ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀਆਂ ਦਾ ਰੋਸ-ਧਰਨਾ ਸ਼ੁਰੂ, ਕੈਪਟਨ ਸਰਕਾਰ ਨੂੰ ਦਿੱਤਾ 2 ਦਿਨਾਂ ਦਾ ਅਲਟੀਮੇਟਮ

ਅਕਾਲੀਆਂ ਦਾ ਰੋਸ-ਧਰਨਾ ਸ਼ੁਰੂ, ਕੈਪਟਨ ਸਰਕਾਰ ਨੂੰ ਦਿੱਤਾ 2 ਦਿਨਾਂ ਦਾ ਅਲਟੀਮੇਟਮ

ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪੁਸਤਕ ਵਿੱਚ ਸਿੱਖ ਇਤਿਹਾਸ ਨੂੰ ਕਥਿਤ ਤੌਰ `ਤੇ ਤੋੜ-ਮਰੋੜ ਕੇ ਪੇਸ਼ ਕਰਨ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅੰਮ੍ਰਿਤਸਰ `ਚ ਆਪਣੇ 48 ਘੰਟਿਆਂ ਦੇ ਧਰਨੇ ਦੀ ਸ਼ੁਰੂਆਤ ਕਰ ਦਿੱਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਦੀ ਸੂਬਾ ਸਰਕਾਰ ਨੂੰ ਮਾਫ਼ੀ ਮੰਗਣ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਦੋ ਦਿਨਾਂ ਦਾ ਸਮਾਂ ਦਿੱਤਾ ਗਿਆ।


ਅਕਾਲੀ ਦਲ ਦੇ ਇਸ ਧਰਨੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਰਥਨ ਵੀ ਹਾਸਲ ਹੈ। ਉੱਧਰ ਸਰਕਾਰ ਪਹਿਲਾਂ ਹੀ ਇਤਿਹਾਸ ਦੀ ਨਵੀਂ ਪੁਸਤਕ ਦੀ ਥਾਂ ਪੁਰਾਣੀ ਪੁਸਤਕ ਨੂੰ ਵਰਤਣ ਦਾ ਐਲਾਨ ਵੀ ਕਰ ਚੁੱਕੀ ਹੈ ਪਰ ਅਕਾਲੀ ਦਲ ਆਪਣੇ ਸਟੈਂਡ `ਤੇ ਕਾਇਮ ਹੈ।


ਅੱਜ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਅਰਦਾਸ ਕਰਨ ਤੋਂ ਬਾਅਦ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਕਾਰਕੁੰਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੀ ਧਰਨੇ ਵਾਲੀ ਥਾਂ ਤੱਕ ਮਾਰਚ ਕੀਤਾ। ਇਹ ਧਰਨਾ ਪੰਥਕ ਸ਼ੈਲੀ ਵਿੱਚ ਕੀਤਾ ਗਿਆ ਸੀ ਤੇ ਢਾਡੀ ਉੱਥੇ ਵਾਰਾਂ ਗਾ ਰਹੇ ਸਨ ਤੇ ਧਰਨੇ `ਤੇ ਪੁੱਜਣ ਲਈ ਪਾਰਟੀ ਵਰਕਰਾਂ ਨੂੰ ਪ੍ਰੇਰਿਤ ਕਰ ਰਹੇ ਸਨ।


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ 24 ਘੰਟਿਆਂ ਮਗਰੋਂ ਇਸ ਧਰਨੇ `ਚ ਸ਼ਾਮਲ ਹੋਣਗੇ।


ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਸਿੱਖ ਗੁਰੂ ਸਾਹਿਬਾਨ ਦਾ ਅਪਮਾਨ ਕਰ ਰਹੀ ਹੈ ਤੇ ਬੇਅਦਬੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ 48 ਘੰਟਿਆਂ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਉਹ ਇਸ ਮੁੱਦੇ ਨੁੰ ਲੈ ਕੇ ਵੱਡੇ ਪੱਧਰ `ਤੇ ਸੰਘਰਸ਼ ਵਿੱਢ ਦੇਣਗੇ। ਉਨ੍ਹਾਂ ਕਿਹਾ ਕਿ ਇਤਿਹਾਸ ਦੀਆਂ ਪੁਸਤਕਾਂ ਤਿਆਰ ਕਰਨ ਵਾਲਿਆਂ ਵਿਰੁੱਧ ਐੱਫ਼ਆਈਆਰ ਦਾਇਰ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਣੀਆਂ ਚਾਹੀਦੀਆਂ ਹਨ।


ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਸਾਜਿ਼ਸ਼ ਸਦਕਾ ਸਿੱਖ ਇਤਿਹਾਸ ਨਾਲ ਜਾਣਬੁੱਝ ਕੇ ਛੇੜਖਾਨੀ ਕੀਤੀ ਜਾ ਰਹੀ ਹੈ।


ਅੱਜ ਦੇ ਧਰਨੇ `ਚ ਨਿਰਮਲ ਸਿੰਘ ਕਾਹਲੋਂ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਭਾਈ ਮਨਜੀਤ ਸਿੰਘ, ਵੀਰ ਸਿੰਘ ਲੋਪੋਕੇ, ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਲਖਬੀਰ ਸਿੰਘ ਲੋਧੀਨੰਗਲ, ਸਤਪਾਲ ਮੱਲ, ਵਰਦੇਵ ਮਾਨ ਤੇ ਗੁਰਪ੍ਰਤਾਪ ਸਿੰਘ ਟਿੱਕਾ ਜਿਹੇ ਸੀਨੀਅਰ ਆਗੂ ਮੌਜੂਦ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali Dal starts Sit in gives 2 day ultimatum