ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖਾਂ `ਚ ਭਰੋਸੇਯੋਗਤਾ ਗੁਆ ਬੈਠੇ ਹਨ ਅਕਾਲੀ: ਮਨਜੀਤ ਸਿੰਘ ਜੀਕੇ

ਸਿੱਖਾਂ `ਚ ਭਰੋਸੇਯੋਗਤਾ ਗੁਆ ਬੈਠੇ ਹਨ ਅਕਾਲੀ: ਮਨਜੀਤ ਸਿੰਘ ਜੀਕੇ,

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਖ਼ਾਸ ਗੱਲਬਾਤ


--  ਅਕਾਲੀਆਂ ਲਈ ਬੇਅਦਬੀ ਕਾਂਡ ਬਿਲਕੁਲ ਉਵੇਂ, ਜਿਵੇਂ ਕਾਂਗਰਸ ਲਈ ਆਪਰੇਸ਼ਨ ਬਲੂ ਸਟਾਰ

--  ਅਸੀਂ ਕੁਝ ਵੀ ਗ਼ਲਤ ਨਹੀਂ ਕੀਤਾ ਪਰ ਫਿਰ ਵੀ ਜਨਤਕ ਰੋਹ ਦਾ ਸਾਹਮਣਾ ਕਰ ਰਹੇ ਹਾਂ

--  ਨਵੇਂ ਅਕਾਲੀ ਆਗੂਆਂ ਨੂੰ ਪੰਥਕ ਮੁੱਦਿਆਂ ਦੀ ਸਮਝ ਨਹੀਂ

--  2007 ਵਿਧਾਨ ਸਭਾ ਚੋਣਾਂ `ਚ ਅਕਾਲੀ ਦਲ ਨੇ ਗ਼ੈਰ-ਸਿੱਖਾਂ ਨੂੰ ਟਿਕਟਾਂ ਦਿੱਤੀਆਂ, ਇਸ ਕਾਰਨ ਵੀ ਸਿੱਖਾਂ `ਚ ਰੋਹ...

--  ਅਕਾਲੀ ਦਲ ਨੂੰ ਹੁਣ ਗੁਰਚਰਨ ਸਿੰਘ ਟੌਹੜਾ ਜਿਹੇ ਆਗੂਆਂ ਤੇ ਥਿੰਕ ਟੈਂਕ ਦੀ ਜ਼ਰੂਰਤ

--  ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇ ਮੁੱਦੇ `ਤੇ ਆਮ ਸਹਿਮਤੀ ਕਾਇਮ ਕਰਨੀ ਹੋਵੇਗੀ

--  ਅਕਾਲੀ ਦਲ 98 ਸਾਲ ਪੁਰਾਣੀ ਪਾਰਟੀ, ਇਹ ਇੰਝ ਹੀ ਖ਼ਤਮ ਨਹੀਂ ਹੋਣ ਲੱਗੀ

--  ਜੱਥੇਦਾਰਾਂ ਦੀ ਨਿਯੁਕਤੀ `ਚ ਸੁਧਾਰ ਦੀ ਲੋੜ

--  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੀ ਨਿਯੁਕਤੀ ਉਂਝ ਹੋਵੇ, ਜਿਵੇਂ ਈਸਾਈਆਂ `ਚ ਪੋਪ ਦੀ ਨਿਯੁਕਤੀ ਹੁੰਦੀ ਹੈ

--  ਅਮਰੀਕਾ `ਚ ਮੇਰੇ `ਤੇ ਹਮਲਾ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅਨਸਰਾਂ ਨੇ ਕੀਤਾ

--  ‘ਰਾਇਸ਼ੁਮਾਰੀ 2020` ਸਿਰਫ਼ ਸੋਸ਼ਲ ਮੀਡੀਆ ਵੱਲੋਂ ਪੈਦਾ ਕੀਤਾ ਕਾਗਜ਼ੀ-ਸ਼ੇਰ

--  ਸਮੇਂ ਨਾਲ ਅਕਾਲੀਆਂ ਪ੍ਰਤੀ ਜਨਤਕ ਰੋਹ ਆਪੇ ਸ਼ਾਂਤ ਹੋ ਜਾਵੇਗਾ

 

ਪਿਛਲੇ ਮਹੀਨੇ ਅਮਰੀਕੀ ਸੂਬੇ ਕੈਲੀਫ਼ੋਰਨੀਆ `ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ (60) `ਤੇ ਕੁਝ ਖ਼ਾਲਿਸਤਾਨ-ਪੱਖੀਆਂ ਵੱਲੋਂ ਹਿੰਸਕ ਹਮਲਾ ਕੀਤੇ ਜਾਣ ਦੀ ਘਟਨਾ ਵਾਪਰਨ ਦੇ ਬਾਅਦ ਤੋਂ ਹੀ ਸ੍ਰੀ ਜੀਕੇ ਚਰਚਾ ਦਾ ਕੇਂਦਰ ਬਣੇ ਹੋਏ ਹਨ। ਸ੍ਰੀ ਜੀਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਬਹੁਤ ਕਰੀਬੀਆਂ `ਚੋਂ ਇੱਕ ਹਨ। ਪੰਜਾਬ `ਚ ਬੇਅਦਬੀ ਕਾਂਡ ਦੀ ਜਾਂਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਸੂਬੇ ਦੇ ਸਿੱਖਾਂ ਦਾ ਗੁੱਸਾ ਪੂਰੀ ਤਰ੍ਹਾਂ ਭੜਕਿਆ ਹੋਇਆ ਹੈ ਤੇ ਸ੍ਰੀ ਜੀਕੇ ਇਸ ਮਾਮਲੇ ਨੂੰ ਕਿਵੇਂ ਨਾ ਕਿਵੇਂ ਸ਼ਾਂਤ ਕਰਨ ਦੀ ਭੂਮਿਕਾ ਨਿਭਾ ਰਹੇ ਹਨ।


ਅੱਜ ਸਨਿੱਚਰਵਾਰ ਨੂੰ ‘ਹਿੰਦੁਸਤਾਨ ਟਾਈਮਜ਼` ਦੇ ਦਫ਼ਤਰ ਵਿੱਚ ਸ੍ਰੀ ਮਨਜੀਤ ਸਿੰਘ ਜੀਕੇ ਨੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਅਤੇ ਅਸਿਸਟੈਂਟ ਐਡੀਟਰ ਗੁਰਪ੍ਰੀਤ ਸਿੰਘ ਨਿੱਬਰ ਨਾਲ ਲਗਭਗ ਇੱਕ ਘੰਟਾ ਗੱਲਬਾਤ ਕੀਤੀ। ਸ੍ਰੀ ਜੀਕੇ ਨੇ ਬਹੁਤ ਬੇਬਾਕੀ ਨਾਲ ਪਾਰਟੀ ਦੀਆਂ ਮੁਸੀਬਤਾਂ ਦਾ ਮੁਲਾਂਕਣ ਕੀਤਾ ਤੇ ਇਹ ਮੰਨਿਆ ਕਿ ਇਹ ਅਕਾਲੀਆਂ ਲਈ ਹਾਲੀਆ ਇਤਿਹਾਸ ਦਾ ਸਭ ਤੋਂ ਵੱਧ ਭੈੜਾ ਸਿਆਸੀ ਸੰਕਟ ਹੈ ਪਰ ਨਾਲ ਹੀ ਇਹ ਵੀ ਆਖਿਆ ਕਿ ਪਾਰਟੀ ਇਸ ਸੰਕਟ `ਚੋਂ ਵੀ ਜ਼ਰੂਰ ਨਿੱਕਲ ਜਾਵੇਗੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼:


ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਨੂੰ ਸਾਲ 2015 ਦੀਆਂ ਬੇਅਦਬੀ ਤੇ ਗੋਲੀਬਾਰੀ ਦੀਆਂ ਘਟਨਾਵਾਂ ਲਈ ਦੋਸ਼ੀ ਮੰਨਿਆ ਜਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸੰਕਟ ਵਿੱਚ ਹੈ; ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਇਸ ਵੇਲੇ ਅਸੀਂ ਸਿੱਖਾਂ `ਚ ਆਪਣੀ ਭਰੋਸੇਯੋਗਤਾ ਦੇ ਸੰਕਟ `ਚੋਂ ਲੰਘ ਰਹੇ ਹਾਂ। ਇਹ ਰਿਪੋਰਟ ਪੇਸ਼ ਹੋਣ ਤੋਂ ਬਾਅਦ ਸਾਡੇ ਖਿ਼ਲਾਫ਼ ਜਨਤਾ ਦਾ ਗੁੱਸਾ ਫੁੱਟ ਪਿਆ ਹੈ ਪਰ ਲੋਕਾਂ ਨੂੰ ਜਦੋਂ ਸੱਚਾਈ ਸਮਝ ਆ ਜਾਵੇਗੀ, ਤਦ ਉਹ ਸ਼ਾਂਤ ਹੋ ਜਾਣਗੇ। ਅਸੀਂ 2017 ਤੱਕ ਪਿਛਲੇ 10 ਵਰ੍ਹਿਆਂ ਦੀ ਆਪਣੀ ਹਕੂਮਤ ਦੌਰਾਨ ਸੂਬੇ `ਚ ਜੋ ਕੁਝ ਵੀ ਚੰਗਾ ਕੀਤਾ, ਉਹ ਸਾਰਾ ਭੁਲਾ ਦਿੱਤਾ ਗਿਆ ਹੈ। ਅਕਾਲੀ ਦਲ ਸਿੱਖਾਂ ਦੇ ਭਾਵਨਾਤਮਕ ਮੁੱਦਿਆਂ ਦਾ ਕੋਈ ਜਵਾਬ ਦੇਣ ਤੋਂ ਅਸਮਰੱਥ ਰਿਹਾ ਤੇ ਸਾਨੂੰ ਉਸ ਦਾ ਨਤੀਜਾ ਵਿਧਾਨ ਸਭਾ `ਚ ਸੀਟਾਂ ਗੁਆ ਕੇ ਭੁਗਤਣਾ ਪਿਆ। ਵਿਕਾਸ ਦੇ ਮਾਮਲੇ `ਚ ਹੁਣ ਤੱਕ ਕਾਂਗਰਸ ਨੇ ਜੋ ਕੁਝ ਵੀ ਕੀਤਾ ਹੈ, ਬਾਦਲ ਸਰਕਾਰ ਨਿਸ਼ਚਤ ਤੌਰ `ਤੇ ਉਸ ਤੋਂ ਅਗਾਂਹ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਭੁਲਾ ਬੈਠੇ ਹਨ ਤੇ ਉਹ ਹੁਣ ਧਿਆਨ ਵੰਡਾਉਣ ਲਈ ਪੰਥਕ ਏਜੰਡੇ ਦੇ ਦਾਅਪੇਚ ਚੱਲ ਰਹੇ ਹਨ। ਪੰਥਕ ਮੁੱਦਿਆਂ `ਤੇ ਉਹ ਅਕਾਲੀਆਂ ਨੂੰ ਠਿੱਬੀ ਲਾਉਣਾ ਚਾਹੰੁਦੇ ਹਨ। ਪਰ ਅਜਿਹਾ ਕੁਝ ਹੋਣ ਵਾਲਾ ਨਹੀਂ ਹੈ। ਅਕਾਲੀ ਜਵਾਬੀ ਕਾਰਵਾਈ ਕਰਨਗੇ।


ਅਕਾਲੀਆਂ ਲਈ ਬੇਅਦਬੀ ਦਾ ਇਹ ਮੁੱਦਾ ਬਿਲਕੁਲ ਉਵੇਂ ਬਣ ਚੁੱਕਾ ਹੈ, ਜਿਵੇਂ ਕਾਂਗਰਸ ਲਈ ਆਪਰੇਸ਼ਨ ਬਲੂਸਟਾਰ ਦਾ ਮਾਮਲਾ ਹੈ?
ਹਾਂ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਇਹ ਬੇਅਦਬੀ ਸਾਡਾ ਆਪਰੇਸ਼ਨ ਬਲੂ ਸਟਾਰ ਹੀ ਹੈ। ਅਸੀਂ ਭਾਵੇਂ ਕੁਝ ਵੀ ਗ਼ਲਤ ਨਹੀਂ ਕੀਤਾ ਪਰ ਦੋਸ਼ ਸਾਡੇ `ਤੇ ਆਣ ਪਿਆ ਹੈ। ਇਸ ਵੇਲੇ ਲੋਕ ਸਾਡੇ ਸੱਚ ਨੂੰ ਵੀ ਝੂਠ ਮੰਨ ਰਹੇ ਹਨ। ਇਹ ਨਾ ਭੁੱਲੋ ਕਿ ਅਸੀਂ (ਅਕਾਲੀ) ਇੱਕ ਬੇਹੱਦ ਜਜ਼ਬਾਤੀ ਕੌਮ ਦੀ ਅਗਵਾਈ ਕਰ ਰਹੇ ਹਾਂ। ਤੁਸੀਂ ਭਾਵੇਂ 100 ਗੱਲਾਂ ਚੰਗੀਆਂ ਕਰ ਲਵੋ ਪਰ ਜੇ ਬੇਅਦਬੀ ਜਿਹੀ ਕੋਈ ਇੱਕ ਘਟਨਾ ਵੀ ਕਿਤੇ ਵਾਪਰ ਗਈ, ਤਾਂ ਤੁਹਾਡਾ ਸਾਰੇ ਚੰਗੇ ਕੰਮ ਦੀ ਪੱਟੀ-ਮੇਸ ਹੋ ਜਾਂਦੀ ਹੈ। ਅਕਾਲੀ ਕਦੇ ਕਿਸੇ ਬੇਅਦਬੀ ਦੀ ਘਟਨਾ `ਚ ਸ਼ਾਮਲ ਨਹੀਂ ਰਹੇ - ਸਾਡੇ ਖਿ਼ਲਾਫ਼ ਅਜਿਹੀ ਨਾਂਹ-ਪੱਖੀ ਧਾਰਨਾ ਬਣ ਗਈ ਹੈ।


ਬਾਦਲ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਰੋਕਣ ਤੋਂ ਅਸਮਰੱਥ ਰਹੀ ਤੇ ਸਿੱਖ ਰੋਸ ਮੁਜ਼ਾਹਰਾਕਾਰੀਆਂ `ਤੇ ਗੋਲੀਆਂ ਚਲਾਈਆਂ ਗਈਆਂ।
ਪਰ ਇੰਝ ਅਸੀਂ ਬੇਅਦਬੀ ਦੇ ਦੋਸ਼ੀ ਨਹੀਂ ਬਣ ਗਏ। ਕਾਂਗਰਸ ਸਰਕਾਰ ਨੇ ਪਿਛਲੇ ਸਾਲ ਹੀ ਸੱਤਾ ਸੰਭਾਲੀ ਹੈ ਪਰ ਤਦ ਤੋਂ ਲੈ ਕੇ ਹੁਣ ਤੱਕ ਬੇਅਦਬੀ ਦੀਆਂ 70 ਘਟਨਾਵਾਂ ਵਾਪਰ ਚੁੱਕੀਆਂ ਹਨ। ਵਿਧਾਨ ਸਭਾ `ਚ ਇੱਕ-ਪਾਸੜ ਬਹਿਸ ਦੌਰਾਨ ਕਾਂਗਰਸ ਨੇ ਸਾਡੇ ਖਿ਼ਲਾਫ਼ ਫ਼ਤਵਾ ਜਾਰੀ ਕਰ ਦਿੱਤਾ। ਇਹ ਉਹੀ ਪਾਰਟੀ ਹੈ, ਜਿਹੜੀ ਸ੍ਰੀ ਹਰਿਮੰਦਰ ਸਾਹਿਬ `ਤੇ ਹਮਲੇ ਲਈ ਜਿ਼ੰਮੇਵਾਰ ਹੈ ਤੇ ਨਵੰਬਰ 1984 ਦੌਰਾਨ ਜਿਸ ਨੇ ਹਜ਼ਾਰਾਂ ਸਿੱਖ ਮਰਵਾਏ ਸਨ। ਹੁਣ ਕੋਈ ਵੀ ਕਾਂਗਰਸ ਤੋਂ ਉਨ੍ਹਾਂ ਘਟਨਾਵਾਂ ਬਾਰੇ ਸੁਆਲ ਨਹੀਂ ਕਰ ਰਿਹਾ। ਹੁਣ ਲੋਕ ਸਾਡੇ `ਤੇ ਭਰੋਸਾ ਨਹੀਂ ਕਰ ਰਹੇ।


ਅਜਿਹਾ ਕਿਉਂ ਹੋਇਆ?
ਦਰਅਸਲ, ਅਕਾਲੀਆਂ ਨੂੰ ਪੰਥ ਦੇ ਠੇਕੇਦਾਰ ਸਮਝਿਆ ਜਾਂਦਾ ਰਿਹਾ ਹੈ। ਅਕਾਲੀ ਦਲ ਨੂੰ 9 ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਥ ਦਾ ਸਮਾਨਾਰਥੀ ਮੰਨਿਆ ਜਾ ਰਿਹਾ ਹੈ। ਸਿੱਖਾਂ ਨੇ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਲ ਕਦੇ ਬੇਅਦਬੀ ਦੀ ਕੋਈ ਘਟਨਾ ਵਾਪਰ ਜਾਵੇਗੀ। ਬਾਦਲ ਸਾਹਿਬ ਨੂੰ ਮੁੱਖ ਮੰਤਰੀ ਦੇ ਤੌਰ `ਤੇ ਬਹਿਬਲ ਕਲਾਂ `ਚ ਗੋਲ਼ੀਆਂ ਚਲਾਉਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਰ ਉਦੋਂ ਹਾਲਾਤ ਅਜਿਹੇ ਸਨ ਕਿ ਗੋਲੀਬਾਰੀ ਦੀ ਘਟਨਾ ਵਾਪਰ ਗਈ। ਸਰਕਾਰ ਨੇ ਤੁਰੰਤ ਉਦੋਂ ਦੇ ਡੀਜੀਪੀ ਸੁਮੇਧ ਸੈਣੀ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਜਾਰੀ ਕੀਤੇ ਗਏ। ਅਮਰਿੰਦਰ ਸਿੰਘ ਸਰਕਾਰ ਨੂੰ ਸੀਬੀਆਈ `ਤੇ ਭਰੋਸਾ ਕਰਨਾ ਚਾਹੀਦਾ ਸੀ ਪਰ ਹੁਦ ਮਾਮਲਾ ਉਸ ਤੋਂ ਵਾਪਸ ਲੈ ਕੇ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਕੀਤਾ ਜਾ ਰਿਹਾ ਹੈ। ਉਹ ਜਾਂਚ ਟੀਮ ਆਪਣੀ ਮਰਜ਼ੀ ਨਾਲ ਜਿਸ ਨੂੰ ਵੀ ਚਾਹੇਗੀ, ਉਸੇ ਨੂੰ ਦੋਸ਼ੀ ਕਰਾਰ ਦੇਵੇਗੀ। ਸੁਆਲ ਇਹ ਪੈਦਾ ਹੰੁਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੀ ਸ਼ਮੂਲੀਅਤ ਕਿੱਥੇ ਵਿਖਾਈ ਦਿੰਦੀ ਹੈ? ਦਰਅਸਲ, ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਉਦੋਂ ਅਕਾਲੀ ਸੱਤਾ `ਚ ਸਨ, ਇਸੇ ਲਈ ਆਮ ਲੋਕ ਸਾਡੇ ਵਿਰੁੱਧ ਹਨ ਤੇ ਉਨ੍ਹਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ।


ਹੁਣ ਅਕਾਲੀਆਂ ਤੇ ਪੰਥਕ ਮੁੱਦਿਆਂ ਵਿਚਾਲੇ ਕੋਈ ਸਬੰਧ ਨਹੀਂ ਜਾਪਦਾ, ਅਜਿਹਾ ਕਿਉਂ?
ਇਸ ਦਾ ਇੱਕ ਕਾਰਨ ਅਕਾਲੀ ਦਲ ਵਿੱਚ ਪੀੜ੍ਹੀ-ਪਾੜਾ ਹੈ। ਸੀਨੀਅਰ ਅਕਾਲੀ ਆਗੂ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਹੁਣ ਪਿਛਾਂਹ ਧੱਕ ਦਿੱਤਾ ਗਿਆ ਹੈ ਪਰ ਨਵੀਂ ਪੀੜ੍ਹੀ ਨੂੰ ਪੰਥਕ ਮਾਮਲਿਆਂ ਦੀ ਸਮਝ ਨਹੀਂ ਹੈ। ਇਸੇ ਲਈ ਅਕਾਲੀ ਦਲ ਤੋਂ ਗ਼ਲਤੀਆਂ ਹੋਈਆਂ। ਇੱਕ ਹੋਰ ਕਾਰਨ ਇਹ ਵੀ ਹੈ ਕਿ ਮੋਗਾ ਐਲਾਨਨਾਮੇ ਤੋਂ ਬਾਅਦ ਅਕਾਲੀ ਦਲ ਨੇ ਆਪਣਾ ਚਰਿੱਤਰ ਬਦਲ ਲਿਆ ਹੈ ਤੇ ਇਸ ਨੂੰ ‘ਪੰਜਾਬੀਆਂ ਦੀ ਪਾਰਟੀ` ਆਖਿਆ ਜਾਣ ਲੱਗਾ ਹੈ। ਇਹ ਇੱਕ ਤਬਦੀਲੀ ਸੀ, ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਤਦ ਤੱਕ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕੋ-ਇੱਕ ਪਾਰਟੀ ਮੰਨਿਆ ਜਾਂਦਾ ਰਿਹਾ ਸੀ। ਅਤੇ ਫਿਰ ਅਸੀਂ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗ਼ੈਰ-ਸਿੱਖਾਂ ਨੂੰ ਵੀ ਟਿਕਟਾਂ ਦੇ ਦਿੱਤੀਆਂ। ਇਨ੍ਹਾਂ ਦੋਵੇਂ ਕਾਰਨਾਂ ਕਰਕੇ ਸਿੱਖਾਂ `ਚ ਬੇਚੈਨੀ ਪਾਈ ਜਾਣ ਲੱਗੀ ਤੇ ਅਸੀਂ ਉਨ੍ਹਾਂ ਨੂੰ ਇਹ ਸਭ ਸਮਝਾਉਣ `ਚ ਨਾਕਾਮ ਰਹੇ। ਸਾਨੂੰ ਗੁਰਚਰਨ ਸਿੰਘ ਟੌਹੜਾ ਜਿਹੇ ਆਗੂਆਂ ਦੀ ਜ਼ਰੂਰਤ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਅਕਾਲੀ ਦਲ `ਚੋਂ ਟਕਸਾਲੀ ਥਿੰਕ-ਟੈਂਕ ਗ਼ਾਇਬ ਹੋ ਗਏ ਹਨ। ਇਸੇ ਲਈ ਪੰਥਕ ਏਜੰਡੇ `ਚ ਅਸੀਂ ਪੱਛੜ ਗਏ ਹਾਂ।


ਕੀ ਤੁਸੀਂ ਇਹ ਗੱਲ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ਼ੀ ਦੇ ਮੁੱਦੇ ਬਾਰੇ ਆਖ ਰਹੇ ਹੋ?
ਜੀ ਹਾਂ। ਉਹ ਮੁਆਫ਼ੀ ਗ਼ਲਤ ਨਹੀਂ ਸੀ। ਜਿਸ ਤਰੀਕੇ ਉਹ ਮੁਆਫ਼ੀ ਦਿੱਤੀ ਗਈ ਸੀ, ਉਹ ਇੱਕ ਵੱਡੀ ਗ਼ਲਤੀ ਸੀ। ਸਿੱਖ ਧਰਮ ਵਿੰਚ ਮੁਆਫ਼ੀ ਦੀ ਇੱਕ ਪੂਰੀ ਧਾਰਨਾ ਹੈ ਤੇ ਇਸ ਮਾਮਲੇ `ਚ ਪੂਰਨ ਗੁਰ-ਮਰਿਆਦਾ ਦਾ ਖਿ਼ਆਲ ਰੱਖਣਾ ਪੈਂਦਾ ਹੈ। ਉਹ ਮੁਆਫ਼ੀ ਦੇਣ ਦੇ ਮੁੱਦੇ `ਤੇ ਜਿਸ ਤਰੀਕੇ ਨਾਲ ਅਸੀਂ ਫਸ ਗਏ ਹਾਂ, ਸਾਨੂੰ ਇਹ ਮਾਮਲਾ ਪੰਥ ਕੋਲ ਲਿਜਾਣਾ ਚਾਹੀਦਾ ਸੀ ਤੇ ਇਸ ਮਾਮਲੇ `ਤੇ ਆਮ ਸਹਿਮਤੀ ਕਾਇਮ ਕਰਨੀ ਚਾਹੀਦੀ ਸੀ। ਟਕਸਾਲੀ ਅਕਾਲੀਆਂ ਤੇ ਨਵੀਂ ਪੀੜ੍ਹੀ ਵਿਚਲੇ ਪਾੜੇ ਕਾਰਨ ਅੱਜ ਉਹ ਹਾਲਾਤ ਪੈਦਾ ਹੋ ਗਏ ਹਨ, ਜਿਨ੍ਹਾਂ ਦਾ ਸਾਹਮਣਾ ਅੱਜ ਅਸੀਂ ਕਰ ਰਹੇ ਹਾਂ। ਜਦੋਂ ਸਾਨੂੰ ਮਹਿਸੂਸ ਹੋਇਆ ਕਿ ਇਹ ਮੁਆਫ਼ੀ ਗ਼ਲਤ ਸੀ, ਤਦ ਉਸ ਨੂੰ ਰੱਦ ਕੀਤਾ ਗਿਆ ਪਰ ਤਦ ਤੱਕ ਨੁਕਸਾਨ ਹੋ ਚੁੱਕਾ ਸੀ।


ਕੀ ਅਕਾਲੀ ਹੁਣ ਉਸ ਗ਼ਲਤੀ ਲਈ ਮੁਆਫ਼ੀ ਮੰਗਣ ਲਈ ਤਿਆਰ ਹਨ?
ਸਿਆਸਤ `ਚ, ਸਭ ਤੋਂ ਵੱਡੀ ਸਜ਼ਾ ਤੇ ਪਛਤਾਵਾ ਉਦੋਂ ਹੀ ਹੁੰਦਾ ਹੈ, ਜਦੋਂ ਲੋਕ ਚੋਣਾਂ `ਚ ਰੱਦ ਕਰ ਕੇ ਤੁਹਾਨੂੰ ਘਰ ਬਿਠਾ ਦਿੰਦੇ ਹਨ। ਸਾਡੇ ਨਾਲ ਇਹੋ ਕੁਝ ਵਾਪਰਿਆ ਹੈ। ਅਸੀਂ ਇੱਕ ਜਜ਼ਬਾਤੀ ਕੌਮ ਦੀ ਅਗਵਾਈ ਕਰ ਰਹੇ ਹਾਂ, ਜੋ ਇਸ ਵੇਲੇ ਸਾਨੂੰ ਸੁਣਨ ਲਈ ਤਿਆਰ ਨਹੀਂ ਹੈ। ਸਾਨੂੰ ਉਸ ਗ਼ਲਤੀ ਲਈ ਨੁੱਕਰੇ ਲਾ ਦਿੱਤਾ ਗਿਆ ਹੈ, ਜਿਹੜੀ ਅਸੀਂ ਕਦੇ ਕੀਤੀ ਹੀ ਨਹੀਂ। ਪਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪਾਰਟੀ ਨੂੰ ਪਛਤਾਵਾ ਜ਼ਰੂਰ ਕਰਨਾ ਚਾਹੀਦਾ ਹੈ।


ਫਿਰ ਇਸ ਦਾ ਕੀ ਹੱਲ ਹੈ?
ਸਮਾਂ ਸਭ ਤੋਂ ਵੱਡਾ ਦਾਰੂ ਹੁੰਦਾ ਹੈ। ਇਸ ਵੇਲੇ ਜਦੋਂ ਕੌਮ ਰੋਹ `ਚ ਹੈ, ਅਜਿਹੇ ਵੇਲੇ ਕੋਈ ਵੀ ਤਰਕ ਦੇਣ ਦਾ ਕੋਈ ਲਾਭ ਨਹੀਂ ਹੈ। ਮੈਨੂੰ ਯਕੀਨ ਹੈ ਕਿ ਛੇਤੀ ਹੀ ਸਾਰੇ ਤੱਥ ਸਭ ਨੂੰ ਸਮਝੀਂ ਪੈਣ ਲੱਗ ਪੈਣਗੇ। ਇਹ ਗੱਲ ਵੀ ਬਿਲਕੁਲ ਠੀਕ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਰੱਖਣ ਦੀ ਪੂਰੀ ਜਿ਼ੰਮੇਵਾਰੀ ਸਰਕਾਰ ਦੀ ਹੀ ਸੀ ਪਰ ਸਰਕਾਰ ਦੀ ਮਨਸ਼ਾ ਕਦੇ ਵੀ ਮਾੜੀ ਨਹੀਂ ਰਹੀ। ਹੁਣ ਤੱਕ ਇਹੋ ਗੱਲ ਅਸੀਂ ਜਨਤਾ ਨੂੰ ਸਮਝਾਉਣ ਤੋਂ ਨਾਕਾਮ ਰਹੇ ਹਾਂ।


ਕੁਝ ਅਕਾਲੀ ਆਗੂ ਚਾਹੁੰਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਸਤੀਫ਼ਾ ਦੇਣ।
ਇਹ ਅਧਿਕਾਰ-ਖੇਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ। ਮੈਨੂੰ ਨਹੀਂ ਪਤਾ ਕਿ ਕੀ ਕੀ ਜੱਥੇਦਾਰ ਸਾਹਿਬ ਤੋਂ ਕੋਈ ਗ਼ਲਤੀ ਹੋਈ ਸੀ ਜਾਂ ਨਹੀਂ ਪਰ ਹੁਣ ਸਾਡੀ ਪਾਰਟੀ ਅਤੇ ਜੱਥੇਦਾਰ ਸਾਹਿਬ ਦੀ ਭਰੋਸੇਯੋਗਤਾ `ਤੇ ਸੁਆਲ ਜ਼ਰੂਰ ਉੱਠ ਰਹੇ ਹਨ।


ਇਸ ਵੇਲੇ ਜਨਤਾ ਦਾ ਰੋਹ ਅਕਾਲੀ ਦਲ ਨਾਲੋਂ ਬਾਦਲਾਂ ਪ੍ਰਤੀ ਵੱਧ ਕਿਉਂ ਹੈ?
ਜੇ ਕਦੇ ਫ਼ੌਜ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਉਸ ਲਈ ਉਸ ਦੇ ਜਰਨੈਲ ਨੂੰ ਹੀ ਜਿ਼ੰਮੇਵਾਰ ਮੰਨਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ 98 ਸਾਲ ਪੁਰਾਣੀ ਪਾਰਟੀ ਹੈ। ਇਹ ਇੰਝ ਖ਼ਤਮ ਨਹੀਂ ਹੋਣ ਲੱਗੀ। ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸਿਰਫ਼ ਆਪਣੀ ਭਰੋਸੇਯੋਗਤਾ ਕਾਰਨ ਹੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਹਨ। ਉਹ ਹੁਣ ਤੱਕ ਇਸ ਤੋਂ ਵੀ ਔਖੇ ਸਮਿਆਂ ਤੇ ਸੰਕਟਾਂ ਦਾ ਸਾਹਮਣਾ ਕਰ ਤੇ ਝੱਲ ਚੁੱਕੇ ਹਨ। ਸਮੂਹ ਅਕਾਲੀ ਤੇ ਉਹ ਜ਼ਰੂਰ ਇਸ ਸੰਕਟ `ਚੋਂ ਵੀ ਜ਼ਰੂਰ ਨਿੱਕਲ ਜਾਣਗੇ।


ਸਿੱਖ ਸੰਸਥਾਨਾਂ ਤੇ ਸੰਗਠਨਾਂ `ਚ ਭਰੋਸੇਯੋਗਤਾ ਦੀ ਬਹਾਲੀ ਲਈ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਚ ਸੁਧਾਰਾਂ ਦੀ ਜ਼ਰੂਰਤ ਨਹੀਂ?
ਜੱਥੇਦਾਰਾਂ ਦੀ ਨਿਯੁਕਤੀ ਵਿੱਚ ਸੁਧਾਰਾਂ ਦੀ ਜ਼ਰੂਰਤ ਹੈ। ਉਨ੍ਹਾਂ ਦੀ ਨਿਯੁਕਤੀ ਬਿਲਕੁਲ ਉਵੇਂ ਹੀ ਹੋਣੀ ਚਾਹੀਦੀ ਹੈ, ਜਿਵੇਂ ਈਸਾਈ ਭਾਈਚਾਰੇ `ਚ ਪੋਪ ਦੀ ਨਿਯੁਕਤੀ ਕੀਤੀ ਜਾਂਦੀ ਹੈ। ਜੱਥੇਦਾਰਾਂ ਦੀ ਨਿਯੁਕਤੀ ਕਿਵੇਂ ਕੀਤੀ ਜਾਵੇ, ਇਸ ਬਾਰੇ ਕੌਮ ਦੀ ਸਲਾਹ ਵੀ ਲੈ ਲੈਣੀ ਚਾਹੀਦੀ ਹੈ।


ਇਸ ਵੇਲੇ ਜੱਥੇਦਾਰਾਂ ਨੂੰ ਸਿਰਫ਼ ਅਕਾਲੀ ਦਲ ਦੇ ਇਸ਼ਾਰਿਆਂ `ਤੇ ਹੀ ਚੱਲਦਿਆਂ ਵੇਖਿਆ ਜਾਂਦਾ ਹੈ।
ਅਕਾਲੀ ਭਾਵੇਂ ਕੋਈ ਦਖ਼ਲ ਨਾ ਵੀ ਦੇਣ, ਲੋਕਾਂ ਨੂੰ ਇਹੋ ਲੱਗਦਾ ਹੈ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਆਪਣੀ ਮਰਜ਼ੀ ਪੁਗਾ ਲਈ ਹੈ। ਇਸ ਨਾਲ ਭਰੋਸੇਯੋਗਤਾ ਨੂੰ ਸੱਟ ਵੱਜੀ ਹੈ ਤੇ ਜੱਥੇਦਾਰ ਸਾਹਿਬ ਦੇ ਰੁਤਬੇ ਨੂੰ ਵੀ ਢਾਹ ਲੱਗੀ ਹੈ। ਇਸੇ ਲਈ ਸਾਨੂੰ ਜੱਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਮੁੜ ਪਰਿਭਾਸ਼ਤ ਕਰਨੀ ਹੋਵੇਗੀ।


ਬਰਗਾੜੀ `ਚ ਧਰਨੇ `ਤੇ ਬੈਠੇ ਮੁਜ਼ਾਹਰਾਕਾਰੀਆਂ ਬਾਰੇ ਤੁਸੀਂ ਕੀ ਸੋਚਦੇ ਹੋ?
ਉਹ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ `ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਇਸੇ ਲਈ ਉਨ੍ਹਾਂ ਨੂੰ ਕੁਝ ਸਿੱਖ ਹਲਕਿਆਂ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ। ਪਰ ਉਨ੍ਹਾਂ ਦਾ ਪਿਛੋਕੜ ਸਾਫ਼ ਨਹੀਂ ਹੈ ਤੇ ਉਨ੍ਹਾਂ ਨੁੰ ਸਾਫ਼ ਬਰੀ ਨਹੀਂ ਕੀਤਾ ਜਾ ਸਕਦਾ।


ਅਕਾਲੀਆਂ ਤੇ ਕੱਟੜ ਸਿੱਖਾਂ ਵਿਚਾਲੇ ਵਿਰੋਧ ਹੁਣ ਕੁਝ ਵਧਦਾ ਨਹੀਂ ਜਾ ਰਿਹਾ?
ਇਹ ਕੱਟੜ ਲੋਕ ਮੁੱਠੀ ਭਰ ਹਨ। ਸੋਸ਼ਲ ਮੀਡੀਆ ਨੂੰ ਕੱਟੜਪੰਥੀਆਂ, ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ। ਅੱਜ ਉਹ ਬੇਅਦਬੀ ਮਾਮਲੇ `ਚ ਅਕਾਲੀ ਦਲ `ਤੇ ਹਮਲੇ ਕਰ ਰਹੇ ਹਨ। ਫਿਰ ਵੀ ਸੁਖਬੀਰ ਬਾਦਲ ਮੋਹਰੀ ਮੋਰਚੇ `ਤੇ ਰਹਿ ਕੇ ਅਗਵਾਈ ਕਰ ਰਹੇ ਹਨ ਤੇ ਪਾਰਟੀ ਕਾਰਕੁੰਨਾਂ ਨੂੰ ਲਾਮਬੰਦ ਕਰ ਰਹੇ ਹਨ।


ਪਿੱਛੇ ਜਿਹੇ ਅਮਰੀਕਾ `ਚ ਤੁਹਾਡੇ `ਤੇ ਕੁਝ ਕੱਟੜਪੰਥੀਆਂ ਨੇ ਹਮਲਾ ਕੀਤਾ। ਉੱਥੇ ਸਿੱਖਾਂ ਦਾ ਰੌਂਅ ਕਿਹੋ ਜਿਹਾ ਹੈ?
ਮੇਰੇ `ਤੇ ਹਮਲਾ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਤੱਤਾਂ ਨੇ ਕੀਤਾ ਸੀ; ਜਿਹੜੇ ਅਖੌਤੀ ‘ਰਾਇਸ਼ੁਮਾਰੀ 2020` ਦੇ ਪਿੱਛੇ ਹਨ। ਦਰਅਸਲ ਉਹ ਮੁੱਦਾ ਸਿਰਫ਼ ਸੋਸ਼ਲ ਮੀਡੀਆ ਵੱਲੋਂ ਪੈਦਾ ਕੀਤਾ ਗਿਆ ਇਕ ਕਾਗਜ਼ੀ ਸ਼ੇਰ ਹੈ। ਇਹ ਸੱਚ ਹੈ ਕਿ ਵਿਦੇਸ਼ਾਂ `ਚ ਰਹਿੰਦੇ ਸਿੱਖਾਂ `ਚ ਰੋਸ ਅਤੇ ਵੱਡੇ ਪੱਧਰ `ਤੇ ਬੇਇਨਸਾਫ਼ੀ ਹੋਣ ਦੀ ਭਾਵਨਾ ਪਾਈ ਜਾਂਦੀ ਹੈ। ਉਨ੍ਹਾਂ ਨਾਲ ਸਬੰਧਤ ਮਾਮਲੇ ਜਿਸ ਤਰੀਕੇ ਸਾਡੀ ਸਰਕਾਰ ਨੇ ਸਿੱਝੇ, ਉਸ ਤਰੀਕੇ ਵਿੱਚ ਗ਼ਲਤੀ ਸੀ। ਮੈਂ ਇਹ ਗੱਲ ਪਿਛਲੇ ਹਫ਼ਤੇ ਅਮਰੀਕਾ ਤੋਂ ਪਰਤਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੁਰਾਂ ਨੂੰ ਵੀ ਆਖੀ ਸੀ। ਜਿਹੜੇ ਸਿੱਖ 1980ਵਿਆਂ ਤੇ 1990ਵਿਆਂ ਦੌਰਾਨ ਭਾਰਤ ਛੱਡ ਕੇ ਵਿਦੇਸ਼ ਚਲੇ ਗਏ ਸਨ ਤੇ ਉਨ੍ਹਾਂ ਨੇ ਬਾਹਰ ਜਾ ਕੇ ਸਿਆਸੀ ਪਨਾਹ ਹਾਸਲ ਕਰ ਲਈ ਸੀ; ਉਹ ਹੁਣ ਵਾਪਸ ਆਉਣਾ ਚਾਹੁੰਦੇ ਹਨ। ਪਰ ਹੁਣ ਅਸੀਂ ਉਨ੍ਹਾਂ ਨੁੰ ਵੀਜ਼ੇ ਦੇਣ ਤੋਂ ਇਨਕਾਰ ਕਰ ਰਹੇ ਹਾਂ ਤੇ ਇੰਝ ਉਨ੍ਹਾਂ ਵਿੱਚ ਰੋਹ ਭਰ ਰਿਹਾ ਹੈ ਤੇ ਉਹ ਆਪਣੇ-ਆਪ ਖ਼ਾਲਿਸਤਾਨੀਆਂ ਵੱਲ ਧੱਕੇ ਜਾ ਰਹੇ ਹਨ।  1984 ਦੀਆਂ ਸਿੱਖ-ਵਿਰੋਧੀ ਘਟਨਾਵਾਂ ਦੇ ਮਾਮਲੇ `ਚ ਸਿੱਖਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲ ਸਕਿਆ; ਜਿਸ ਕਾਰਨ ਵੀ ਰੋਹ ਪਾਇਆ ਜਾ ਰਿਹਾ ਹੈ। ਹੋਰਨਾਂ ਦੇਸ਼ਾਂ ਵਿੱਚ ਵਸਦੇ ਸਾਰੇ ਹੀ ਸਿੱਖ ਖ਼ਾਲਿਸਤਾਨੀ ਨਹੀਂ ਹਨ ਪਰ ਨਰਿੰਦਰ ਮੋਦੀ ਸਰਕਾਰ ਉਨ੍ਹਾਂ ਦੀਆਂ ਸਿ਼ਕਾਇਤਾਂ ਦੂਰ ਕਰਨ ਤੋਂ ਨਾਕਾਮ ਰਹੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akalis have lost credibility among Sikhs says Manjit Singh GK