ਭਾਰਤ ਦੀ ਇੱਕੋ–ਇੱਕ ਸਰਕਾਰੀ ‘ਇੰਡੀਅਨ ਏਅਰਲਾਈਨਜ਼’ (‘ਏਅਰ ਇੰਡੀਆ’) ਦੀ ਆਰਥਿਕ ਹਾਲਤ ਇਸ ਵੇਲੇ ਬਹੁਤ ਜ਼ਿਆਦਾ ਖ਼ਰਾਬ ਹੈ। ਦੇਸ਼ ਦੇ ਛੇ ਹਵਾਈ ਅੱਡਿਆਂ ਉੱਤੇ ਤਾਂ ਉਸ ਦੇ ਹਵਾਈ ਜਹਾਜ਼ਾਂ ਨੂੰ ਤੇਲ ਦੀ ਸਪਲਾਈ ਪੈਟਰੋਲੀਅਮ ਕੰਪਨੀਆਂ ਨੇ ਰੋਕ ਦਿੱਤੀ ਹੈ। ਇਸ ਏਅਰਲਾਈਨਜ਼ ਕੋਲ ਆਉਂਦੇ ਅਕਤੂਬਰ ਮਹੀਨੇ ਤੋਂ ਬਾਅਦ ਆਪਣੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਤਨਖ਼ਾਹਾਂ ਦੇਣ ਜੋਗੇ ਪੈਸੇ ਵੀ ਨਹੀਂ ਬਚਣਗੇ।
ਮੰਤਰੀਆਂ ਦੇ ਇੱਕ ਸਮੂਹ ਦੀ ਇੱਕ ਮੀਟਿੰਗ ਅਗਲੇ ਹਫ਼ਤੇ ਹੋ ਰਹੀ ਹੈ; ਜਿੱਥੇ ਇੰਡੀਅਨ ਏਅਰਲਾਈਨਜ਼ ਨੂੰ 100 ਫ਼ੀ ਸਦੀ ਵੇਚ ਦੇਣ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ।
ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਪਹਿਲਾਂ ਹੀ ਆਖ ਚੁੱਕੇ ਹਨ ਕਿ ਪਹਿਲੀ ਮੀਟਿੰਗ ਵਿੱਚ ਹੀ ਫ਼ੈਸਲਾ ਹੋ ਜਾਵੇਗਾ ਤੇ ਫਿਰ ਵਿਕਰੀ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ।
ਇੰਡੀਅਨ ਆਇਲ ਕਾਰਪੋਰੇਸ਼ਨ ਨੇ ਮੋਹਾਲੀ, ਰਾਂਚੀ, ਪਟਨਾ, ਵਿਜ਼ਾਗ, ਪੁਣੇ ਤੇ ਕੋਚੀਨ ਹਵਾਈ ਅੱਡਿਆਂ ਉੱਤੇ ਏਅਰ ਇੰਡੀਆ ਦੇ ਹਵਾਈ ਜਹਾਜ਼ਾਂ ਨੂੰ ਤੇਲ ਦੀ ਸਪਲਾਈ ਰੋਕ ਦਿੱਤੀ ਹੈ ਕਿ ਉਸ ਦੀ ਮੋਟੀ ਰਕਮ ਬਕਾਇਆ ਰਹਿ ਰਹੀ ਹੈ।
ਏਅਰ ਇੰਡੀਆ ਦੀ ਸਹਾਇਕ ਏਅਰਲਾਈਨਜ਼ ‘ਅਲਾਇੰਸ ਏਅਰ’ ਦੀਆਂ ਕੁਝ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਉੱਧਰ ਏਅਰ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਸਰਕਾਰ ਤੇ ਮੰਤਰਾਲੇ ਨੂੰ ਪਹਿਲਾਂ ਹੀ ਆਰਕਿਕ ਸੰਕਟ ਬਾਰੇ ਜਾਣਕਾਰੀ ਦੇ ਚੁੱਕੇ ਹਨ।
ਏਅਰ ਇੰਡੀਆ ਨੂੰ ਹਰ ਮਹੀਨੇ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ 300 ਕਰੋੜ ਰੁਪਏ ਚਾਹੀਦੇ ਹੁੰਦੇ ਹਨ ਪਰ ਆਉਂਦੇ ਅਕਤੂਬਰ ਮਹੀਨੇ ਤੋਂ ਬਾਅਦ ਉਸ ਕੋਲ ਇਹ ਰਕਮ ਵੀ ਨਹੀਂ ਹੋਣੀ।
ਮੰਤਰੀਆਂ ਦੇ ਸਮੂਹ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਣਜ ਤੇ ਰੇਲਵੇ ਮੰਤਰੀ ਪੀਯੂਸ਼ ਗੋਲਿ ਅਤੇ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਸ਼ਾਮਲ ਹਨ। ਇਸੇ ਸਮੂਹ ਨੇ ਹੁਣ ਏਅਰ ਇੰਡੀਆ ਨੂੰ 100 ਫ਼ੀ ਸਦੀ ਵੇਚਣ ਬਾਰੇ ਅੰਤਿਮ ਫ਼ੈਸਲਾ ਲੈਣਾ ਹੈ।