ਪੰਜਾਬ ਪੁਲਿਸ ਨੇ ਦੀਵਾਲੀ ਦੇ ਤਿਉਹਾਰ ਮੌਕੇ ਸਖ਼ਤ ਸੁਰੱਖਿਆ ਚੌਕਸੀ ਦੇ ਇੰਤਜ਼ਾਮ ਕੀਤੇ ਗਏ ਹਨ ਕਿਉਂਕਿ ਅਜਿਹੀ ਖ਼ੁਫ਼ੀਆ ਜਾਣਕਾਰੀ ਮਿਲੀ ਹੈ ਕਿ ਸਿੱਖ ਮਿਲੀਟੈਂਟਸ ਤਿਉਹਾਰਾਂ ਮੌਕੇ ਇਸ ਸਰਹੱਦੀ ਸੂਬੇ `ਚ ਕੋਈ ਗੜਬੜੀ ਕਰ ਸਕਦੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਪੁਲਿਸ ਨੂੰ ਸਮਾਜ-ਵਿਰੋਧੀ ਤਾਕਤਾਂ ਦੇ ਮਨਸੂਬਿਆਂ ਤੋਂ ਪੂਰੀ ਤਰ੍ਹਾਂ ਚੋਕਸ ਰਹਿਣ ਦੇ ਹੁਕਮ ਜਾਰੀ ਕੀਤੇ ਹਨ।
ਖ਼ੁਫੀ਼ਆ ਜਾਣਕਾਰੀ ਮੁਤਾਬਕ ਪੰਜਾਬ ਤੇ ਹੋਰਨਾਂ ਦੇਸ਼ਾਂ `ਚ ਰਹਿੰਦੇ ਕੁਝ ਮੂਲਵਾਦੀ ਤੇ ਵੱਖਵਾਦੀ ਅਨਸਰ ਦਹਿਸ਼ਤਗਰਦ ਤਾਕਤਾਂ ਨੂੰ ਆਪਣੀ ਹਮਾਇਤ ਦੇ ਰਹੇ ਹਨ। ਅੱਜ ਅਜਿਹੇ ਹਾਲਾਤ ਦੇ ਚੱਲਦਿਆਂ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਦੀ ਇੱਕ ਉੱਚ-ਪੱਧਰੀ ਮੀਟਿੰਗ ਵਿੱਚ ਭਾਗ ਲਿਆ।
ਇਸ ਮੀਟਿੰਗ `ਚ ਡੀਜੀਪੀ ਸੁਰੇਸ਼ ਅਰੋੜਾ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਸਮੁੱਚੇ ਪੰਜਾਬ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਡੀਜੀਪੀ ਨੇ ਵੀ ਸੂਬੇ ਨਾਲ ਸਬੰਧਤ ਵੱਖੋ-ਵੱਖਰੀ ਖ਼ੁਫ਼ੀਆ ਜਾਣਕਾਰੀ ਸਾਂਝੀ ਕੀਤੀ।
ਮੁੱਖ ਮੰਤਰੀ ਨੇ ਡੀਜੀਪੀ ਨੂੰ ਹਦਾਇਤ ਕੀਤੀ ਕਿ ਦੀਵਾਲੀ ਦੇ ਤਿਉਹਾਰ ਨਾਲ ਸਬੰਧਤ ਜਸ਼ਨਾਂ ਨੂੰ ਧਿਆਨ `ਚ ਰੱਖਦਿਆਂ ਉੱਚ-ਪੱਧਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਗ਼ਲਤ ਅਨਸਰ ਸੂਬੇ `ਚ ਕਿਤੇ ਵੀ ਗੜਬੜੀ ਫੈਲਾਉਣ ਦੀ ਕੋਸਿ਼ਸ਼ ਕਰਦਾ ਵਿਖਾਈ ਦੇਵੇ, ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।