ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਮੈਡੀਕਲ ਕਾਲਜ `ਚ ਸਕਰਟਾਂ, ਜੀਨਾਂ, ਟੀ-ਸ਼ਰਟਾਂ ਪਹਿਨਣ `ਤੇ ਪਾਬੰਦੀ

ਅੰਮ੍ਰਿਤਸਰ ਮੈਡੀਕਲ ਕਾਲਜ `ਚ ਸਕਰਟਾਂ, ਜੀਨਾਂ, ਟੀ-ਸ਼ਰਟਾਂ ਪਹਿਨਣ `ਤੇ ਪਾਬੰਦੀ

ਇਸ ਵੇਲੇ ਜਦੋਂ ਪੰਜਾਬ ਦੀਆਂ ਯੂਨੀਵਰਸਿਟੀਜ਼ ਦੇ ਹੋਸਟਲਾਂ `ਚ ਰਹਿਣ ਵਾਲੀਆਂ ਕੁੜੀਆਂ ਨੂੰ ਜਦੋਂ ਮਰਜ਼ੀ ਆਉਣ-ਜਾਣ ਦੀ ਖੁੱਲ੍ਹ ਤੇ ਆਜ਼ਾਦੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ; ਅਜਿਹੇ ਵੇਲੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਨੇ ਮੁੰਡਿਆਂ ਤੇ ਕੁੜੀਆਂ ਦੋਵਾਂ ਉੱਤੇ ਜੀਨਾਂ, ਟੀ-ਸ਼ਰਟਾਂ, ਕੈਪਰੀਜ਼ ਅਤੇ ਸਕਰਟਾਂ (ਫ਼ਰਾਕਾਂ) ਪਹਿਨਣ `ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਕਾਲਜ `ਚ ਕਲਾਸਾਂ ਲੱਗਣ ਦੇ ਸਮੇਂ ਅਤੇ ਪ੍ਰੀਖਿਆਵਾਂ ਦੌਰਾਨ ਲਾਗੂ ਰਹੇਗੀ। ਪਾਬੰਦੀ ਦੇ ਇਹ ਹੁਕਮ ਆਉਂਦੀ 1 ਅਕਤੂਬਰ ਤੋਂ ਲਾਗੂ ਹੋ ਜਾਣਗੇ।


ਮੰਗਲਵਾਰ ਨੂੰ ਵੱਖੋ-ਵੱਖਰੇ ਵਿਭਾਗਾਂ ਨੂੰ ਦਿੱਤੇ ਲਿਖਤੀ ਹੁਕਮ ਵਿੱਚ ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਅਧਿਆਪਕਾਂ ਨੂੰ ਕਿਹਾ ਹੈ ਕਿ ਉਹ ਇਸ ਹੁਕਮ ਨੂੰ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਜਿਹੜੇ ਵਿਦਿਆਰਥੀ ਇਸ ਹੁਕਮ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਵਿਰੁੱਧ ਕਾਰਵਾਈ ਵੀ ਕਰਨ।


ਪ੍ਰਿੰਸੀਪਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਿਰਫ਼ ਕਲਾਸਾਂ (ਭਾਵੇਂ ਉਹ ਪ੍ਰੈਕਟੀਕਲ ਦੀਆਂ ਹੋਣ ਤੇ ਚਾਹੇ ਥਿਓਰੀ ਦੀਆਂ) ਦੇ ਸਮੇਂ ਦੌਰਾਨ ਹੀ ਰਹੇਗੀ।


ਪ੍ਰਿੰਸੀਪਲ ਦੇ ਹੁਕਮ ਵਿੱਚ ਉਨ੍ਹਾਂ ਸਾਰੇ ਕੱਪੜਿਆਂ ਨੂੰ ਗ਼ੈਰ-ਸਭਿਅਕ ਦੱਸਿਆ ਗਿਆ ਹੈ, ਜਿਨ੍ਹਾਂ `ਤੇ ਆਉਂਦੀ ਪਹਿਲੀ ਅਕਤੂਬਰ ਤੋਂ ਪਾਬੰਦੀ ਲੱਗਣ ਜਾ ਰਹੀ ਹੈ। ਹੁਕਮ ਦੀ ਸ਼ਬਦਾਵਲੀ ਕੁਝ ਇਸ ਪ੍ਰਕਾਰ ਹੈ: ‘‘ਆਮ ਤੌਰ `ਤੇ ਇਹ ਵੇਖਿਆ ਗਿਆ ਹੈ ਕਿ ਵਿਦਿਆਰਥਣਾਂ ਅਕਸਰ ਟੀ-ਸ਼ਰਟਾਂ, ਕੈਪਰੀਜ਼ ਤੇ ਸਕਰਟਾਂ ਪਹਿਨ ਕੇ ਕਲਾਸਾਂ `ਚ ਆ ਜਾਂਦੀਆਂ ਹਨ। ਇਹ ਬਹੁਤ ਗ਼ੈਰ-ਸਭਿਅਕ ਲੱਗਦਾ ਹੈ।``


ਇਹ ਹੁਕਮ ਐੱਮਬੀਬੀਐੱਸ, ਬੀ.ਐੱਸਸੀ. ਤੇ ਡਿਪਲੋਮਾ ਕੋਰਸਾਂ ਦੇ ਸਾਰੇ ਇੰਟਰਨਜ਼ ਤੇ ਵਿਦਿਆਰਥੀਆਂ `ਤੇ ਲਾਗੂ ਹੋਵੇਗਾ। ਕੁੜੀਆਂ ਨੂੰ ਸਲਵਾਰ ਕਮੀਜ਼ ਤੇ ਮੁੰਡਿਆਂ ਨੂੰ ਪੈਂਟ-ਕਮੀਜ਼ਾਂ ਪਹਿਨ ਕੇ ਆਉਣ ਲਈ ਆਖਿਆ ਗਿਆ ਹੈ।


ਕਿਸੇ ਟਿੱਪਣੀ ਲਈ ਪ੍ਰਿੰਸੀਪਲ ਉਪਲਬਧ ਨਹੀਂ ਹੋ ਸਕੇ। ਪ੍ਰਿੰਸੀਪਲ ਦੇ ਪੀਏ (ਨਿਜੀ ਸਹਾਇਕ) ਅਰੁਣ ਭਾਗੀ ਨੇ ਅਜਿਹਾ ਹੁਕਮ ਜਾਰੀ ਹੋਣ ਦੀ ਪੁਸ਼ਟੀ ਕੀਤੀ ਤੇ ਨਾਲ ਹੀ ਇਹ ਵੀ ਆਖਿਆ ਕਿ ਇਹ ਹੁਕਮ ਅਧਿਆਪਕਾਂ `ਤੇ ਵੀ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਸਿਰਫ਼ ਕਾਲਜ `ਚ ਮੈਡੀਕਲ ਮਾਹੌਲ ਕਾਇਮ ਕਰਨਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹੋਸਟਲਾਂ `ਚ ਇਹ ਕੱਪੜੇ ਪਹਿਨਣ `ਤੇ ਕੋਈ ਪਾਬੰਦੀ ਨਹੀਂ ਹੋਵੇਗੀ।


ਹਾਲੇ ਤੱਕ ਕਿਸੇ ਵੀ ਵਿਦਿਆਰਥੀ ਨੇ ਇਸ ਪਾਬੰਦੀ ਦਾ ਕੋਈ ਵਿਰੋਧ ਨਹੀਂ ਕੀਤਾ। ਬਹੁਤਿਆਂ ਨੇ ਇਸ ਹੁਕਮ ਨੂੰ ਗ਼ਲਤ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਗੱਲਾਂ ਦੀ ਕੋਈ ਅਹਿਮੀਅਤ ਨਹੀਂ - ਸਗੋਂ ਮਹੱਤਵਪੂਰਨ ਇਹ ਹੁੰਦਾ ਹੈ ਕਿ ਕਾਲਜ ਵਿੰਚ ਕਿਸ ਕਿਸਮ ਦੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amritsar medical college bans skirts jeans