ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਵਿੱਢੀ ਮੁਹਿੰਮ- ਡਾ ਅਨਮੋਲ ਨਾਗਪਾਲ
ਕੋਵਿਡ-19 ਨੂੰ ਲੈ ਕੇ ਲੋਕਾਂ ਦੀ ਸਿਹਤ ਪ੍ਰਤੀ ਰੱਖੀ ਜਾ ਰਹੀ ਹੈ ਪੂਰੀ ਚੌਕਸੀ
ਜ਼ਿਲ੍ਹਾ ਫਾਜ਼ਿਲਕਾ ਵਿੱਚ ਆਉਣ ਵਾਲੇ ਮਲੇਰੀਆ ਸੀਜ਼ਨ ਦੇ ਸੰਬੰਧ ਵਿੱਚ ਸਿਵਲ ਸਰਜਨ ਫਾਜ਼ਿਲਕਾ ਡਾ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਮਲਟੀਪਰਪਜ਼ ਹੈਲਥ ਵਰਕਰ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਮਲੇਰੀਆ ਦੇ ਖ਼ਾਤਮੇ ਲਈ ਉਪਰਾਲੇ ਕਰਨ ਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵਿਚਾਰ ਕੀਤਾ ਗਿਆ।
ਜ਼ਿਲ੍ਹਾ ਐਪੀਡਮੋਲੋਜਿਸਟ ਡਾ ਅਨਮੋਲ ਨੇ ਐਕਟਿਵ ਸਰਵਿਲਾਂਸ ਕਰਨ ਲ਼ਈ ਹਦਾਇਤਾ ਜਾਰੀ ਕਰਦੇ ਹੋਏ ਕਿਹਾ ਕਿ ਬੁਖ਼ਾਰ ਦੇ ਸ਼ਕੀ ਮਰੀਜ਼ਾਂ ਦੀਆਂ ਲਹੂ ਸਲਾਈਡ ਜ਼ਰੂਰ ਬਣਾਉਣ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਠੰਢ ਨਾਲ ਬੁਖ਼ਾਰ, ਤੇਜ਼ ਬੁਖ਼ਾਰ ਤੇ ਸਿਰ ਦਰਦ, ਬੁਖ਼ਾਰ ਉਤਰਨ ਤੋਂ ਬਾਅਦ ਕਮਜ਼ੋਰੀ ਤੇ ਪਸੀਨਾ ਆਉਣਾ ਮਲੇਰੀਆਂ ਦੀਆਂ ਮੁੱਖ ਨਿਸ਼ਾਨੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਬਚਾਓ ਲਈ ਅਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਠਹਿਰਨ ਦਿਓ, ਛੱਪੜਾ ਵਿੱਚ ਕਾਲੇ ਤੇਲ ਦਾ ਛਿੜਕਾਓ ਕਰੋ, ਕੱਪੜੇ ਇਹੋ ਜਿਹੇ ਪਾਓ ਜੋ ਸਰੀਰ ਨੂੰ ਪੂਰਾ ਢੱਕ ਸਕਣ ਤੇ ਸੌਣ ਵੇਲੇ ਮੱਛਰਦਾਨੀਆਂ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਦਸਿਆ ਕੇ ਡੱਬਵਾਲਾ ਕਲਾਂ ਦੀ ਫਿਸ਼ ਹੈਚਰੀ ਦਾ ਨਿਰੀਖਣ ਕਰਕੇ ਗਮਬੁਜ਼ਿਆ ਮੱਛੀਆ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੇ ਵਾਧੇ ਨੂੰ ਯਕੀਨੀ ਕਰਨ ਲਈ ਆਰਜ਼ੀ ਤੌਰ ’ਤੇ ਇਕ ਕਰਮਚਾਰੀ ਦੀ ਡਿਊਟੀ ਲਗਾ ਦਿੱਤੀ ਹੈ ਤਾਂ ਜੋ ਬਾਅਦ ਵਿਚ ਇਨ੍ਹਾਂ ਮੱਛੀਆਂ ਨੂੰ ਜ਼ਿਲ੍ਹੇ ਦੇ ਛੱਪੜਾ ਟੋਭਿਆਂ ਵਿੱਚ ਛੱਡਿਆ ਜਾ ਸਕੇ ਕਿਉਂਕਿ ਇਹ ਮੱਛੀਆ ਮੱਛਰਾਂ ਦੇ ਆਂਡਿਆਂ ਅਤੇ ਲਾਰਵਾ ਨੂੰ ਖਾ ਕੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਵਿੱਚ ਸਹਾਇਕ ਹੁਦੀ ਆਂ ਹਨ।