਾਈਮ ਹੀ ਮਿਲਦੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਛੇਤੀ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇ।
ਇਸ ਸਬੰਧੀ ਜਦੋਂ ਲੋਕ ਸੰਪਰਕ ਅਧਿਕਾਰੀ ਗੌਰਵ ਦਿਲਬਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮਾਲ ਦੇ ਕੇ ਵਾਪਸ ਭੇਜਿਆ ਜਾ ਰਿਹਾ ਹੈ ਜਿਵੇਂ ਜਿਵੇਂ ਜਿਸ ਜਿਸ ਵਿਅਕਤੀ ਦੀ ਵਾਰੀ ਆ ਰਹੀ ਹੈ ਉਹ ਵਾਪਸ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਐਸਡੀਐਮ ਨੰਗਲ ਹਰਜੀਤ ਸਿੰਘ ਅਟਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੈਸ਼ਨਲ ਫਰਟੀਲਾਇਜ਼ਰ ਲਿਮਟਿਡ ਵੱਲੋਂ ਸਾਨੂੰ ਲਿਖਤੀ ਤੌਰ ਉੱਤੇ ਕਿਸੇ ਵੀ ਟਰੱਕ ਨੂੰ ਵਾਪਸ ਭੇਜਣ ਦੀ ਕੋਈ ਆਗਿਆ ਨਹੀਂ ਮੰਗੀ ਗਈ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਉੱਤੇ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਰੋਟੀ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਦੇ ਵਿੱਚੋਂ ਹੋਮ ਸ਼ੈਲਟਰ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਦਾ ਰਹਿਣ ਦਾ ਪ੍ਰਬੰਧ ਵੀ ਪ੍ਰਸ਼ਾਸਨ ਕਰੇਗਾ।