ਤਸਵੀਰ: ਰਵੀ ਸ਼ਰਮਾ, ਹਿੰਦੁਸਤਾਨ ਟਾਈਮਜ਼ – ਚੰਡੀਗੜ੍ਹ
ਪੰਜਾਬ ’ਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੌਲੀ–ਹੌਲੀ ਵਧ ਕੇ 336 ਤੱਕ ਪੁੱਜ ਗਈ ਹੈ। ਅੱਜ ਸਵੇਰੇ–ਸਵੇਰੇ ਪੰਜ ਨਵੇਂ ਕੇਸ ਸਾਾਹਮਣੇ ਆਏ। ਅੱਜ ਦੋ ਮਰੀਜ਼ ਤਰਨ ਤਾਰਨ ਜ਼ਿਲ੍ਹੇ 'ਚ ਮਿਲੇ ਹਨ, ਇੱਕ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਮਿਲਿਆ ਹੈ ਅਤੇ ਇਹ ਤਿੰਨੇ ਨਾਂਦੇੜ ਸਾਹਿਬ (ਮਹਾਰਾਸ਼ਟਰ) ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ। ਇੱਕ–ਇੱਕ ਮਰੀਜ਼ ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ 'ਚੋਂ ਮਿਲਿਆ ਹੈ।
ਪੰਜਾਬ ਦੇ ਮੋਹਾਲੀ ਜ਼ਿਲ੍ਹੇ ’ਚ ਜਵਾਹਰਪੁਰ ਵਿਖੇ ਇੱਕ ਹੋਰ ਵਿਅਕਤੀ ਦੇ ਕੋਰੋਨਾ–ਪਾਜ਼ਿਟਿਵ ਪਾਏ ਜਾਣ ਦੀ ਖ਼ਬਰ ਆ ਗਈ। ਇੰਝ ਇਕੱਲੇ ਮਸਹਾਲੀ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 64 ਹੋ ਗਈ ਹੈ।
ਅੱਜ ਜਿਹੜਾ 42 ਸਾਲਾ ਵਿਅਕਤੀ ਪਾਜ਼ਿਟਿਵ ਪਾਇਆ ਗਿਆ ਹੈ, ਉਹ ਦਰਅਸਲ ਪਿੰਡ ਜਵਾਹਰਪੁਰ ਦੇ ਸਰਪੰਚ ਦਾ ਭਰਾ ਹੈ ਤੇ ਸਰਪੰਚ ਪਹਿਲਾਂ ਹੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਸੀ।
ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਸਰਪੰਚ ਦੇ ਭਰਾ ਦਾ ਸੈਂਪਲ ਪਹਿਲਾਂ ਹੀ ਲੈ ਲਿਆ ਪਰ ਉਹ ਤਦ ਨੈਗੇਟਿਵ ਆਇਆ ਸੀ। ਪਰ ਡਾਕਟਰਾਂ ਨੂੰ ਕੁਝ ਸ਼ੱਕ ਸੀ, ਇਸੇ ਲਈ ਉਸ ਦਾ ਦੋਬਾਰਾ ਟੈਸਟ ਕੀਤਾ ਗਿਆ ਸੀ, ਜੋ ਹੁਣ ਪਾਜ਼ਿਟਿਵ ਆਇਆ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਸਰਪੰਚ ਦੇ ਭਰਾ ਨੂ ਸ਼ਰਾਬ ਪੀਣ ਦੀ ਲਤ ਹੈ ਤੇ ਇਸ ਵੇਲੇ ਉਹ ਬਨੂੜ ਦੇ ਗਿਆਨ ਸਾਗਰ ਹਸਪਤਾਲ ’ਚ ਦਾਖ਼ਲ ਹੈ।
ਮੋਹਾਲੀ ਜ਼ਿਲ੍ਹੇ ਦੇ ਕੁੱਲ 64 ਮਰੀਜ਼ਾਂ ’ਚੋਂ ਇਸ ਵੇਲੇ 35 ਸਰਗਰਮ ਕੋਰੋਨਾ–ਪਾਜ਼ਿਟਿਵ ਮਰੀਜ਼ ਹਨ। ਹੁਣ ਤੱਕ 27 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਦੋ ਦਾ ਦੇਹਾਂਤ ਹੋ ਚੁੱਕਿਆ ਹੈ।
ਇਕੱਲੇ ਜਵਾਹਰਪੁਰ ਪਿੰਡ ਵਿੱਚਾ ਹੀ 39 ਮਰੀਜ਼ ਹਨ, ਜਿਨ੍ਹਾਂ ’ਚੋਂ 15 ਹੁਣ ਠੀਕ ਹੋ ਚੁੱਕੇ ਹਨ।
ਸਿਹਤ ਵਿਭਾਗ ਹੁਣ ਮਹਾਰਾਸ਼ਟਰ ’ਚ ਨਾਂਦੇੜ ਵੇਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 34 ਸ਼ਰਧਾਲੂਆਂ ਦੇ ਸੈਂਪਲ ਵੀ ਲਵੇਗਾ। ਇਹ ਕੱਲ੍ਹ ਸੋਮਵਾਰ ਸ਼ਾਮੀਂ ਪਰਤੇ ਸਨ। ਉਨ੍ਹਾਂ ਨੂੰ ਮੋਹਾਲੀ ਦੇ ਸੈਕਟਰ–70 ਸਕਿਤ ਮੈਰੀਟੋਰੀਅਸ ਸਕੂਲ ’ਚ ਰੱਖਿਆ ਗਿਆ ਹੈ।
ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ’ਚ 9 ਨਵੇਂ ਮਰੀਜ਼ ਪਾਏ ਗਏ ਸਨ ਤੇ ਇੱਕ ਮਰੀਜ਼ ਦੀ ਮੌਤ ਹੋ ਗਈ ਸੀ। ਪੰਜਾਬ ਦੇ ਬਠਿੰਡਾ ਤੇ ਫ਼ਾਜ਼ਿਲਿਕਾ ਹੀ ਸਿਰਫ਼ ਦੋ ਅਜਿਹੇ ਜ਼ਿਲ੍ਹੇ ਹਨ, ਜਿੱਥੋਂ ਹਾਲੇ ਤੱਕ ਕੋਰੋਨਾ ਦਾ ਕੋਈ ਮਰੀਜ਼ ਨਹੀਂ ਮਿਲਿਆ।
ਕੋਰੋਨਾ ਕਾਰਨ ਪੰਜਾਬ ਵਿੱਚ ਹੁਣ ਤੱਕ 19 ਮੌਤਾਂ ਹੋ ਚੁੱਕੀਆਂ ਹਨ।