31 ਸਾਲਾਂ ਦੇ ਇੱਕ ਵਿਅਕਤੀ ਨੂੰ ਪੈਸੇ ਦੇ ਲੈਣ–ਦੇਣ ਦੇ ਝਗੜੇ ਕਾਰਨ ਉਸ ਦੇ ਆਪਣੇ ਹੀ ਦੋਸਤ ਨੇ ਕਤਲ ਕਰ ਦਿੱਤਾ। ਇਹ ਵਾਰਦਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਸਬ–ਡਿਵੀਜ਼ਨ ਦੇ ਪਿੰਡ ਭੈਣੀ ਗਿੱਲਾਂ ’ਚ ਮੰਗਲਵਾਰ ਦੇਰ ਰਾਤੀਂ 11 ਕੁ ਵਜੇ ਵਾਪਰੀ।
ਮ੍ਰਿਤਕ ਦੀ ਸ਼ਨਾਖ਼ਤ ਪਿੰਡ ਪੰਡੋਰੀ ਵੜੈਚ ਦੇ ਨਿਰਵੈਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ 35 ਸਾਲਾ ਦੋਸਤ ਅਮਰਿੰਦਰ ਸਿੰਘ ਵਾਸੀ ਭੈਣੀ ਗਿੱਲਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਨਿਰਵੈਰ ਸਿੰਘ ਆਪਣੇ ਦੋਸਤ ਅਮਰਿੰਦਰ ਸਿੰਘ ਨੂੰ ਮਿਲਣ ਲਈ ਉਸ ਦੇ ਪਿੰਡ ਪੁੱਜਾ ਸੀ। ਪੁਲਿਸ ਮੁਤਾਬਕ ਨਿਰਵੈਰ ਸਿੰਘ ਪਿੰਡ ਪੰਡੋਰੀ ’ਚ ਕਿਰਾਏ ਦੀ ਇੱਕ ਦੁਕਾਨ ਵਿੱਚ ਕੁਲਚੇ–ਛੋਲੇ ਵੇਚਣ ਦਾ ਕੰਮ ਕਰਦਾ ਸੀ।
ਬਾਅਦ ’ਚ ਨਿਰਵੈਰ ਸਿੰਘ ਨੇ ਉਹ ਦੁਕਾਨ ਛੱਡ ਦਿੱਤੀ ਤੇ ਉਸ ਦੁਕਾਨ ਦਾ ਸਾਰਾ ਫ਼ਰਨੀਚਰ ਡੇਢ ਲੱਖ ਰੁਪਏ ’ਚ ਅਮਰਿੰਦਰ ਸਿੰਘ ਨੂੰ ਵੇਚ ਦਿੱਤਾ। ਪਰ ਅਮਰਿੰਦਰ ਸਿੰਘ ਉਹ ਫ਼ਰਨੀਚਰ ਚੁੱਕੇ ਬਗ਼ੈਰ ਹੀ ਬੰਗਲੌਰ ਚਲਾ ਗਿਆ।
ਕੈਂਬੋ ਪੁਲਿਸ ਥਾਣੇ ਦੇ ਐੱਸਐੱਚਓ ਕਸ਼ਮੀਰ ਸਿੰਘ ਨੇ ਦੱਸਿਆ ਕਿ ਨਿਰਵੈਰ ਸਿੰਘ ਨੇ ਪਿਛਲੇ ਛੇ ਮਹੀਨਿਆਂ ਤੋਂ ਆਪਣੀ ਦੁਕਾਨ ਦਾ ਕਿਰਾਇਆ ਨਹੀਂ ਦਿੱਤਾ ਸੀ; ਜਿਸ ਕਾਰਨ ਉਸ ਨੇ ਉਹ ਫ਼ਰਨੀਚਰ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ।
ਅਮਰਿੰਦਰ ਸਿੰਘ ਜਦੋਂ ਵਾਪਸ ਆਇਆ, ਤਾਂ ਉਸ ਨੇ ਨਿਰਵੈਰ ਸਿੰਘ ਤੋਂ ਆਪਣੇ ਡੇਢ ਲੱਖ ਰੁਪਏ ਮੰਗੇ। ਮੰਗਲਵਾਰ ਰਾਤੀਂ ਪਹਿਲਾਂ ਅਮਰਿੰਦਰ ਸਿੰਘ ਨੇ ਨਿਰਵੈਰ ਨੂੰ ਆਪਣੇ ਪਿੰਡ ਮਿਲਣ ਲਈ ਸੱਦਿਆ ਤੇ ਉੱਥੇ ਉਸ ਨੁੰ ਗੋਲ਼ੀ ਮਾਰ ਦਿੱਤੀ। ਨਿਰਵੈਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮੁਲਜ਼ਮ ਅਮਰਿੰਦਰ ਸਿੰਘ ਹਾਲੇ ਫ਼ਰਾਰ ਹੈ। ਨਿਰਵੈਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤੇ 6 ਸਾਲਾਂ ਦਾ ਇੱਕ ਪੁੱਤਰ ਛੱਡ ਗਿਆ ਹੈ।