ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਅਲਹਾਮ' ਕਵਿਤਾ ਨਿੰਦਰਦੀਪ

'ਅਲਹਾਮ' ਕਵਿਤਾ ਨਿੰਦਰਦੀਪ

ਹਿੰਦੂ ਪਾਣੀ 

ਮੁਸਲਮਾਨ ਪਾਣੀ

ਦੀਆਂ 'ਵਾਜਾਂ 

ਮੇਰੀ ਮਾਂ ਦੇ ਕੰਨੀ ਪੈਂਦੀਆਂ  

ਉਸ ਆਉਂਦੀਆਂ ਜਾਂਦੀਆਂ 

'ਟੇਸ਼ਨ ਤੇ ਗੱਡੀਆਂ 'ਚ

ਵਿੱਕਦਾ ਵੇਖਿਆ ਸੀ

ਹਿੰਦੂ ਪਾਣੀ

ਮੁਸਲਮਾਨ ਪਾਣੀ

 

ਗੱਡੇ ਭਰ ਭਰ ਕੇ

ਤਾਂਗੇ ਭਰ ਭਰ ਕੇ

ਟੱਰਕ ਲੱਦੇ

ਕੰਨਟੇਨਰਾਂ 'ਚ

ਛੁੱਪ ਛੁੱਪ ਕੇ

ਮਰਦ , ਤੀਂਵੀਂਆਂ,ਬੱਚੇ 

ਇੱਧਰੋੰ ਉੱਧਰ ਤੇ

ਉਧਰੋਂ ਇੱਧਰ

ਜਾਨਾਂ ਬਚਾ

ਦੋੜ ਰਹੇ ਸੀ

 

ਪਿਤਾ ਜੀ ਦੱਸਦੇ

ਮਸ਼ਾਲਾਂ ਦੋਹਾਂ ਹੱਥੀਂ ਫੜੀ

ਟੋਲਿਆਂ ਦੇ ਟੋਲੇ

ਆਪਣੇ ਹੀ ਵਤਨੋਂ 

ਬੇਵਤਨ ਹੋਏ ਸੀ

ਡਾਢੀ ਵੱਢ - ਟੁੱਕ 'ਚ

ਹਰ ਕੋਈ ਜਾਨਾਂ ਬਚਾਈ

ਵਾਹੋ-ਦਾਹੀ ਭੱਜਿਆ ਜਾਂਦਾ 

 

ਮੈਨੂੰ  ਮੇਰੀ ਮਾਸੀ 

ਰੂੰ ਪਿੰਜਾਣ

ਘਰ ਦੀਆਂ ਰਜ਼ਾਈਆਂ 'ਚ

ਰੂੰ ਪਿੰਜਣ ਦੀ ਮਸ਼ੀਨ ਤੇ ਲੈ ਗਈ

ਪਿਆਸ ਲੱਗਣ ਤੇ ਪਾਣੀ ਮੰਗਿਆ

ਮਾਸੀ ਕਹਿਣ ਲੱਗੀ

ਪੇੰਜਾ ਮੁਸਲਿਮ ਹੈ

ਆਪਾਂ ਘਰ ਜਾ ਕੇ ਪੀਵਾਂਗੇ

 

ਮੈਂ ਪੁੱਛਿਆ 

ਮੁਸਲਿਮ ਇਨਸਾਨ ਨਹੀਂ ਹੁੰਦੇ

ਮਾਸੀ ਖ਼ਾਮੋਸ਼ ਸੀ

ਤੇ ਮੈਂ ਅਲੜ ਕੁੜੀ 

ਜਾ ਵੜੀ ਦੁਕਾਨ ਦੇ ਪਿਛਵਾੜੇ

ਘਰ ਦੀ ਦਹਿਲੀਜ਼ ਤੇ

ਜਾ ਪੈਰ ਪਾਇਆ

ਉੱਚੀ ਲੰਮੀ ਮੁਟਿਆਰ ਤੋਂ 

ਪਾਣੀ ਪੀ ਕੇ ਬਾਹਰ ਨਿਕਲ ਆਈ

ਮਾਸੀ ਬਹੁਤ ਭਲਾ ਬੁਰਾ ਬੋਲੀ

 

ਕੁਝ  ਵੱਡੀ ਹੋਈ

ਤਾਂ ਲੋਕਾਂ ਤੋਂ ਸੁਣਿਆ 

ਮੁਸਲਮਾਨਾਂ ਤੇ ਵਿਸ਼ਵਾਸ਼ ਨਹੀਂ ਕਰੀਦਾ

ਫੇਰ ਚਾਰੋੰ ਪਾਸੇ ਝਾਤ ਮਾਰੀ

ਸਾਡੇ ਘਰਾਂ 'ਚ ਦੂਰ ਦੂਰ ਤੱਕ

ਇਹਨਾਂ ਘਰਾਂ ਨਾਲ

ਨਾ ਕੋਈ ਦੋਸਤੀ

ਨਾ ਆਉਣਾ ਜਾਣਾ

ਨਾ ਮਿਲਣਾ ਜੁਲਣਾ

 

ਜ਼ਰਾ ਸਿਆਣੀ ਹੋਈ

ਸਾਹਿਤ ਜਗਤ ਨਾਲ ਪਛਾਣ ਹੋਈ

ਬਾਬਾ ਫਰੀਦ , ਸ਼ਾਹ ਮੁਹੰਮਦ , 

ਬਾਬਾ ਬੁਲੇ ਸ਼ਾਹ ਨਾਲ ਵਾਹ ਪਿਆ

ਰਬਾਬੀ ਮਰਦਾਨੇ ਨੇ 

ਬਾਬੇ ਨਾਨਕ ਦੇ ਦਰਸ਼ਨ ਕਰਾਏ

ਸ੍ਰੀ ਹਰਮੰਦਿਰ ਸਾਹਿਬ ਜੀ ਦੀ ਨੀੱਹ

ਮੀਆਂ ਮੀਰ ਤੋਂ ਰੱਖਵਾਈ

ਪੇਂਜੇ ਦੇ ਘਰੋਂ ਪੀਤਾ ਪਾਣੀ

ਅੰਮਿ੍ਤ ਬਣ ਗਿਆ

ਬਸ ਫੇਰ ਕੰਨਾਂ 'ਚ ਬਾਣੀ ਗੂੰਜੀ

'ਅਵਲ ਅਲਹ ਨੂਰ ਉਪਾਇਆ

ਕੁਦਰਤ ਦੇ ਸਭ ਬੰਦੇ

ਏਕ ਨੂਰ ਤੇ ਸਭ ਜਗ ਉਪਜਿਆ

ਕਉਣ ਭਲੇ ਕਉਣ ਮੰਦੇ...

 

 

––  ਨਿੰਦਰ ਦੀਪ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alham Poem Ninderdeep