ਪੰਜਾਬ ਦੇ ਮੈਡੀਕਲ ਕਾਲਜਾਂ ਦੇ ਪ੍ਰਬੰਧਕਾਂ ਲਈ ਮਾੜੀ ਖ਼ਬਰ ਇਹ ਹੈ ਕਿ ਉਨ੍ਹਾਂ ਨੇ ਐੱਨਆਰਆਈ (NRI) ਉਮੀਦਵਾਰਾਂ ਲਈ ਜਿਹੜੀਆਂ ਸੀਟਾਂ ਰਾਖਵੀਂਆਂ ਰੱਖੀਆਂ ਸਨ; ਉਨ੍ਹਾਂ ਵਿੱਚੋਂ ਹਾਲੇ ਵੀ ਸੈਂਕੜੇ ਸੀਟਾਂ ਖ਼ਾਲੀ ਹਨ। ਉਂਝ ਮੈਡੀਕਲ ਦੇ ਉਨ੍ਹਾਂ ਵਿਦਿਆਰਥੀਆਂ ਲਈ ਇਹ ਵਧੀਆ ਖ਼ਬਰ ਵੀ ਹੋ ਸਕਦੀ ਹੈ ਕਿ ਉਨ੍ਹਾਂ ਨੂੰ ਹੁਣ ਇੱਥੇ ਦਾਖ਼ਲਾ ਮਿਲ ਸਕਦਾ ਹੈ ਕਿਉਂਕਿ ਇਹ ਸਾਰੀਆਂ ਸੀਟਾਂ ਹੁਣ ਜਨਰਲ ਕੋਟੇ ਵਿੱਚੋਂ ਭਰੀਆਂ ਜਾਣੀਆਂ ਹਨ।
ਪੰਜਾਬ ਦੇ 23 ਮੈਡੀਕਲ ਤੇ ਡੈਂਟਲ ਕਾਲਜਾਂ ਵਿੱਚ NRI ਕੋਟੇ ਦੀਆਂ 316 ਸੀਟਾਂ ਲਈ ਸਿਰਫ਼ 44 ਉਮੀਦਵਾਰ ਹੀ ਸ਼ਾਰਟ–ਲਿਸਟ ਹੋ ਸਕੇ ਹਨ।
ਫ਼ਰੀਦਕੋਟ ਸਥਿਤ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS) ਵਿੱਚ ਐੱਨਆਰਆਈ ਕੋਟੇ ਦੀਆਂ 140 ਐੱਮਬੀਬੀਐੱਸ ਤੇ 176 ਬੀਡੀਐੱਸ ਸੀਟਾਂ ਉੱਤੇ ਦਾਖ਼ਲਿਆਂ ਲਈ ਕਾਊਂਸਲਿੰਗ ਜਾਰੀ ਹੈ।
ਯੂਨੀਵਰਸਿਟੀ ਦੀਆਂ 316 NRI ਸੀਟਾਂ ਲਈ ਸਿਰਫ਼ 44 ਉਮੀਦਵਾਰਾਂ ਨੇ ਹੀ ਅਰਜ਼ੀਆਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ 9 ਉਮੀਦਵਾਰ ਪੰਜਾਬ ਨਾਲ ਸਬੰਧਤ ਹਨ; ਜਦ ਕਿ 35 ਉਮੀਦਵਾਰ ਦੇਸ਼ ਦੇ ਹੋਰਨਾਂ ਰਾਜਾਂ ਨਾਲ ਸਬੰਧਤ ਹਨ।
ਹੁਣ ਤੱਕ ਦੀ ਕਾਊਂਸਲਿੰਗ ਵਿੱਚ ਸਿਰਫ਼ ਮੈਡੀਕਲ ਕਾਲਜ ਪਟਿਆਲਾ ’ਚ ਐੱਮਬੀਬੀਐੱਸ ਦੀਆਂ ਪੰਜ ਸੀਟਾਂ ਉੱਤੇ ਦਾਖ਼ਲੇ ਹੋਏ ਹਨ। ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੇ ਫ਼ਰੀਦਕੋਟ ਦੇ ਕਾਲਜ ਵਿੱਚ NRI ਕੋਟੇ ਵਿੱਚੋਂ ਇੱਕ ਵੀ ਉਮੀਦਵਾਰ ਦਾ ਦਾਖ਼ਲਾ ਨਹੀਂ ਹੋ ਸਕਿਆ।
ਇਹ ਗੱਲ ਪੰਜਾਬ ਸਰਕਾਰ ਲਈ ਵੀ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ ਕਿਉਂਕਿ ਸਰਕਾਰ ਦੀਆਂ ਨੀਤੀਆਂ ਐੱਨਆਰਆਈਜ਼ ਨੂੰ ਪੰਜਾਬ ਵੱਲ ਖਿੱਚਣ ਤੋਂ ਨਾਕਾਮ ਰਹੀਆਂ ਹਨ।