ਅੰਮ੍ਰਿਤਸਰ ਚ ਦੁਸ਼ਹਿਰੇ ਵਾਲੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ ਮਗਰੋਂ ਪੜਤਾਲ ਲਈ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਚ ਨਵਜੋਤ ਕੌਰ ਸਿੱਧੂ ਨੂੰ ਵੱਡੀ ਰਾਹਤ ਮਿਲ ਗਈ ਹੈ। ਹਾਦਸੇ ਦੀ ਜਾਂਚ ਕਰ ਰਹੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸਭਿੱਆਚਾਰ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਡਿਵੀਜ਼ਨਲ ਕਮਿਸ਼ਨਰ ਬੀ ਪੁਰਸ਼ਾਰਥ ਨੇ ਕਿਹਾ ਕਿ ਇਸ ਹਾਦਸੇ ਲਈ ਸਿੱਧੂ ਜੋੜਾ ਕਿਸੇ ਵੀ ਤਰ੍ਹਾਂ ਜਿ਼ੰਮੇਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਸਥਾਨਕ ਪ੍ਰਸ਼ਾਸਨ, ਮਿਊਸਪਲ ਕਾਰਪੋਰੇਸ਼ਨ, ਰੇਲਵੇ ਅਤੇ ਪੁਲਿਸ ਪ੍ਰਸ਼ਾਸਨ ਇਸ ਹਾਦਸੇ ਦੇ ਜਿ਼ੰਮੇਵਾਰ ਹਨ। ਜਾਂਚ ਰਿਪੋਰਟ ਚ ਵੀ ਦੱਸਿਆ ਗਿਆ ਹੈ ਕਿ ਇਸ ਹਾਦਸੇ ਲਈ ਸਿੱਧੂ ਜੇੜੇ ਦੇ ਨੇੜਲੇ ਮਿਊਸਪਲ ਕੌਂਸਲਰ ਮਿੱਠੂ ਮਦਾਨ ਦੇ ਨਾਲ-ਨਾਲ ਦੁਸਿ਼ਹਰੇ ਮੌਕੇ ਕਰਵਾਏ ਗਏ ਸਮਾਗਮ ਦੇ ਪ੍ਰਬੰਧਕ ਜਿ਼ੰਮੇਵਾਰ ਹਨ।
ਜਾਂਚ ਰਿਪੋਰਟ ਚ ਸਾਹਮਣੇ ਆਈਆਂ ਗੱਲਾਂ ਮੁਤਾਬਕ ਹਾਦਸੇ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਚ ਮੌਜੂਦ ਨਹੀਂ ਸਨ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਵਜੋਂ ਇਸ ਦੁਸ਼ਹਿਰੇ ਸਮਾਗਮ ਚ ਪੁੱਜੀ ਸਨ, ਉਨ੍ਹਾਂ ਨੂੰ ਵੀ ਇਸਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਰਿਪੋਰਟ ਮੁਤਾਬਕ ਮੁੱਖ ਮਹਿਮਾਨ ਦਾ ਕੰਮ ਸਮਾਗਮ ਚ ਪਹੁੰਚਣਾ ਹੁੰਦਾ ਹੈ ਜਿਸ ਨੂੰ ਸਮਾਗਮ ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੁੰਦਾ ਹੈ। ਹਾਦਸੇ ਸਮੇਂ ਮੁੱਖ ਮਹਿਮਾਨ ਦੇ ਉਸ ਸਥਾਨ ਤੋਂ ਤੁਰ ਜਾਣ ਤੇ ਸਵਾਲ ਨਹੀਂ ਚੁੱਕੇ ਜਾ ਸਕਦੇ। ਮੁੱਖ ਮਹਿਮਾਨ ਇਸ ਹਾਦਸੇ ਦਾ ਜਵਾਬਦੇਹ ਨਹੀਂ ਹੈ।
ਜਾਂਚ ਰਿਪੋਰਟ ਚ ਮਿਲੀ ਇਸ ਵੱਡੀ ਰਾਹਤ ਮਗਰੋਂ ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਲ ਹਾਦਸੇ ਦੀ ਜਾਂਚ ਨਿਰਪੱਖ ਢੰਗ ਨਾਲ ਹੋਈ ਹੈ ਅਤੇ ਇਸ ਵਿਚ ਕੋਈ ਵੀ ਦਖਲਅੰਦਾਜ਼ੀ ਨਹੀਂ ਕੀਤੀ ਗਈ। ਉਨ੍ਹਾਂ ਹਾਦਸੇ ਤੇ ਡੂੰਘਾ ਦੁੱਖ ਪ੍ਰਗਟਾਉ਼ਦਿਆਂ ਕਿਹਾ ਕਿ ਰੇਲਵੇ ਲਾਈਨਾਂ ਨੇੜੇ ਹੋਣ ਵਾਲੇ ਕਿਸੇ ਵੀ ਸਮਾਗਮ ਲਈ ਸਖਤ ਤੋਂ ਸਖਤ ਨਿਯਮ ਬਣਾਏ ਜਾਣ ਦੀ ਲੋੜ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰਨ ਤੋਂ ਰੋਕੀ ਜਾ ਸਕੇ।