ਕੌਮੀ ਜਾਂਚ ਏਜੰਸੀ (NIA – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (KZF) ਦੇ ਉਨ੍ਹਾਂ ਚਾਰ ਸ਼ੱਕੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ; ਪਾਕਿਸਤਾਨੀ ਡ੍ਰੋਨਜ਼ ਰਾਹੀਂ ਤਰਨ ਤਾਰਨ ’ਚ ਭਾਰੀ ਮਾਤਰਾ ’ਚ ਹਥਿਆਰ ਤੇ ਗੋਲੀ–ਸਿੱਕਾ ਸੁੱਟੇ ਜਾਣ ਦੇ ਮਾਮਲੇ ਨਾਲ ਸਬੰਧਤ ਹਨ। ਪਾਕਿਸਤਾਨੀ ਡ੍ਰੋਨਜ਼ ਰਾਹੀਂ ਏਕੇ–47 ਰਾਈਫ਼ਲਾਂ ਤੇ ਸੈਟੇਲਾਇਟ ਫ਼ੋਨ ਤੱਕ ਸੁੱਟੇ ਗਏ ਸਨ।
ਮੁਲਜ਼ਮਾਂ ਬਲਵੰਤ ਸਿੰਘ ਉਰਫ਼ ਬਾਬਾ ਉਫ਼ ਨਿਹੰਗ (45) ਵਾਸੀ ਪਿੰਡ ਮੋਹਨਪੁਰਾ ਜ਼ਿਲ੍ਹਾ ਤਰਨ ਤਾਰਨ, ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਰੰਧਾਵਾ (20) ਵਾਸੀ ਪਿੰਡ ਨਾਗ ਕਲਾਂ ਜ਼ਿਲ੍ਹਾ ਅੰਮ੍ਰਿਤਸਰ, ਮਾਨ ਸਿੰਘ (40) ਅਤੇ 22 ਸਾਲਾ ਸ਼ੁਭਦੀਪ ਸਿੰਘ ਨੂੰ ਆਉਂਦੀ 16 ਅਕਤੂਬਰ ਤੱਕ ਲਈ NIA ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਸ਼ੱਕੀ ਮੁਲਜ਼ਮਾਂ ਨੂੰ NIA ਦੀ ਹਿਰਾਸਤ ਵਿੱਚ ਭੇਜਣ ਦਾ ਫ਼ੈਸਲਾ ਵਿਸ਼ੇਸ਼ ਜੱਜ ਐੱਨਐੱਸ ਗਿੱਲ ਨੇ ਸੁਣਾਇਆ।
ਬਾਕੀ ਦੇ ਪੰਜ ਮੁਲਜ਼ਮਾਂ ਹਰਭਜਨ ਸਿੰਘ, ਬਲਬੀਰ ਸਿੰਘ, ਰੋਮਨਦੀਪ ਸਿੰਘ, ਸਾਜਨਪ੍ਰੀਤ ਸਿੰਘ ਤੇ ਗੁਰਦੇਵ ਸਿੰਘ ਨੂੰ ਨਿਆਂਇਕ ਹਿਰਾਸਤ ੳੰਚ ਭੇਜ ਦਿੱਤਾ ਗਿਆ ਹੈ।
ਇਨ੍ਹਾਂ ਮੁਲਜ਼ਮਾਂ ਨੂੰ ਬੀਤੇ ਸਤੰਬਰ ਮਹੀਨੇ ਪੰਜਾਬ ਪੁਲਿਸ ਨੇ ਫੜਿਆ ਸੀ ਤੇ ਬਾਅਦ ਵਿੱਚ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਹ ਜਾਂਚ NIA ਭਾਵ ਕੌਮੀ ਜਾਂਚ ਏਜੰਸੀ ਹਵਾਲੇ ਕਰ ਦਿੱਤੀ ਗਈ।