ਯੂਰੀਆ ਅਤੇ ਜਿੰਕ ਸਲਫੇਟ ਦੇ ਛਿੜਕਾਅ ਦੀ ਸਿਫਾਰਿਸ਼
ਖੇਤਬਾੜੀ ਵਿਭਾਗ ਵੀ ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਪ੍ਰਭਾਵਿਤ ਹੋਈ ਫਸਲ ਦੀ ਸੰਭਾਲ ਸਬੰਧੀ ਜਾਗਰੂਕ ਕਰ ਰਿਹਾ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਦੀ ਦੇਖਰੇਖ ਵਿਚ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਦੀ ਇਸੇ ਲੜੀ ਤਹਿਤ ਬਲਾਕ ਜਲਾਲਾਬਾਦ ਦੀ ਖੇਤੀਬਾੜੀ ਵਿਭਾਗ ਦੀ ਟੀਮ ਨੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਾਣੀ ਨਾਲ ਪ੍ਰਭਾਵਿਤ ਫਸਲ ਨੂੰ ਬਹਾਲ ਕਰਨ ਸਬੰਧੀ ਨੁਕਤੇ ਦੱਸੇ।
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫ਼ਸਰ ਹਰਪ੍ਰੀਤਪਾਲ ਕੌਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਬਲਦੇਵ ਸਿੰਘ ਅਤੇ ਲਵਪ੍ਰੀਤ ਸਿੰਘ ਦੀ ਟੀਮ ਵੱਲੋਂ ਕਿਸਾਨਾਂ ਤੱਕ ਪਹੁੰਚ ਕਰਕੇ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਜਦ ਝੋਨੇ ਦੇ ਖੇਤ ਵਿਚ ਪੈਦਲ ਚੱਲਣਾ ਸੰਭਵ ਹੋ ਜਾਵੇ ਤਾਂ ਕਿਸਾਨ 2 ਫੀਸਦੀ ਯੁਰੀਆ ਦੇ ਘੋਲ ਦਾ ਛਿੜਕਾਅ ਕਰਨ।
ਉਨ੍ਹਾਂ ਕਿਹਾ ਕਿ ਇਸ ਲਈ 2 ਕਿਲੋ ਯੁਰੀਆ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਖੇਤ ਵਿਚ ਨਾਈਟੋ੍ਰਜਨ ਤੱਤ ਜਾਂ ਤਾਂ ਧਰਤੀ ਵਿਚ ਡੁੰਘਾ ਚਲਾ ਜਾਂਦਾ ਹੈ ਜਾਂ ਜਦ ਪਾਣੀ ਵਾਪਿਸ ਦਰਿਆ ਵਿਚ ਜਾਂਦਾ ਹੈ ਤਾਂ ਇਹ ਤੱਤ ਵੀ ਨਾਲ ਘੁਲ ਕੇ ਚਲਾ ਜਾਂਦਾ ਹੈ ਤੇ ਫਸਲ ਨੂੰ ਨਾਈਟ੍ਰੋਜਨ ਤੱਤ ਦੀ ਘਾਟ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਛਿੜਕਾਅ ਨਾਲ ਫਸਲ ਦੀ ਪਿਲੱਤਣ ਜਾਂਦੀ ਰਹੇਗੀ ਅਤੇ ਫਸਲ ਦੁਬਾਰਾ ਚੱਲ ਪਵੇਗੀ।
ਇਸੇ ਤਰ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਯੁਰੀਆ ਦੇ ਛਿੜਕਾਅ ਤੋਂ 4 5 ਦਿਨ ਬਾਅਦ ਕਿਸਾਨ 0.5 ਫੀਸਦੀ ਜਿੰਕ ਸਲਫੇਟ ਦਾ ਛਿੜਕਾਅ ਭਾਵ ਅੱਧਾ ਕਿਲੋ ਜਿੰਕ ਸਲਫੇਟ ਦਾ 100 ਲੀਟਰ ਪਾਣੀ ਵਿਚ ਘੋਲ ਬਣਾ ਕੇ ਝੋਨੇ ਦੀ ਫਸਲ ਤੇ ਛਿੜਕ ਦੇਣ ਇਸ ਨਾਲ ਫਸਲ ਵਿਚ ਜਿੰਕ ਦੀ ਘਾਟ ਵੀ ਦੂਰ ਹੋਵੇਗੀ ਅਤੇ ਫਸਲ ਹੜ੍ਹ ਦੇ ਪਾਣੀ ਕਾਰਨ ਪੈਦਾ ਹੋਏ ਤਨਾਅ ਨੂੰ ਝਲਦੇ ਹੋਈ ਮੁੜ ਸਹੀ ਸਥਿਤੀ ਵਿਚ ਆ ਜਾਵੇਗੀ।