ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰਿੰਦਰ ਨੇ ਕਿਸਾਨਾਂ ਖਾਤਰ ਵਿਸ਼ਵ ਬੈਂਕ ਤੋਂ ਮੰਗੀ ਮਦਦ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਫਸਲੀ ਵੰਨ-ਸੁਵੰਨਤਾ ਵੱਲ ਮੋੜਣ ਲਈ ਵਿਸ਼ਵ ਬੈਂਕ ਪਾਸੋਂ ਤਕਨੀਕੀ ਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ ਜਿਸ ਦਾ ਮਨੋਰਥ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾਉਣਾ ਹੈ।

 

ਵਿਸ਼ਵ ਬੈਂਕ ਦੇ ਖੇਤੀਬਾੜੀ ਤੇ ਪਾਣੀ ਦੇ ਆਲਮੀ ਡਾਇਰੈਕਟਰ ਡਾ. ਜਿਉਰੇਗਨ ਵੋਇਗੇਲੇ ਦੀ ਅਗਵਾਈ ਵਿੱਚ ਆਏ ਵਫ਼ਦ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੁਆਰਾ ਚਲਾਏ ਗਏ ਪ੍ਰੋਗਰਾਮਾਂ ਸਦਕਾ ਬਹੁਤੇ ਕਿਸਾਨਾਂ ਨੇ ਰਵਾਇਤੀ ਫਸਲਾਂ ਦਾ ਤਿਆਗ ਕਰਕੇ ਬਦਲਵੀਆਂ ਫਸਲਾਂ ਨੂੰ ਅਪਣਾਇਆ ਹੋਇਆ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਦੀ ਲੋੜ ਹੈ ਜਿਸ ਲਈ ਵਿਸ਼ਵ ਬੈਂਕ ਢੁਕਵੀਂ ਸਹਾਇਤਾ ਮੁਹੱਈਆ ਕਰਵਾ ਸਕਦਾ ਹੈ।

 

ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਫਸਲੀ ਵੰਨ-ਸੁਵੰਨਤਾ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਲੇ ਪ੍ਰਾਜੈਕਟਾਂ ਦਾ ਖਾਕਾ ਤਿਆਰ ਕਰਕੇ ਵਿਸ਼ਵ ਬੈਂਕ ਨੂੰ ਸੌਂਪਿਆ ਜਾਵੇ ਤਾਂ ਕਿ ਬੈਂਕ ਪਾਸੋਂ ਤਕਨੀਕੀ ਤੇ ਵਿੱਤੀ ਸਹਾਇਤਾ ਹਾਸਲ ਕੀਤੀ ਜਾ ਸਕੇ।

 

ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਫਸਲੀ ਵੰਨ-ਸੁਵੰਨਤਾ ਦੇ ਅਹਿਮ ਮੁੱਦਿਆਂ ’ਤੇ ਅਧਾਰਿਤ ਉਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵਿਸ਼ਵ ਬੈਂਕ ਨੂੰ ਪੰਜਾਬ ਵਿੱਚੋਂ ਫਲ ਤੇ ਪਸ਼ੂਧਨ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਜਿਵੇਂ ਕਿ ਉਜ਼ਬੇਕਿਸਤਾਨ ਵਿੱਚ ਕੀਤਾ ਗਿਆ ਹੈ।

 

ਕੈਪਟਨ ਅਮਰਿੰਦਰ ਸਿੰਘ ਨੇ ਵਫ਼ਦ ਦੇ ਮੈਂਬਰਾਂ ਨੂੰ ਆਖਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਿਰੇ ਚਾੜਣ ਲਈ ਉਹ ਆਪਣੇ ਤਜਰਬੇ ਤੇ ਖੋਜਾਂ ਨੂੰ ਸਾਂਝਾ ਕਰਨ।

 

ਮੁੱਖ ਮੰਤਰੀ ਨੇ ਖੇਤੀ ਸਬਸਿਡੀਆਂ ਨੂੰ ਉਤਪਾਦਨ ਤੋਂ ਅਲਹਿਦਾ ਕਰਨ ਦਾ ਪ੍ਰਸਤਾਵ ਰੱਖਿਆ ਅਤੇ ਖੇਤੀ ਵੰਨ-ਸੁਵੰਨਤਾ ਲਈ ਕਿਸਾਨਾਂ ਨੂੰ ਪ੍ਰਭਾਵੀ ਮੰਡੀਕਰਨ ਦਾ ਢਾਂਚਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਵਿਸ਼ਵ ਬੈਂਕ ਵੱਲੋਂ ਸੂਬਾ ਸਰਕਾਰ ਦੇ ਪ੍ਰੋਗਰਾਮਾਂ ਲਈ ਸਹਾਇਤਾ ਕੀਤੀ ਜਾ ਸਕਦੀ ਹੈ।

 

ਉਨਾਂ ਨੇ ਮੌਜੂਦਾ ਖੇਤੀ ਸਹਾਇਤਾ ਵਿਧੀ ਦੇ ਪਸਾਰ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਜਿਸ ਤਹਿਤ ਭਾਰਤ ਸਰਕਾਰ ਵੱਲੋਂ ਮੱਕੀ, ਨਰਮਾ ਅਤੇ ਗੰਨੇ ਵਰਗੀਆਂ ਬਦਲਵੀਆਂ ਫਸਲਾਂ ਦੀ ਖ਼ਰੀਦ ਸਮਰਥਨ ਮੁੱਲ ’ਤੇ ਕੀਤਾ ਜਾਣਾ ਅਹਿਮ ਹੈ।

 

ਮੁੱਖ ਮੰਤਰੀ ਨੇ ਵਫ਼ਦ ਨੂੰ ਜਾਣਕਾਰੀ ਦਿੱਤੀ ਕਿ ਕਿਸਾਨਾਂ ਲਈ ਢੁਕਵਾਂ ਢਾਂਚਾ ਮਜ਼ਬੂਤ ਕਰਨ ਦੇ ਹਿੱਸੇ ਵਜੋਂ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਛੇਤੀ ਹੀ ਸੋਧਿਆ ਹੋਇਆ ਖੇਤੀਬਾੜੀ ਉਤਪਾਦਨ ਮੰਡੀ ਕਮੇਟੀ ਐਕਟ ਪੇਸ਼ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੰਡੀ ਸੁਧਾਰਾਂ ਦੇ ਉਦੇਸ਼ ਨਾਲ ਨਿਯਮਾਂ ਵਿੱਚ ਸੋਧ ਕੀਤੇ ਜਾਣ ਨੂੰ ਪਹਿਲਾਂ ਹੀ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ।

 

ਅਸਰਦਾਰ ਡਾਟਾ ਬੇਸ ਹੋਣ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਖੇਤੀ ਸੈਕਟਰ ਵਿੱਚ ਵਿਸ਼ਲੇਸ਼ਨਾਤਮਕ ਕੰਮ ਦੇ ਮਿਲਾਨ ਲਈ ਸਥਾਈ ਢੰਗ-ਤਰੀਕਾ ਤਿਆਰ ਕਰਨ ਲਈ ਆਖਿਆ। ਮੀਟਿੰਗ ਦੌਰਾਨ ਪਰਾਲੀ ਸਾੜਣ ਦਾ ਮੁੱਦਾ ਵੀ ਉੱਠਿਆ ਅਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਖਤਰਨਾਕ ਅਮਲ ਵਿਰੁੱਧ ਵਿੱਢੀ ਮੁਹਿੰਮ ਨੂੰ ਸਫਲ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਲੋੜ ਹੈ।

 

ਵਫ਼ਦ ਦੇ ਨੁਮਾਇੰਦੇ ਨੇ ਸੂਬਾ ਸਰਕਾਰ ਦੇ ‘ਪਾਣੀ ਬਚਾਓ, ਪੈਸਾ ਕਮਾਓ ਵਰਗੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਖੇਤੀ ਵਿਭਿੰਨਤਾ ਅਤੇ ਪਾਣੀ ਦੀ ਸੰਭਾਲ ਸਬੰਧੀ ਸੂਬਾ ਸਰਕਾਰ ਦੇ ਯਤਨਾਂ ਨੂੰ ਵਿਸ਼ਵ ਬੈਂਕ ਪਾਸੋਂ ਪੂਰੀ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ। ਉਨਾਂ ਕਿਹਾ ਕਿ ਫਲਾਂ ਦੀ ਪੈਦਾਵਾਰ ਅਤੇ ਸਹਾਇਕ ਸੈਕਟਰਾਂ ਵਿੱਚ ਆਪਣੀ ਸਮਰੱਥਾ ਵਧਾ ਕੇ ਪੰਜਾਬ ਕੋਲ ਨਵੀਂ ਖੇਤੀ ਕ੍ਰਾਂਤੀ ਦਾ ਅਹਿਮ ਮੌਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amarinder demands help from World Bank for farmers