31 ਅਕਤੂਬਰ, 1984 ਨੂੰ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕਤਲੇਆਮ ਸਿਰਫ਼ ਦਿੱਲੀ ’ਚ ਹੀ ਨਹੀਂ ਭੜਕਿਆ ਸੀ; ਸਗੋਂ ਤਦ ਅਜਿਹੀਆਂ ਵਾਰਦਾਤਾਂ ਕਾਨਪੁਰ (ਉੱਤਰ ਪ੍ਰਦੇਸ਼), ਹਰਿਆਣਾ, ਉੜੀਸਾ, ਪੱਛਮੀ ਬੰਗਾਲ ਅਤੇ ਦੇਸ਼ ਦੇ ਵੀ ਹੋਰ ਬਹੁਤ ਸਾਰੇ ਹਿੱਸਿਆਂ ਵਿੱਚ ਵੀ ਵਾਪਰੀਆਂ ਸਨ। ਉਦੋਂ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਬੀਰਪਾੜਾ ਸ਼ਹਿਰ ’ਚੋਂ ਉੱਜੜ ਕੇ 78 ਸਾਲਾ ਦਲਜੀਤ ਕੌਰ ਵੀ ਆਪਣੇ ਪਤੀ ਬਲਵੰਤ ਸਿੰਘ, ਦੋ ਪੁੱਤਰ ਗੁਰਸ਼ੇਰ ਸਿੰਘ (ਹੁਣ 54) ਅਤੇ ਭਾਗਲ ਸਿੰਘ (ਹੁਣ 50) ਨਾਲ ਅੰਮ੍ਰਿਤਸਰ ਆਉਣਾ ਪਿਆ ਸੀ।
ਦਰਅਸਲ, ਇਸ ਪਰਿਵਾਰ ਦਾ ਮਕਾਨ ਤੇ ਫ਼ੈਕਟਰੀ ਸਭ ਕੁਝ ਦੰਗਾਕਾਰੀਆਂ ਦੀਆਂ ਭੀੜਾਂ ਨੇ ਸਾੜ ਦਿੱਤਾ ਸੀ। ਅੰਮ੍ਰਿਤਸਰ ਆ ਕੇ ਇਸ ਪਰਿਵਾਰ ਨੂੰ ਆਪਣਾ ਕਾਰੋਬਾਰ ਦੋਬਾਰਾ ਸੈਟਲ ਕਰਨ ਲਈ ਡਾਢਾ ਸੰਘਰਸ਼ ਕਰਨਾ ਪਿਆ।
ਸ੍ਰੀ ਗੁਰਸ਼ੇਰ ਸਿੰਘ ਹੁਣ ਦੱਸਦੇ ਹਨ – ‘ਰੋਹ ’ਚ ਆਈ ਇੱਕ ਭੀੜ ਨੇ ਪਹਿਲਾਂ ਤਾਂ ਸਾਡੀ ਫ਼ੈਕਟਰੀ ’ਚ ਭੰਨ–ਤੋੜ ਕੀਤੀ ਸੀ ਤੇ ਫਿਰ ਉਸ ਨੂੰ ਅੱਗ ਲਾ ਦਿੱਤੀ ਸੀ।! ਮੇਰੇ ਪਿਤਾ ਉੱਤੇ ਤਸ਼ੱਦਦ ਢਾਹੇ ਗਏ ਤੇ ਸਿੱਖ ਕਾਮਿਆਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਭੀੜ ਨੇ ਸਾਡੇ ਘਰ ਨੂੰ ਵੀ ਸਾੜ ਦਿੱਤਾ, ਜੋ ਫ਼ੈਕਟਰੀ ਦੇ ਨਾਲ ਹੀ ਸਥਿਤ ਸੀ। ਪਰ ਅਸੀਂ ਕਿਸੇ ਤਰ੍ਹਾਂ ਆਪਣੀਆਂ ਜਾਨਾਂ ਬਚਾ ਕੇ ਉੱਥੋਂ ਨਿੱਕਲ ਆਏ।’
ਸ੍ਰੀ ਗੁਰਸ਼ੇਰ ਸਿੰਘ ਨੇ ਦੱਸਿਆ ਕਿ ‘ਮੇਰੇ ਮਾਮਾ ਬੰਤਾ ਸਿੰਘ ਵੀ ਸਾਡੀ ਫ਼ੈਕਟਰੀ ’ਚ ਕੰਮ ਕਰਦੇ ਸਨ; ਉਨ੍ਹਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਕਿ ਉਹ ਕਿੱਥੇ ਚਲੇ ਗਏ। ਮੇਰਾ ਛੋਟਾ ਭਰਾ ਬਘੇਲ ਸਿੰਘ ਆਪਣੀ 10ਵੀਂ ਜਮਾਤ ਦੇ ਬੋਰਡ ਦਾ ਇਮਤਿਹਾਨ ਨਹੀਂ ਦੇ ਸਕਿਆ ਸੀ।’
ਸ੍ਰੀ ਗੁਰਸ਼ੇਰ ਸਿੰਘ ਨੇ ਦੱਸਿਆ ਕਿ – ‘ਅੰਮ੍ਰਿਤਸਰ ਆ ਕੇ ਅਸੀਂ ਕਿਰਾਏ ਦੇ ਘਰ ’ਚ ਰਹਿਣ ਲੱਗ ਪਏ। ਬਾਅਦ ’ਚ ਮੇਰੇ ਪਿਤਾ ਨੇ ਜਲਪਾਈਗੁੜੀ ਵਾਲੀ ਫ਼ੈਕਟਰੀ ਤੇ ਘਰ ਸਿਰਫ਼ 5 ਲੱਖ ਰੁਪਏ ਵਿੱਚ ਵੇਚ ਦਿੱਤਾ। ਉਸ ਤੋਂ ਬਾਅਦ, ਅਸੀਂ ਕਰਜ਼ਾ ਲੈ ਕੇ ਚਾਹ ਤਿਆਰ ਕਰਨ ਵਾਲੀ ਇਕਾਈ ਸਥਾਪਤ ਕੀਤੀ। ਸਾਲ 2000 ’ਚ, ਅਸੀਂ ਉਹ ਯੂਨਿਟ ਵੇਚ ਦਿੱਤੀ ਤੇ ਕਰਜ਼ਾ ਲੈ ਕੇ ਨਵੀਂ ਯੂਨਿਟੀ ਚਲਾਈ। ਸਾਲ 2006 ’ਚ ਮੇਰੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਮੇਰੇ ਛੋਟੇ ਭਰਾ ਬਘੇਲ ਸਿੰਘ ਪੱਛਮੀ ਬੰਗਾਲ ਪਰਤ ਗਏ। ਮੈਂ ਤੇ ਮੇਰੀ ਮਾਂ ਨੇ ਮਿਲ ਕੇ ਫ਼ੈਕਟਰੀ ਚਲਾਉਣ ਲਈ 20–20 ਘੰਟੇ ਰੋਜ਼ਾਨਾ ਕੰਮ ਕੀਤਾ। ਅਸੀਂ ਹੁਣ ਆਪਣਾ ਕਾਰੋਬਾਰ ਦੋਬਾਰਾ ਸੈਟਲ ਕਰ ਲਿਆ ਹੈ ਪਰ ਅਸੀਂ 1984 ਦੇ ਦਰਦ ਨੂੰ ਕਦੇ ਨਹੀਂ ਭੁਲਾ ਸਕਦੇ। ਸਰਕਾਰ ਤੋਂ ਸਾਨੂੰ ਕੋਈ ਮਦਦ ਨਹੀਂ ਮਿਲੀ।’