ਹੁਸਿ਼ਆਰਪੁਰ `ਚ ਹੈਜ਼਼ਾ ਫੈਲਣ ਤੋਂ ਬਾਅਦ ਪਾਣੀ ਦੇ ਜਿਹੜੇ 35 ਸੈਂਪਲ ਨਿਰੀਖਣ ਲਈ ਭੇਜੇ ਗਏ ਸਨ, ਉਹ ਸਾਰੇ ਹੀ ਫ਼ੇਲ੍ਹ ਹੋ ਗਏ ਹਨ। ਇਹ ਸੈਂਪਲ ਕਮਾਲਪੁਰ ਤੇ ਲਾਗਲੇ ਇਲਾਕਿਆਂ `ਚੋਂ ਲਏ ਗਏ ਸਨ, ਜਿੱਥੇ ਪੀਣ ਵਾਲੇ ਪਾਣੀ `ਚ ਗੰਦਗੀ ਘੁਲਣ ਦੀਆਂ ਖ਼ਬਰਾਂ ਆਈਆਂ ਸਨ।
ਜਿ਼ਲ੍ਹਾ ਐਪੀਡੀਮੀਓਲੌਜਿਸਟ ਸੈਲੇਸ਼ ਕੁਮਾਰ ਨੇ ਰਿਪੋਰਟ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੋਰ ਸੈਂਪਲ ਰਸਾਇਣਕ ਨਿਰੀਖਣਾਂ ਲਈ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਪਲਾਂ ਵਿੱਚ ਪਰਜੀਵੀ ਦੂਸ਼ਣ ਪਾਏ ਗਏ ਹਨ। ਅਗਲੇ ਕੁਝ ਦਿਨਾਂ ਦੌਰਾਨ ਹਾਲੇ ਸ਼ਹਿਰ `ਚੋਂ ਹੋਰ ਵੀ ਸੈਂਪਲ ਲਏ ਜਾਣਗੇ।
ਨਿਗਮ ਅਧਿਕਾਰੀਆਂ ਦੀ ਇਸ ਗੱਲ ਕਰ ਕੇ ਕਾਫ਼ੀ ਤਿੱਖੀ ਆਲੋਚਨਾ ਹੋ ਰਹੀ ਹੈ ਕਿਉਂਕਿ ਪੀਣ ਵਾਲੇ ਪਾਣੀ ਦੀ ਸਪਲਾਈ ਜਿਹੇ ਨਾਜ਼ੁਕ ਮਸਲੇ `ਤੇ ਵੀ ਅਜਿਹੀ ਲਾਪਰਵਾਹੀ ਵਰਤੀ ਗਈ। ਸਾਬਕਾ ਕੌਂਸਲਰ ਖੈਰਾਇਤੀ ਲਾਲ ਕਟਨਾ ਨੇ ਕਿਹਾ ਕਿ ਇਹ ਅਧਿਕਾਰੀ ਤਾਂ ਜਿਵੇਂ ਕੋਈ ਵੱਡਾ ਦੁਖਾਂਤ ਵਾਪਰਨ ਦੀ ਹੀ ਉਡੀਕ ਕਰ ਰਹੇ ਸਨ।
ਵੱਡੇ ਪੱਧਰ `ਤੇ ਮਹਾਮਾਰੀ ਵਰਗੇ ਹਾਲਾਤ ਪੈਦਾ ਹੋਣ ਤੋਂ ਬਾਅਦ ਨਗਰ ਨਿਗਮ ਨੇ ਸਭ ਕੁਝ ਵਿਵਸਥਤ ਕਰਨ ਲਈ ਕਮਰ ਕੱਸ ਲਈ ਹੈ। ਸਾਰੇ ਟਿਊਬਵੈੱਲਾਂ `ਚ ਕਲੋਰੀਨ ਮਿਲਾਈ ਜਾ ਰਹੀ ਹੈ, ਜਦ ਕਿ ਪਹਿਲਾਂ ਖਪਤਕਾਰਾਂ ਬਿਨਾ ਕਲੋਰੀਨ ਵਾਲਾ ਪਾਣੀ ਹੀ ਮੁਹੱਈਆ ਕਰਵਾਇਆ ਜਾ ਰਿਹਾ ਸੀ।
ਵੀਰਵਾਰ ਸ਼ਾਮ ਦੇ ਬਾਅਦ ਤੋਂ ਸਿਵਲ ਹਸਪਤਾਲ `ਚ ਦਸਤਾਂ ਤੋਂ ਪੀੜਤ 80 ਹੋਰ ਮਰੀਜ਼ ਦਾਖ਼ਲ ਹੋ ਚੁੱਕੇ ਹਨ। ਪਾਣੀ ਦੇ ਅਸੁਰੱਖਿਅਤ ਕੁਨੈਕਸ਼ਨਾਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਇੱਕ ਹਫ਼ਤੇ ਦੌਰਾਨ 878 ਮਰੀਜ਼ ਇਲਾਜ ਲਈ ਆ ਚੁੱਕੇ ਹਨ। ਉਨ੍ਹਾਂ `ਚੋਂ 29 ਨੂੰ ਹੈਜ਼ਾ ਹੋਣ ਦੀ ਪੁਸ਼ਟੀ ਹੋਈ ਹੈ।