ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਤ ਭਾਸ਼ਾ ਦੇ ਆਦਰਸ਼ਕ ਅਧਿਆਪਕ ਸਨ: ਗਿਆਨੀ ਕਰਤਾਰ ਸਿੰਘ

ਮਾਤ ਭਾਸ਼ਾ ਦੇ ਆਦਰਸ਼ਕ ਅਧਿਆਪਕ ਸਨ: ਗਿਆਨੀ ਕਰਤਾਰ ਸਿੰਘ

ਜ਼ਿਲਾ ਫਰੀਦਕੋਟ ਦੇ ਪਿੰਡ ਦਬੜੀਖਾਨਾ ਵਿਖੇ 8 ਜਨਵਰੀ 1921 ਈ. ਨੂੰ ਪਿਤਾ ਸ. ਕਾਹਨ ਸਿੰਘ ਅਤੇ ਮਾਤਾ ਭਾਗਵੰਤ ਕੋਰ ਦੇ ਘਰ ਇੱਕ ਕਿਰਤੀ ਪਰਿਵਾਰ ਵਿੱਚ ਜਨਮੇ ਗਿਆਨੀ ਕਰਤਾਰ ਸਿੰਘ ਸ਼ੁਰੂ ਤੋਂ ਹੀ ਸਾਦਗੀ ਅਤੇ ਸਹਿਜਤਾ ਦੇ ਧਾਰਨੀ ਸਨ। ਉਨ੍ਹਾਂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ ਨਾਲ ਦਿਲੋਂ ਲਗਾਓ ਸੀ। ਉਹ ਖੁਦ ਪੰਜਾਬੀ ਅਧਿਆਪਕ ਸਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ 'ਪੰਜਾਬੀ ਪਰਿਵਾਰ' ਵਜੋਂ ਜਾਣਿਆ ਜਾਂਦਾ ਹੈ। 

 

 

       ਗਿਆਨੀ ਜੀ ਨੇ ਪ੍ਰਾਇਮਰੀ ਤਕ ਦੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਜਦਕਿ ਛੇਵੀਂ ਤੋਂ ਦਸਵੀਂ ਜਮਾਤ ਦੀ ਪੜ੍ਹਾਈ ਖ਼ਾਲਸਾ ਹਾਈ ਸਕੂਲ ਮੁਕਤਸਰ ਤੋਂ ਆਪਣੀ ਭੂਆ ਕੋਲ ਰਹਿ ਕੇ ਹਾਸਲ ਕੀਤੀ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਭੈਣਾਂ ਤੇ ਤਿੰਨ ਭਰਾ ਹੋਰ ਸਨ। ਪਰ ਛੇ ਜੀਆਂ ਦੇ ਇਸ ਪਰਿਵਾਰ 'ਚੋਂ ਸਿਰਫ ਗਿਆਨੀ ਜੀ ਨੇ ਹੀ ਅਣਥੱਕ ਮਿਹਨਤ, ਲਗਨ ਤੇ ਰੁਚੀ ਨਾਲ ਪੜ੍ਹਾਈ ਕੀਤੀ, ਜਦਕਿ ਬਾਕੀ ਭੈਣ ਭਰਾ ਚਾਰ-ਪੰਜ ਜਮਾਤਾਂ ਤੋਂ ਵੱਧ ਨਾ ਪੜ੍ਹ ਸਕੇ। 

 

 

       1937 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕਰਨ ਪਿੱਛੋਂ ਉਨ੍ਹਾਂ ਨੇ ਸੰਤ ਅਤਰ ਸਿੰਘ ਦੀ ਅਕਾਲ ਵਿੱਦਿਅਕ ਸੰਸਥਾ ਮਸਤੂਆਣਾ ਤੋਂ 1938 ਵਿੱਚ ਗਿਆਨੀ ਦਾ ਇਮਤਿਹਾਨ ਪਾਸ ਕਰ ਲਿਆ ਤੇ ਉੱਥੋਂ ਹੀ ਅੰਮ੍ਰਿਤ ਦੀ ਦਾਤ ਵੀ। 1940-41 ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ 'ਸਿੱਖ ਮਿਸ਼ਨਰੀ' ਕੋਰਸ ਕੀਤਾ ਅਤੇ ਪੂਰੀ ਸ਼ਿੱਦਤ ਨਾਲ ਸਿੱਖ ਧਰਮ ਦੇ ਪ੍ਰਚਾਰ- ਪ੍ਰਸਾਰ ਹਿੱਤ ਜੁਟ ਗਏ। 

 

 

        ਪੁਰਾਣੇ ਸਮੇਂ ਦੀ ਰੀਤੀ ਅਨੁਸਾਰ ਆਪ ਦੀ ਸ਼ਾਦੀ ਜੀਵਨ ਦੇ ਦੂਜੇ ਦਹਾਕੇ ਵਿੱਚ ਪਿੰਡ ਦੋਦਾ (ਮੁਕਤਸਰ) ਦੇ ਸ. ਪ੍ਰਤਾਪ ਸਿੰਘ ਅਤੇ ਬੀਬੀ ਹਰਨਾਮ ਕੌਰ ਦੀ ਸਭ ਤੋਂ ਵੱਡੀ ਸਪੁੱਤਰੀ ਬੀਬੀ ਗੁਰਦਿਆਲ ਕੌਰ ਨਾਲ ਹੋ ਗਈ। ਆਪ ਦੇ ਘਰ ਪੰਜ ਲੜਕੇ ਅਤੇ ਦੋ ਲੜਕੀਆਂ ਨੇ ਜਨਮ ਲਿਆ। 

 

 

        ਗਿਆਨੀ ਜੀ ਨੇ ਸਭ ਤੋਂ ਪਹਿਲੀ ਨੌਕਰੀ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ 1942 ਵਿੱਚ ਬਤੌਰ ਰਿਕਾਰਡ ਕੀਪਰ ਸ਼ੁਰੂ ਕੀਤੀ। ਪਰ ਹਿਸਾਬ- ਕਿਤਾਬ ਵਾਲੇ ਅਕਾਊ ਕੰਮ ਵਿੱਚ ਉਨ੍ਹਾਂ ਦਾ ਜੀਅ ਨਾ ਲੱਗਿਆ ਤੇ ਉਨ੍ਹਾਂ ਨੇ ਬਿਨਾਂ ਕੋਈ ਤਨਖ਼ਾਹ ਲਿਆਂ ਤਿੰਨ- ਚਾਰ ਮਹੀਨੇ ਪਿੱਛੋਂ ਹੀ ਇਹ ਨੌਕਰੀ ਛੱਡ ਦਿੱਤੀ।

 

 

        ਸਤੰਬਰ 1942 ਵਿੱਚ ਉਨ੍ਹਾਂ ਨੇ ਤਲਵੰਡੀ ਸਾਬੋ (ਬਠਿੰਡਾ) ਦੇ ਖਾਲਸਾ ਹਾਈ ਸਕੂਲ ਵਿਖੇ ਬਤੌਰ ਪੰਜਾਬੀ ਤੇ ਧਾਰਮਿਕ ਅਧਿਆਪਕ ਨੌਕਰੀ ਕਰ ਲਈ, ਜਿੱਥੇ ਉਨ੍ਹਾਂ ਨੇ ਬੋਰਡਿੰਗ ਹਾਊਸ ਦੇ ਇੰਚਾਰਜ (ਹੋਸਟਲ ਵਾਰਡਨ) ਵਜੋਂ ਵੀ ਸੇਵਾਵਾਂ ਨਿਭਾਈਆਂ। ਇੱਥੇ ਉਨ੍ਹਾਂ ਨੇ ਸੱਤ ਕੁ ਮਹੀਨੇ ਸੇਵਾ ਨਿਭਾਈ ਅਤੇ 13 ਅਪ੍ਰੈਲ 1943 ਨੂੰ ਮੁਕਤਸਰ ਦੇ ਖਾਲਸਾ ਹਾਈ ਸਕੂਲ ਵਿਖੇ ਅਧਿਆਪਕ ਜਾ ਲੱਗੇ। ਇਸੇ ਸਕੂਲ ਤੋਂ ਉਨ੍ਹਾਂ ਨੇ ਵਿੱਦਿਆ ਹਾਸਲ ਕੀਤੀ ਸੀ ਤੇ ਹੁਣ ਇਸੇ ਸਕੂਲ ਵਿੱਚ ਪੜ੍ਹਾਉਣਾ ਉਨ੍ਹਾਂ ਨੂੰ ਬਹੁਤ ਖੁਸ਼ਗਵਾਰ ਜਾਪ ਰਿਹਾ ਸੀ।

 

 

ਮੁਕਤਸਰ ਵਿਖੇ ਪੜ੍ਹਨ- ਪੜ੍ਹਾਉਣ ਅਤੇ ਲੰਮਾ ਸਮਾਂ  ਬਿਤਾਉਣ ਕਰਕੇ ਗਿਆਨੀ ਜੀ ਨੇ ਆਪਣੇ ਨਾਂ ਨਾਲ 'ਮੁਕਤਸਰੀ' ਲਿਖਣਾ ਸ਼ੁਰੂ ਕਰ ਦਿੱਤਾ ਅਤੇ ਪ੍ਰਮਾਣ ਵਜੋਂ ਇੱਕ ਮੋਹਰ ਵੀ ਤਿਆਰ ਕਰਵਾਈ, ਜਿਸ ਤੇ ਅੰਕਿਤ ਸੀ -"ਗਿਆਨੀ ਕਰਤਾਰ ਸਿੰਘ ਮੁਕਤਸਰੀ, ਓ.ਟੀ., ਸਿੱਖ ਮਿਸ਼ਨਰੀ"। ਇਹ ਮੋਹਰ ਅਜੇ ਤੱਕ ਉਨ੍ਹਾਂ ਦੇ ਪਰਿਵਾਰ ਕੋਲ ਸਾਂਭੀ ਪਈ ਵੇਖੀ ਜਾ ਸਕਦੀ ਹੈ। 24 ਅਕਤੂਬਰ 1949 ਨੂੰ ਉਹ ਸਰਕਾਰੀ ਸਕੂਲ ਦੀ ਸੇਵਾ ਵਿੱਚ ਚਲੇ ਗਏ, ਜਿੱਥੇ ਉਹ ਕੋਟਕਪੂਰਾ, ਬਰਗਾੜੀ, ਮੁੱਦਕੀ ਆਦਿ ਥਾਵਾਂ ਤੇ ਸੇਵਾ ਨਿਭਾਉਂਦੇ ਹੋਏ 31 ਜਨਵਰੀ 1979 ਨੂੰ ਸਰਕਾਰੀ ਹਾਈ ਸਕੂਲ ਗੋਨਿਆਣਾ ਮੰਡੀ (ਬਠਿੰਡਾ) ਤੋਂ ਸੇਵਾ ਮੁਕਤ ਹੋਏ।

 

 

       ਗਿਆਨੀ ਜੀ ਨੇ ਬਚਪਨ ਤੋਂ ਜੀਵਨ ਦੇ ਅੰਤ ਤੱਕ ਕਮੀਜ਼- ਪਜਾਮੇ ਵਿੱਚ ਹੀ ਜ਼ਿੰਦਗੀ ਬਸਰ ਕੀਤੀ ਅਤੇ ਕਦੇ ਵੀ ਪੈਂਟ- ਸ਼ਰਟ ਨਹੀਂ ਪਹਿਨੀ। ਉਹ ਵਿਖਾਵੇ ਦੀ ਦੁਨੀਆਂ ਤੋਂ ਕੋਹਾਂ ਦੂਰ ਰਹਿੰਦੇ ਸਨ ਅਤੇ ਆਪਣੇ ਉੱਚ ਆਦਰਸ਼ਾਂ ਦਾ ਤਿਆਗ ਕਰਕੇ ਕੋਈ ਸਮਝੌਤਾ ਨਹੀਂ ਸਨ ਕਰਦੇ।

 

 

       ਜਿਵੇਂ ਕਿ ਉੱਪਰ ਕਿਹਾ ਜਾ ਚੁੱਕਾ ਹੈ ਕਿ ਗਿਆਨੀ ਜੀ ਮਾਤ- ਭਾਸ਼ਾ ਦੇ ਅਧਿਆਪਕ ਸਨ ਤੇ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਨਾਲ ਜਨੂੰਨ ਦੀ ਹੱਦ ਤੱਕ ਮੁਹੱਬਤ ਸੀ। ਉਨ੍ਹਾਂ ਦੇ ਸਾਰੇ ਧੀਆਂ- ਪੁੱਤਰਾਂ ਨੇ ਪੰਜਾਬੀ ਦੀ ਐਮ. ਏ. ਕੀਤੀ। ਉਨ੍ਹਾਂ ਦੇ 3 ਪੁੱਤਰ ਅਤੇ 3 ਨੂੰਹਾਂ ਕਾਲਜਾਂ ਵਿੱਚ ਪੰਜਾਬੀ ਦੇ ਹੀ ਪ੍ਰੋਫੈਸਰ ਰਹਿ ਚੁੱਕੇ ਹਨ। ਉਂਜ ਉਨ੍ਹਾਂ  ਦੇ 4 ਪੁੱਤਰ ਅਤੇ 5 ਨੂੰਹਾਂ ਪ੍ਰੋਫੈਸਰ ਰਹੇ ਹਨ। 

 

 

       ਭਾਸ਼ਾ- ਅਧਿਆਪਕ ਹੋਣ ਕਰਕੇ ਉਹ ਹਮੇਸ਼ਾ ਸੁੰਦਰ ਲਿਖਾਈ ਪ੍ਰਤੀ ਸੁਚੇਤ ਰਹੇ। ਉਨ੍ਹਾਂ ਦੀ ਆਪਣੀ ਲਿਖਾਈ ਖੂਬਸੂਰਤ ਸੀ, ਜਿਸ ਦਾ ਪ੍ਰਭਾਵ ਉਨ੍ਹਾਂ ਦੇ ਬੱਚਿਆਂ ਨੇ ਵੀ ਕਬੂਲਿਆ। ਉਨ੍ਹਾਂ ਦੇ ਚਾਰ ਲੜਕਿਆਂ ਨੇ ਪ੍ਰੋਫੈਸਰ ਬਣਨ ਤੋਂ ਪਹਿਲਾਂ ਵਿਭਿੰਨ  ਯੂਨੀਵਰਸਿਟੀਆਂ ਵਿੱਚ ਬਤੌਰ ਕੈਲੀਗ੍ਰਾਫਿਸਟ (ਖੁਸ਼ਨਵੀਸ) ਸੇਵਾ ਨਿਭਾਈ। ਉਹ ਆਪਣੇ ਵਿਦਿਆਰਥੀਆਂ ਨੂੰ ਵੀ ਕਾਨੇ ਦੀ ਕਲਮ ਰਾਹੀਂ ਲਿਖਣ ਦੀ ਪ੍ਰੇਰਨਾ ਅਤੇ ਜਾਚ ਦੱਸਦੇ ਰਹੇ।

 

 

      ਉਨ੍ਹਾਂ ਨੇ ਸਾਰੀ ਉਮਰ ਪੜ੍ਹਨ- ਪੜ੍ਹਾਉਣ ਤੋਂ ਬਿਨਾਂ ਕੋਈ ਫਾਲਤੂ ਕੰਮ ਨਹੀਂ ਕੀਤਾ। ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਰਹਿਣ ਲਈ 'ਘਰ' ਬਣਾਉਣ ਬਾਰੇ ਵੀ ਕਦੇ ਨਹੀਂ ਸੋਚਿਆ, ਸਗੋਂ ਸਾਰੀ ਉਮਰ ਕਿਰਾਏ ਦੇ ਮਕਾਨਾਂ ਵਿੱਚ ਲੰਘਾ ਦਿੱਤੀ। ਸੇਵਾ- ਮੁਕਤੀ ਤੋਂ ਪਿੱਛੋਂ ਉਹ ਆਪਣੇ ਸਭ ਤੋਂ ਛੋਟੇ ਲੜਕੇ ਦੇ 'ਘਰ' ਵਿੱਚ ਰਹਿੰਦੇ ਰਹੇ, ਜਿੱਥੇ 22 ਮਈ 2013 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਵੀ ਅਜੀਬ ਇਤਫ਼ਾਕ ਸੀ ਕਿ ਉਨ੍ਹਾਂ ਨੇ ਅਧਿਆਪਨ ਦਾ ਕਿੱਤਾ ਤਲਵੰਡੀ ਸਾਬੋ ਤੋਂ ਸ਼ੁਰੂ ਕੀਤਾ ਸੀ ਤੇ ਇੱਥੇ ਹੀ ਆਪਣੇ ਬੇਟੇ ਕੋਲ ਰਹਿੰਦਿਆਂ ਉਨ੍ਹਾਂ ਨੇ ਆਖਰੀ ਸਾਹ ਲਿਆ।

 

 

      ਉਨ੍ਹਾਂ ਨੇ ਕਦੇ ਵੀ ਕੋਈ ਨਸ਼ਾ ਨਹੀਂ ਕੀਤਾ। ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਦਾ ਉਨ੍ਹਾਂ ਨੂੰ ਹਮੇਸ਼ਾ ਸ਼ੌਕ ਰਿਹਾ। ਉਨ੍ਹਾਂ ਕੋਲ ਸਿੱਖ ਧਰਮ ਤੇ ਸਾਹਿਤ ਨਾਲ ਸਬੰਧਤ ਪੁਸਤਕਾਂ, ਮੈਗਜ਼ੀਨਾਂ ਅਤੇ ਪੈਂਫਲਿਟਾਂ ਦਾ ਅਨਮੋਲ ਖਜ਼ਾਨਾ ਸੀ। ਅਖ਼ਬਾਰਾਂ ਵਿੱਚੋਂ ਪ੍ਰੇਰਨਾਦਾਇਕ ਰਚਨਾਵਾਂ ਅਤੇ ਸਿਹਤ ਸਬੰਧੀ ਮਸ਼ਵਰਿਆਂ ਦੀਆਂ ਸੈਂਕੜੇ ਕਤਰਨਾਂ ਉਨ੍ਹਾਂ ਨੇ ਸੰਭਾਲੀਆਂ ਹੋਈਆਂ ਸਨ। 

 

 

      ਉਹ ਛੇਵੀਂ ਜਮਾਤ ਤੋਂ 80 ਸਾਲ ਦੀ ਉਮਰ ਤੱਕ ਨਿਰਵਿਘਨ ਸੇਵਾ- ਭਾਵਨਾ ਅਧੀਨ ਮਾਘੀ ਦੇ ਜੋੜ- ਮੇਲੇ ਤੇ ਦਰਬਾਰ ਸਾਹਿਬ ਮੁਕਤਸਰ ਵਿਖੇ ਸਾਈਕਲ ਅਤੇ ਗਠੜੀਆਂ ਸੰਭਾਲਣ ਦੀ ਸੇਵਾ ਕਰਦੇ ਰਹੇ। ਗੁਰੂ ਸਾਹਿਬਾਨ ਦੇ ਗੁਰਪੁਰਬਾਂ, ਨਗਰ- ਕੀਰਤਨਾਂ ਅਤੇ ਪ੍ਰਭਾਤ- ਫੇਰੀਆਂ ਸਮੇਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਨਾਲ ਲਿਜਾ ਕੇ ਇਸ ਵਿੱਚ ਸ਼ਾਮਿਲ ਹੋਣਾ ਆਪਣਾ ਇਖ਼ਲਾਕੀ ਫ਼ਰਜ਼ ਸਮਝਦੇ ਰਹੇ।

 

 

      ਉਹ 'ਸ਼ਬਦ- ਗੁਰੂ' ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਵਿਅਕਤੀ ਵਿੱਚ ਯਕੀਨ ਨਹੀਂ ਸਨ ਰੱਖਦੇ। ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਹੁਤ ਸਾਰੀਆਂ ਬਾਣੀਆਂ, ਸ਼ਬਦ ਅਤੇ ਪੰਕਤੀਆਂ ਉਨ੍ਹਾਂ ਨੂੰ ਜ਼ਬਾਨੀ ਯਾਦ ਸਨ।

 

 

 'ਅਧਿਆਪਨ ਦੇ ਮਸੀਹਾ' ਅਤੇ 'ਕਰਮਯੋਗੀ ਇਨਸਾਨ' ਵਜੋਂ ਜਾਣੇ ਗਿਆਨੀ ਕਰਤਾਰ ਸਿੰਘ ਵਾਕਈ ਇੱਕ ਆਦਰਸ਼ਕ ਅਧਿਆਪਕ ਸਨ।

 

==============

 

- ਪ੍ਰੋ . ਨਵ ਸੰਗੀਤ ਸਿੰਘ


 

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ,ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ - 151302(ਬਠਿੰਡਾ), 9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Ideal Teacher of Mother Tongue Giani Kartar Singh Was