ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਕਿਹਾ ਹੈ ਕਿ ਜੇ ਆਮ ਆਦਮੀ ਪਾਰਟੀ (ਆਪ) ਨੇ ਦੇਸ਼ ਵਿੱਚ ਕਿਤੇ ਵੀ ਕਾਂਗਰਸ ਪਾਰਟੀ ਨਾਲ ਕੋਈ ਸਮਝੌਤਾ ਕੀਤਾ, ਤਾਂ ਉਨ੍ਹਾਂ ਦਾ ਦਲ ਇਕੱਲਾ ਹੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜੇਗਾ।
ਸ੍ਰੀ ਬਹਮਪੁਰਾ ਦਾ ਇਹ ਬਿਆਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਉਸ ਅਪੀਲ ਦੇ ਇੱਕ ਦਿਨ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਕਾਂਗਰਸ ਨੂੰ ਗੁਆਂਢੀ ਸੂਬੇ ਹਰਿਆਣਾ ਵਿੱਚ ‘ਆਪ’ ਤੇ ਜਨਨਾਇਕ ਜਨਤਾ ਪਾਰਟੀ (JJP) ਨਾਲ ਸਮਝੌਤਾ ਕਰਨ ਲਈ ਆਖਿਆ ਸੀ। ਇੱਧਰ ਆਮ ਆਦਮੀ ਪਾਰਟੀ ਤੇ ਟਕਸਾਲੀ ਅਕਾਲੀ ਦਲ ਦੇ ਸੀਨੀਅਰ ਆਗੂ ਪੰਜਾਬ ਵਿੱਚ ਸੰਭਾਵੀ ਗੱਠਜੋੜ ਲਈ ਪਿਛਲੇ ਦੋ ਹਫ਼ਤਿਆਂ ਤੋਂ ਗੱਲਬਾਤ ਕਰਦੇ ਆ ਰਹੇ ਹਨ।
ਸ੍ਰੀ ਬ੍ਰਹਮਪੁਰਾ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਫ਼ੋਨ ਉੱਤੇ ਕਿਹਾ ਕਿ – ‘ਜੇ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਕਿਤੇ ਵੀ ਕੋਈ ਗੱਠਜੋੜ ਕੀਤਾ – ਭਾਵੇਂ ਉਹ ਹਰਿਆਣਾ ਹੋਵੇ ਤੇ ਭਾਰਤ ਵਿੱਚ ਕਿਤੇ ਵੀ ਹੋਵੇ – ਅਸੀਂ ਇਸ ਪਾਰਟੀ ਨਾਲ ਕੋਈ ਸਬੰਧ ਨਹੀਂ ਰੱਖਾਂਗੇ।’
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਵੀ ਇਸ ਮੁੱਦੇ ਉੱਤੇ ਇਹੋ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਾਂਗਰਸ ਉਨ੍ਹਾਂ ਦੀ ਅੱਵਲ–ਨੰਬਰ ਦੁਸ਼ਮਣ ਹੈ। ‘ਉਸ ਨੇ 1984 ਦੌਰਾਨ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਵਾਇਆ ਸੀ ਤੇ ਉਹ ਸਿੱਖ ਕਤਲੇਆਮ ਲਈ ਵੀ ਜ਼ਿੰਮੇਵਾਰ ਹੈ। ਅਸੀਂ ਉਸ ਨੂੰ ਪੰਥ ਦੀ ਦੁਸ਼ਮਣ ਮੰਨਦੇ ਹਾਂ।’
ਉਨ੍ਹਾਂ ਕਿਹਾ,‘ਅਸੀਂ ਖਡੂਰ ਸਾਹਿਬ ਹਲਕੇ ਤੋਂ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਇੱਕ–ਦੋ ਦਿਨ ਅੰਦਰ ਅਸੀਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਆਗੂਆਂ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ। ਅਸੀਂ ਮਾਨ ਨਾਲ ਪਹਿਲਾਂ ਹੀ ਇਹ ਸਪੱਸ਼ਟ ਕਰ ਲਵਾਂਗੇ ਕਿ ਕਿਤੇ ਉਹ ਕਾਂਗਰਸ ਨਾਲ ਕੋਈ ਸਮਝੌਤਾ ਤਾਂ ਨਹੀਂ ਕਰਨ ਜਾ ਰਹੇ।’
ਉਨ੍ਹਾਂ ਇਹ ਵੀ ਕਿਹਾ ਕਿ – ‘ਜੇ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ, ਤਾਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸ੍ਰੀ ਬੀਰ ਦਵਿੰਦਰ ਸਿੰਘ ਹੀ ਸਾਡੇ ਉਮੀਦਵਾਰ ਰਹਿਣਗੇ।’ ਆਮ ਆਦਮੀ ਪਾਰਟੀ ਨੇ ਉਸੇ ਹਲਕੇ ਤੋਂ ਪਹਿਲਾਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ।