ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਜ਼ਰੂਰ ਹੋਵੇਗੀ: ਕੈਪਟਨ

ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਜ਼ਰੂਰ ਹੋਵੇਗੀ: ਕੈਪਟਨ

--  ਗਰਮ-ਖਿ਼ਆਲੀਆਂ ਨੂੰ ਸੂਬੇ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗੇ

--  ਹਰੇਕ ਕਸ਼ਮੀਰੀ ਵਿਦਿਆਰਥੀ ਨਹੀਂ ਹੈ ਅੱਤਵਾਦੀ

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਵਾਪਰੇ ਗੋਲੀਕਾਂਡ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਬਾਰੇ ਉਨ੍ਹਾਂ ਵੱਲੋਂ ਕੀਤੇ ਵਾਅਦੇ ਤੋਂ ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।


ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਬਰਗਾੜੀ ਵਿੱਚ ਹਾਲਾਤ ਕਾਬੂ ਤੋਂ ਬਾਹਰ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ।


ਜਦੋਂ ਮੁੱਖ ਮੰਤਰੀ ਨੂੰ ਇਹ ਪੁੱਛਿਆ ਕਿ ਬਰਗਾੜੀ ਗਰਮ-ਖਿਆਲੀਆਂ ਦੇ ਇਕੱਤਰਤਾ ਦਾ ਕੇਂਦਰ ਬਣਦਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਹਰ ਕੋਈ ਜਾਣਦਾ ਹੈ ਕਿ ਕੁਝ ਲੋਕ ਇਸ ਮੁੱਦੇ ਦਾ ਸਿਆਸੀਕਰਨ ਕੀਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੂਬੇ ਦੇ ਲੋਕ ਅਮਨ-ਪਸੰਦ ਹਨ ਜਿਸ ਕਰਕੇ ਇਸ ਮੁੱਦੇ ਤੋਂ ਸਿਆਸੀ ਲਾਹਾ ਖੱਟਣ ਵਾਲੇ ਅਜਿਹੇ ਤੱਤਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਵੇਗਾ।


ਮੁੱਖ ਮੰਤਰੀ ਨੇ ਗਰਮ-ਖਿਆਲੀਆਂ ਨੂੰ ਪੰਜਾਬ ਵਿੱਚ ਸਖ਼ਤ ਘਾਲਣਾ ਘਾਲ ਕੇ ਕਾਇਮ ਕੀਤੀ ਸ਼ਾਂਤੀ ਵਿੱਚ ਵਿਘਨ ਪਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਤਾੜਨਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਹਾਸਲ ਲੈਣ ਲਈ ਗਰਮ-ਖਿਆਲੀਆਂ ਦਾ ਸਮਰਥਨ ਕਰਨ ਬਾਰੇ ਪੁੱਛੇ ਜਾਣ ਬਾਰੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਅਜਿਹੇ ਗਰੁੱਪਾਂ ਨਾਲ ਕਦੇ ਵੀ ਕੋਈ ਨਾਤਾ ਨਹੀਂ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹਾਸਲ ਕਰਨ ਵਿੱਚ ਜੇਕਰ ਸਿੱਖਾਂ ਦਾ ਕੋਈ ਨਰਮ-ਖਿਆਲੀ ਗਰੁੱਪ ਚੋਣ ਮੈਦਾਨ ਵਿੱਚ ਉਤਰਦਾ ਹੈ ਤਾਂ ਉਹ ਉਨ੍ਹਾਂ ਦੀ ਹਮਾਇਤ ਕਰਨਗੇ ਕਿਉਂਕਿ ਬਾਦਲਾਂ ਨੂੰ ਇੱਥੋਂ ਬਾਹਰ ਦਾ ਰਸਤਾ ਵਿਖਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ,''ਬਾਦਲਾਂ ਨੇ ਗੁਰਦੁਆਰਿਆਂ ਨੂੰ ਬਰਬਾਦ ਕਰ ਦਿੱਤਾ।'' ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਬਾਦਲ ਦਾ ਸਵਾਲ ਹੈ, ਉਹ ਉਦਾਰਵਾਦੀ ਨਹੀਂ ਸਗੋਂ ਇਕ ਮੌਕਾਪ੍ਰਸਤ ਹੈ ਜੋ ਆਪਣੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਹਰੇਕ ਤਰ੍ਹਾਂ ਦੇ ਲੋਕਾਂ ਨੂੰ ਵਰਤਦਾ ਹੈ।


ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਰਗਾੜੀ ਤੇ ਹੋਰ ਘਟਨਾਵਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ ਪਰ ਕਾਨੂੰਨ ਤਹਿਤ ਮੈਂ ਟੀਮ ਦੇ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ।'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਤੋਂ ਜਾਣੂੰ ਹੈ ਜਿਸ ਕਰਕੇ ਉਹ ਆਪਣੀ ਜਾਂਚ ਨੂੰ ਲਮਕਾਏਗੀ ਨਹੀਂ। ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਜਾਂਚ ਟੀਮ ਨੂੰ ਕਿਸੇ ਖਿਲਾਫ਼ ਕਾਰਵਾਈ ਲਈ ਕੋਈ ਆਧਾਰ ਮਿਲਿਆ ਤਾਂ ਉਹ ਇਸ ਲਈ ਅਦਾਲਤ ਵਿੱਚ ਜਾਵੇਗੀ।


ਇਨ੍ਹਾਂ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕਰਨ ਲਈ ਕਾਂਗਰਸ ਪਾਰਟੀ ਦੇ ਚੋਣ ਵਾਅਦੇ ਨੂੰ ਪੂਰਾ ਕਰਨ ਵਾਸਤੇ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਐਸ.ਆਈ.ਟੀ. ਨੂੰ ਸੌਂਪਣ ਦਾ ਫੈਸਲਾ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ੁਰੂਆਤ ਵਿੱਚ ਜਾਂਚ ਦਾ ਜ਼ਿੰਮਾ ਸੀ.ਬੀ.ਆਈ. ਦੇ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਪਰ ਸਦਨ ਨੇ ਇਸ ਦੇ ਵਿਰੁੱਧ ਫੈਸਲਾ ਲਿਆ ਸੀ ਕਿ ਕੇਂਦਰੀ ਜਾਂਚ ਏਜੰਸੀ ਕੋਲ ਜਾਂਚ ਪ੍ਰਭਾਵਿਤ ਹੋਣ ਦਾ ਡਰ ਹੈ ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਕਾਲੀ ਭਾਈਵਾਲ ਹਨ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸਪੱਸ਼ਟ ਤੌਰ 'ਤੇ ਆਖਿਆ ਹੈ ਕਿ ਇਹ ਰਿਪੋਰਟ ਸਿਰਫ਼ ਤੱਥਾਂ ਦਾ ਪਤਾ ਲਾਉਣ ਬਾਰੇ ਹੈ ਅਤੇ ਇਸ ਸਬੰਧੀ ਅੱਗੇ ਹੋਰ ਪੜਤਾਲ ਦੀ ਜ਼ਰੂਰਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜਾਂਚ ਲਈ ਐਸ.ਆਈ.ਟੀ. ਟੀਮ ਵਿੱਚ ਸਭ ਤੋਂ ਵਧੀਆ ਪੇਸ਼ੇਵਰਾਂ ਨੂੰ ਸ਼ਾਮਲ ਕੀਤਾ ਹੈ। 


ਕੈਪਟਨ ਅਮਰਿੰਦਰ ਸਿੰਘ ਅਤੇ ਇੱਥੋਂ ਤੱਕ ਕਿ ਰਾਹੁਲ ਗਾਂਧੀ ਵੱਲੋਂ ਘਟਨਾ ਤੋਂ ਤੁਰੰਤ ਬਾਅਦ ਬਹਿਬਲ ਕਲਾਂ ਦਾ ਦੌਰਾ ਕਰਨ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੰਤਰੀ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਸੰਪਰਕ 'ਚ ਹਨ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਕਮਿਸ਼ਨ ਵੱਲੋਂ ਕੀਤੀ ਗਈ ਸਿਫ਼ਾਰਸ਼ ਤੋਂ ਵੱਧ ਮੁਆਵਜ਼ਾ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਬੀਤੇ ਦਿਨ ਵੀ ਉਨ੍ਹਾਂ ਦੇ ਮੰਤਰੀ ਅਤੇ ਵਿਧਾਇਕ ਮਾਰੇ ਗਏ ਵਿਅਕਤੀਆਂ ਦੇ ਘਰ ਗਏ ਜਦਕਿ ਹੋਰ ਇਸ ਮਾਮਲੇ 'ਤੇ ਸਿਰਫ਼ ਸਿਆਸੀ ਖੇਡ ਖੇਡਣ ਵਿੱਚ ਰੁੱਝੇ ਹੋਏ ਹਨ।


ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਪੁਲਿਸ ਨੇ ਸੂਬੇ ਵਿੱਚ ਬੇਅਦਬੀ ਦੇ ਹੋਏ ਸਾਰੇ 157 ਕੇਸਾਂ ਦਾ ਪਤਾ ਲਾ ਲਿਆ ਹੈ। ਇਸ ਸਬੰਧ ਵਿੱਚ 129 ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ 10 ਨੂੰ ਸਜ਼ਾ ਹੋਈ।


ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਈ.ਐਸ.ਆਈ. ਲੰਮੇ ਸਮੇਂ ਤੋਂ ਪੰਜਾਬ ਵਿੱਚ ਸਰਗਰਮ ਹੈ ਅਤੇ ਇਹ ਕਸ਼ਮੀਰੀ ਵਿਦਿਆਰਥੀਆਂ ਰਾਹੀਂ ਕਾਰਵਾਈਆਂ ਅਮਲ ਵਿੱਚ ਲਿਆ ਸਕਦੀ ਹੈ। ਹਾਲਾਂਕਿ ਕਸ਼ਮੀਰ ਦਾ ਹਰੇਕ ਵਿਦਿਆਰਥੀ ਅੱਤਵਾਦੀ ਨਹੀਂ ਹੈ ਅਤੇ ਪੁਲਿਸ ਵੀ ਅਜੇ ਤੱਕ ਗ੍ਰਿਫਤਾਰ ਕੀਤੇ ਵਿਦਿਆਰਥੀਆਂ ਦੇ ਸਥਾਨਕ ਲੋਕਾਂ ਨਾਲ ਸੰਪਰਕਾਂ ਨੂੰ ਸਾਬਤ ਨਹੀਂ ਕਰ ਸਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Action will be taken against sacrilege accused captain