ਸੁਖਪਾਲ ਖਹਿਰਾ ਵਿਰੁੱਧ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਵਲੋਂ ਬੀਤੇ ਦਿਨ ਲਗਾਏ ਗਏ ਦੋਸ਼ਾਂ ਬਾਰੇ ਅੱਜ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਮੀਡੀਆ ਨੂੰ ਸੰਬੋਧਨ ਕਰਦਿਆਂ ਆਪ ਧੜੇ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਉਹ ਆਪਣਾ ਛੋਟਾ ਭਰਾ ਸਮਝਦੇ ਹਨ ਪਰ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਭਗਵੰਤ ਮਾਨ ਉਨ੍ਹਾਂ ਦੇ ਖਿਲਾਫ ਹੋ ਜਾਣਗੇ। ਭਗਵੰਤ ਮਾਨ ਵਲੋਂ ਅਜਿਹਾ ਕਰਨ `ਤੇ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ ਹੈ।
ਸੈਕਟਰ 36 ਦੇ ਪੀਪਲਜ਼ ਕਨਵੈਂਸ਼ਨ ਸੈਂਟਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਭਗਵੰਤ ਮਾਨ ਨੇ ਸਟੇਟਸ ਪਾ ਕੇ ਉਨ੍ਹਾਂ ਦੇ ਅਹੁਦਾ ਖੁੱਸਣ ਸਬੰਧੀ ਦੁੱਖ ਪ੍ਰਗਟਾਇਆ ਸੀ ਪਰ ਪਤਾ ਨਹੀਂ ਲੰਘੇ ਚਾਰ ਦਿਨਾਂ ਵਿਚਕਾਰ ਉਨ੍ਹਾਂ ਨੂੰ ਕੀ ਹੋ ਗਿਆ।
ਭਗਵੰਤ ਮਾਨ ਨੂੰ ਸਵਾਲ ਪੁੱਛਦਿਆਂ ਸੁਖਪਾਲ ਖਹਿਰਾ ਨੇ ਇਹ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਵਲੋਂ ਨਸ਼ਿਆਂ ਦੇ ਮਾਮਲੇ ਸਬੰਧੀ ਮਜੀਠੀਆ ਤੋਂ ਮੁਆਫੀ ਮੰਗਣ ਕਾਰਨ ਭਗਵੰਤ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਰ ਹੁਣ ਉਨ੍ਹਾਂ ਨੇ ਪਾਰਟੀ ਦੇ ਦਿੱਲੀ ਦੇ ਲੀਡਰਾਂ ਦੇ ਕਹਿਣ `ਤੇ ਆਪਣਾ ਅਹੁਦਾ ਵਾਪਸ ਲੈ ਲਿਆ ਹੈ ਤਾਂ ਕੀ ਹੁਣ ਭਗਵੰਤ ਮਾਨ ਨੇ ਕੇਜਰੀਵਾਲ ਵਲੋਂ ਮਜੀਠੀਆ ਤੋਂ ਨਸ਼ਿਆਂ ਖਿਲਾਫ ਮੁਆਫੀ ਮੰਗਣ ਤੇ ਆਪਣਾ ਆਤਮ ਸਮਰਪਣ ਕਰ ਦਿੱਤਾ ? ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਭਗਵੰਤ ਮਾਨ ਨੇ ਕਾਂਗਰਸ ਨਾਲ ਕਿਸ ਗੱਲ ਤੇ ਸਮਝੌਤਾ ਕੀਤਾ ਹੈ ਇਸ ਬਾਰੇ ਜਵਾਬ ਦੇਣ ?
ਸੁਖਪਾਲ ਖਹਿਰਾ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਭਗਵੰਤ ਮਾਨ ਨੇ ਬੀਤੇ ਦਿਨ ਬਿਨਾ ਕਿਸੇ ਮੁੱਦੇ ਦੇ ਪ੍ਰੈੱਸ ਕਾਨਫਰੰਸ ਕਰਕੇ ਕਿਹੜੀ ਭੜਾਸ ਕੱਢੀ ਹੈ ਪਤਾ ਨਹੀਂ। ਨਾਲ ਹੀ ਖਹਿਰਾ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਅਸਤੀਫਾ ਵੀ ਪਾਰਟੀ ਦੀ ਹਾਈਕਮਾਨ ਦੇ ਕਹਿਣ `ਤੇ ਹੀ ਦਿੱਤਾ ਸੀ ਜਿਸ ਬਾਰੇ ਮਨੀਸ਼ ਸਿਸੋਦੀਆ ਨੇ ਮੈਨੂੰ ਪਾਰਟੀ ਦੀ ਇਸ ਰਣਨੀਤੀ ਬਾਰੇ ਖੁੱਦ ਦੱਸਿਆ ਸੀ। ਉਨ੍ਹਾਂ ਨੇ ਭਗਵੰਤ ਮਾਨ ਦੇ ਇਸ ਵਤੀਰੇ ਤੇ ਡੂੰਘਾ ਦੁੱਖ ਜ਼ਾਹਿਰ ਕੀਤਾ।
ਇਸ ਮੌਕੇ ਹਾਜ਼ਰ ਕੰਵਰ ਸੰਧੂ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਦੀ ਕਥਿਤ ਤੌਰ ਤੇ ਸਾਹਮਣੇ ਆਈ ਆਡੀਓ ਟੇਪ ਸੁਣ ਕੇ ਪੰਜਾਬ ਦੇ ਲੋਕ ਖੁੱਦ ਫੈਸਲਾ ਕਰਨ ਕਿ ਭਗਵੰਤ ਮਾਨ ਦੀ ਸੋਚ ਕਿਸ ਤਰ੍ਹਾਂ ਦੀ ਹੈ, ਲੋਕ ਇਸ ਨੂੰ ਸੁਣ ਕੇ ਖੁੱਦ ਹੀ ਤੈਅ ਕਰਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਦੇ ਉਨ੍ਹਾਂ ਕੋਲ ਸਲਾਹ ਲੈਣ ਲਈ ਆਇਆ ਕਰਦੇ ਸਨ ਪਰ ਹੁਣ ਉਹ ਬਹੁਤ ਵੱਡੇ ਹੋ ਗਏ ਹਨ, ਜੋ ਪ੍ਰੈੱਸ ਕਾਨਫਰੰਸ ਕਰਕੇ ਮੇਰੇ ਅਤੇ ਮੁੱਖ ਤੌਰ `ਤੇ ਖਹਿਰਾ ’ਤੇ ਦੋਸ਼ ਲਗਾ ਰਹੇ ਹਨ।
ਕੰਵਰ ਸੰਧੂ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਪਾਰਟੀ ਹਾਈਕਮਾਨ ਤੋਂ ਪੰਜਾਬ ਦੀ ਖੁਦਮੁੱਖਤਿਆਰੀ ਸਿਰਫ ਪੰਜਾਬ ਦੇ ਭਲੇ ਲਈ ਚਾਹੁੰਦੇ ਹਨ ਤਾਂ ਕਿ ਹਰੇਕ ਫੈਸਲੇ ਨੂੰ ਚੰਗੀ ਤਰ੍ਹਾਂ ਵਿਚਾਰਨ ਮਗਰੋਂ ਹੀ ਪੰਜਾਬ ਦੇ ਹੱਕ ਚ ਫੈਸਲੇ ਕੀਤੇ ਜਾ ਸਕਣ। ਸੰਧੂ ਨੇ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਥੀ ਇਸ ਗੱਲ ਦਾ ਵਿਰੋਧ ਕਰਦੇ ਹਨ ਕਿ ਪੰਜਾਬ ਦੀ ਖੁਦਮੁੱਖਤਿਆਰੀ ਪੰਜਾਬ ਇਕਾਈ ਕੋਲ ਹੋਣੀ ਚਾਹੀਦੀ ਹੈ ? ਕੀ ਭਗਵੰਤ ਮਾਨ ਪੰਜਾਬ ਦੇ ਫੈਸਲੇ ਪੰਜਾਬ ਵਿਚ ਲੈਣ ਦਾ ਵਿਰੋਧ ਕਰਦੇ ਹਨ?
ਕੰਵਰ ਸੰਧੂ ਨੇ ਬਾਗੀ ਧੜੇ ਦਾ ਦੁੱਖ ਜ਼ਾਹਰ ਕਰਦਿਆਂ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਦੇ ਹਿੱਤ ਨਾਲ ਜੁੜੇ ਫੈਸਲੇ ਦਿੱਲੀ ਚ ਬੈਠ ਕੇ ਲੈਣ ਨਾਲ ਪੰਜਾਬ ਇਕਾਈ ਦਾ ਗ੍ਰਾਫ ਕਿੱਥੇ ਜਾ ਰਿਹਾ ਹੈ, ਇਹ ਦੁਨੀਆ ਤੋਂ ਲੁਕਿਆ ਨਹੀਂ ਹੈ। ਉਹ ਕਿਹਾ ਕਿ ਪੰਜਾਬ ਚ ਪਿਛਲੇ 15-16 ਮਹੀਨਿਆਂ ਤੋਂ ਪੰਜਾਬ ਇਕਾਈ ਦਾ ਢਾਂਚਾ ਨਾ ਹੋਣ ਕਾਰਨ ਹੀ ਪੰਜਾਬ ਇਕਾਈ ਦਾ ਗ੍ਰਾਫ ਥੱਲੇ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਲੰਘੀਆਂ ਪੰਜਾਬ ਵਿਧਾਨ ਸਭਾ ਤੋਂ ਪਹਿਲਾਂ ਤੈਅ ਗਏ ਸਿਸਟਮ ਨੂੰ ਬਣਾਉਣ ਲਈ ਹਾਈਕਮਾਨ ਵੱਲੋਂ ਕਾਰਜ ਹਾਲੇ ਵੀ ਅਧੁਰੇ ਹੀ ਪਏ ਹਨ, ਪਾਰਟੀ ਦੇ ਗ੍ਰਾਫ ਨੂੰ ਹੋਰ ਥੱਲੇ ਡਿੱਗਣ ਤੋਂ ਬਚਾਉਣ ਲਈ ਅਸੀਂ ਇਸ ਸਿਸਟਮ ਨੂੰ ਮੁਕੰਮਲ ਕਰਨ ਲਈ ਹੁਣ ਮਜਬੂਰ ਹੋ ਕੇ ਬੀਤੇ ਦਿਨੀਂ ਕਮੇਟੀ ਬਣਾ ਦਿੱਤੀ ਹੈ।
ਕੰਵਰ ਸੰਧੂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਅਸੀਂ ਹੁਣ ਜੋ ਕੁਝ ਵੀ ਕਰ ਰਹੇ ਹਾਂ ਉਹ ਪੰਜਾਬ ਅਤੇ ਪਾਰਟੀ ਦੇ ਭਲੇ ਲਈ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ ਪਾਰਟੀ ਦੇ ਫੈਸਲਿਆਂ ਨੂੰ ਮਜਬੂਰੀ ਨਾਲ ਦੇਖਦੇ ਰਹੇ ਜਿਸ ਨਾਲ ਪੰਜਾਬ ਇਕਾਈ ਨੂੰ ਕਾਫੀ ਨੁਕਸਾਨ ਹੋਇਆ ਪਰ ਹੋਰ ਨੁਕਸਾਨ ਨਾ ਹੋਵੇ, ਇਸ ਲਈ ਉਹ ਖੁਦਮੁੱਖਤਿਆਰੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਮਜਬੂਰ ਹੋਏ। ਕੰਵਰ ਸੰਧੂ ਨੇ ਆਪਣੀ ਗੱਲ ਦਾ ਸਿੱਟਾ ਕੱਢਦਿਆਂ ਕਿਹਾ ਕਿ ਕੁੱਲ ਮਿਲਾ ਕੇ ਉਹ ਪਾਰਟੀ ਖਿਲਾਫ ਨਹੀਂ, ਸਗੋਂ ਪਾਰਟੀ ਦੇ ਗਲਤ ਫੈਸਲਿਆਂ ਖਿਲਾਫ ਹਨ।
.