ਲੁਧਿਆਣਾ ਦੇ ਸਰਾਭਾ ਨਗਰ ਦੇ ਬਲਾਕ ਡੀ ਤੋਂ ਸਾਢੇ 5 ਸਾਲ ਦੀ ਇੱਕ ਬੱਚੀ ਦੀ ਮੌਤ ਰੇਬੀਜ਼ ਕਰਕੇ ਹੋਣ ਦੀ ਖ਼ਬਰ ਮਿਲੀ ਹੈ। ਇਹ ਇਲਾਕਾ ਸ਼ਹਿਰ ਦਾ ਸਭ ਤੋਂ ਪੌਸ਼ ਖੇਤਰ ਹੈ, ਜਿੱਥੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਵੀ ਘਰ ਹੈ।
ਬੱਚੇ ਦੇ ਮਾਪਿਆਂ ਨੇ ਐਤਵਾਰ ਨੂੰ ਲੁਧਿਆਣਾ ਨਗਰ ਨਿਗਮ (ਐਮ.ਸੀ.) ਨੂੰ ਇੱਕ ਆਨਲਾਈਨ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਉਹ ਆਪਣੇ ਖੇਤਰ ਵਿੱਚ ਭਟਕਣ ਵਾਲੇ ਕੁੱਤਿਆਂ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਇਹ ਮੰਗ ਵੀ ਕੀਤੀ ਹੈ ਕਿ ਜਿਸ ਕੁੱਤੇ ਨੇ ਉਨ੍ਹਾਂ ਦੀ ਧੀ ਨੂੰ ਵੱਢਿਆ, ਉਸਨੂੰ ਕਸੌਲੀ ਦੇ ਸੈਂਟਰਲ ਰਿਸਰਚ ਇੰਸਟੀਚਿਊਟ ਭੇਜਿਆ ਜਾਵੇ ਤਾਂ ਕਿ ਕੋਈ ਹੋਰ ਵਿਅਕਤੀ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ।
ਮਾਪਿਆਂ ਦੇ ਅਨੁਸਾਰ, ਉਨ੍ਹਾਂ ਦੀ ਧੀ ਅਸੀਸ ਕੌਰ, ਜਿਸ ਦੀ 23 ਅਕਤੂਬਰ ਨੂੰ ਮੌਤ ਹੋ ਗਈ ਸੀ, ਨੂੰ ਤਿੰਨ ਹਫਤੇ ਪਹਿਲਾਂ ਅਵਾਰਾ ਕੁੱਤੇ ਨੇ ਵੱਢ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਬੱਚੇ ਵਿੱਚ ਰੇਬੀਜ਼ ਦੇ ਲੱਛਣ ਨਜ਼ਰ ਆਉਣੇ ਸ਼ੁਰੂ ਨਹੀਂ ਹੋਏ ਉਹਨਾਂ ਨੂੰ ਬਿਮਾਰੀ ਦੀ ਜਾਣਕਾਰੀ ਨਹੀਂ ਸੀ।
ਲੜਕੀ ਦੇ ਪਿਤਾ ਅਮਰਦੀਪ ਸਿੰਘ ਕੂਨਰ ਨੇ ਕਿਹਾ ਕਿ ਇਕ ਕੁੱਤੇ ਨੇ ਉਨ੍ਹਾਂ ਦੀ ਬੇਟੀ 'ਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਉਹ ਡਿੱਗ ਪਈ ਤੇ ਉਸ ਦੀ ਅੱਖ 'ਤੇ ਸੱਟਾਂ ਲੱਗੀਆਂ।ਅਸੀਂ ਸੋਚਿਆ ਕਿ ਕੁੱਤੇ ਨੇ ਬੱਚੀ ਨੂੰ ਵੱਢਿਆ ਨਹੀਂ ਹੈ ਕਿਉਂਕਿ ਜ਼ਖ਼ਮ ਵੀ ਠੀਕ ਹੋਣ ਲੱਗ ਪਏ ਸਨ।
ਹਾਲਾਂਕਿ, ਮੌਤ ਤੋਂ ਕੁਝ ਦਿਨ ਪਹਿਲਾਂ, ਅਸੀਸ ਨੇ ਰੇਬੀਜ਼ ਦੇ ਲੱਛਣ ਦਿਖਾਉਣੇ ਸ਼ੁਰੂ ਕਰ ਦਿੱਤੇ।
23 ਅਕਤੂਬਰ ਨੂੰ ਅਸੀਸ ਦੀ ਸਿਹਤ ਵਿਗੜ ਗਈ ਤੇ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਸ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਸ ਨੂੰ ਚੰਡੀਗੜ੍ਹ ਪੀਜੀਆਈ ਨੂੰ ਰੈਫਰ ਕੀਤਾ ਗਿਆ । ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਐਮਸੀ ਦੇ ਸੀਨੀਅਰ ਵੈਟਨਰੀ ਅਫਸਰ ਡਾ. ਵਾਈ.ਪੀ. ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਸਰਾਭਾ ਨਗਰ ਵਿੱਚ ਰੇਬੀਜ਼ ਕਰਕੇ ਹੋਈ ਮੌਤ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਹੈ ਤਾਂ ਮੈਂ ਇਸ ਖੇਤਰ ਵਿੱਚ ਜਾਂਚ ਕਰਾਂਗਾ।