ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ਼ ’ਚ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਰੋਸ ਮੁਜ਼ਾਹਰੇ ਤੇ ਧਰਨੇ ਤੋਂ ਪ੍ਰੇਰਨਾ ਲੈਂਦਿਆਂ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ ਲੁਧਿਆਣਾ ਤੇ ਮਾਨਸਾ ’ਚ ਰੋਸ–ਧਰਨੇ ਸ਼ੁਰੂ ਹੋ ਗਏ ਹਨ।
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ–ਉਰ–ਰਹਿਮਾਨ ਸਾਨੀ ਲੁਧਿਆਣਵੀ ਨੇ ਦੱਸਿਆ ਕਿ ਵੱਖੋ–ਵੱਖਰੇ ਧਾਰਮਿਕ ਤੇ ਸਮਾਜਕ ਸੰਗਠਨਾਂ ਨਾਲ ਮੀਟਿੰਗ ਤੋਂ ਬਾਅਦ ਅਜਿਹਾ ਰੋਸ ਧਰਨਾ ਲੁਧਿਆਣਾ ਦੀ ਦਾਣਾ ਮੰਡੀ ’ਚ ਸ਼ੁਰੂ ਕਰ ਦਿੱਤਾ ਗਿਆ ਹੈ; ਜਿੱਥੇ ਵੱਡੀ ਗਿਣਤੀ ’ਚ ਲੋਕ ਕੱਲ੍ਹ ਧਰਨੇ ’ਤੇ ਬੈਠੇ ਹਨ। ਇਹ ਧਰਨਾ ਅਣਮਿੱਥੇ ਸਮੇਂ ਤੱਕ ਚੱਲੇਗਾ।
ਸ਼ਾਹੀ ਇਮਾਮ ਨੇ ਦੱਸਿਆ ਕਿ ਇਹ ਸ਼ਾਂਤੀਪੂਰਨ ਧਰਨਾ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤੀਂ 10 ਵਜੇ ਤੱਕ ਚੱਲਿਆ ਕਰੇਗੀ। ਇਹ ਧਰਨਾ ਅਜਿਹਾਹ ਹੋਵੇਗਾ ਕਿ ਇਸ ਨਾਲ ਆਵਾਜਾਈ ’ਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ।
ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਦੱਸਿਆ ਕਿ ਇਸ ਰੋਸ ਧਰਨੇ ਰਾਹੀਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਇਹ ਸਪੱਸ਼ਟ ਕੀਤਾ ਜਾਵੇਗਾ ਕਿ ਕਿਸੇ ਖ਼ਾਸ ਧਰਮ ਨੂੰ ਨਿਸ਼ਾਨਾ ਬਣਾਉਣ ਦੀ ਕਿਸੇ ਕਾਰਵਾਈ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੱਲ੍ਹ ਇਹ ਰੋਸ ਮੁਜ਼ਾਹਰਾ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਸਰਬ–ਧਰਮ ਪ੍ਰਾਰਥਨਾ ਸਭਾ ਰੱਖੀ ਗਈ। ਇਸ ਮੌਕੇ ਨੀਲਕੰਠ ਮਹਾਦੇਵ ਸਭਾ ਦੇ ਆਚਾਰਿਆ ਸ਼ਿਵ ਸ਼ੰਕਰ, ਕਾਂਗਰਸੀ ਆਗੂ ਪਰਮਿੰਦਰ ਮਹਿਤਾ ਤੇ ਧਰਮਿੰਦਰ ਸ਼ਰਮਾ ਨੇ ਗਾਇਤਰੀ ਮੰਤਰਾਂ ਦਾ ਜਾਪ ਕੀਤਾ; ਜਦ ਕਿ ਗਿਆਨੀ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ। ਇੰਝ ਹੀ ਚਰਚ ਆੱਫ਼ ਨੌਰਥ ਇੰਡੀਆ ਦੇ ਪਾਦਰੀ ਪ੍ਰੇਮ ਸ਼ਾਰਦਾ ਨੇ ਮਸੀਹੀ ਦੁਆ ਕੀਤੀ ਤੇ ਨਾਇਬ ਸ਼ਾਹੀ ਇਮਾਮ ਨੇ ਕੁੱਲ ਦੁਨੀਆ ਦੀ ਸਲਾਮਤੀ ਲਈ ਦੁਆ ਕੀਤੀ।
ਬਾਅਦ ’ਚ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਰੋਸ ਮੁਜ਼ਾਹਰਾਕਾਰੀਆਂ ਨੇ ਗੁਰੂ ਕਾ ਲੰਗਰ ਵਰਤਾਇਆ।
ਉੱਧਰ ਮਾਨਸਾ ’ਚ ਸੰਵਿਧਾਨ ਬਚਾਓ ਮੰਚ – ਪੰਜਾਬ ਦੇ ਬੈਨਰ ਹੇਠ ਵੱਖੋ–ਵੱਖਰੀਆਂ ਜੱਥੇਬੰਦੀਆਂ ਨੇ ਆਪਣਾ ਰੋਸ ਮੁਜ਼ਾਹਰਾ ਸ਼ੁਰੂ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ ਆਗੂ ਸ੍ਰੀ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਦੇਸ਼ ਵਿੱਚ ਆਪਣਾ ਫੁੱਟ–ਪਾਊ ਏਜੰਡਾ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਕਾਨੂੰਨ ਵਿਰੁੱਧ ਜ਼ਰੂਰ ਹੀ ਅੱਗੇ ਆਉਣਾ ਚਾਹੀਦਾ ਹੈ।