-- ਅਕਾਲੀ ਦਲ ਨੇ ਮੁੜ ਮੰਗਿਆ ਚਰਨਜੀਤ ਚੰਨੀ ਦਾ ਅਸਤੀਫ਼ਾ
ਸਰਬ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪੰਜਾਬ ਨਾਲ ਸਬੰਧਤ ਮਾਮਲਿਆਂ ਦੇ ਪਾਰਟੀ ਇੰਚਾਰਜ ਆਸ਼ਾ ਕੁਮਾਰੀ ਵੱਲੋਂ ‘ਮੀ-ਟੂ` (ਮੈਂ-ਵੀ) ਮੁਹਿੰਮ `ਚ ਫਸੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ `ਚ ਦਿੱਤੇ ਬਿਆਨ ਦਾ ਸ਼੍ਰੋਮਣੀ ਅਕਾਲੀ ਦਲ ਨੇ ਗੰਭੀਰ ਨੋਟਿਸ ਲਿਆ ਹੈ ਤੇ ਉਸ `ਤੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਹੈ।
ਇੱਥੇ ਵਰਨਣਯੋਗ ਹੈ ਕਿ ਚਰਨਜੀਤ ਚੰਨੀ ਇੱਕ ਮਹਿਲਾ ਆਈਏਐੱਸ ਅਧਿਕਾਰੀ ਨੂੰ ਮੋਬਾਇਲ ਫ਼ੋਨ `ਤੇ ‘ਇਤਰਾਜ਼ਯੋਗ` ਸੰਦੇਸ਼ ਭੇਜਣ ਦੇ ਮਾਮਲੇ ਕਾਰਨ ਅੱਜ-ਕੱਲ੍ਹ ਵਿਵਾਦਾਂ `ਚ ਘਿਰੇ ਹੋਏ ਹਨ। ਅੱਜ ਆਸ਼ਾ ਕੁਮਾਰੀ ਹੁਰਾਂ ਨੇ ਚੰਨੀ ਦੇ ਹੱਕ `ਚ ਬਿਆਨ ਦਿੰਦਿਆਂ ਆਖਿਆ ਸੀ ਕਿ ਕਾਂਗਰਸ ਪਾਰਟੀ ਨੂੰ ਚੰਨੀ ਮਾਮਲੇ `ਚ ਹਾਲੇ ਤੱਕ ਕੋਈ ਸਿ਼ਕਾਇਤ ਨਹੀਂ ਮਿਲੀ ਹੈ ਅਤੇ ਮੁੱਖ ਮੰਤਰੀ ਇਸ ਮਾਮਲੇ `ਤੇ ਪਹਿਲਾਂ ਹੀ ਆਪਣੇ ਵਿਚਾਰ ਪ੍ਰਗਟਾ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਾਮਲਾ ‘ਮੀ-ਟੂ` ਤੋਂ ਕੁਝ ਵੱਖਰਾ ਹੈ। ‘ਮੈਸੇਜ ਭੇਜਣ ਤੇ ਜਿਨਸੀ ਤੌਰ `ਤੇ ਪਰੇਸ਼ਾਨ ਕਰਨ ਵਿੱਚ ਫ਼ਰਕ ਹੁੰਦਾ ਹੈ।`
ਉੱਧਰ ਵਿਰੋਧੀ ਧਿਰ ਨੂੰ ਚੰਨੀ ਹੀ ਨਹੀਂ ਕਾਂਗਰਸ ਖਿ਼ਲਾਫ਼ ਵੀ ਖ਼ੂਬ ਮਸਾਲਾ ਮਿਲ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਸ਼ਾ ਕੁਮਾਰੀ ਦੇ ਇਸ ਬਿਆਨ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਆਖਿਆ ਕਿ - ‘ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਇੱਕ ਔਰਤ ਹੀ ਰਾਹੁਲ ਗਾਂਧੀ ਦੇ ਹੁਕਮਾਂ `ਤੇ ਦੂਜੀ ਔਰਤ ਨਾਲ ਹੋਈ ਵਧੀਕੀ ਨੂੰ ਘਟਾ ਕੇ ਵੇਖ ਰਹੀ ਹੈ। ਰਾਹੁਲ ਗਾਂਧੀ ਹੁਣ ਇਹ ਸਪੱਸ਼ਟ ਕਰਨ ਕਿ ਉਨ੍ਹਾਂ ਇਸ ਮੁੱਦੇ `ਤੇ ਦੋਹਰਾ ਮਾਪਦੰਡ ਕਿਉਂ ਅਪਣਾਇਆ ਹੈ। ਕੇਂਦਰੀ ਮੰਤਰੀ ਐੱਮ.ਜੇ. ਅਕਬਰ ਜਦੋਂ ਅਜਿਹੇ ਇੱਕ ਮੀ-ਟੂ ਮਾਮਲੇ `ਚ ਫਸ ਗਏ ਸਨ, ਤਦ ਤਾਂ ਰਾਹੁਲ ਗਾਂਧੀ ਉਨ੍ਹਾਂ ਦੀ ਤਿੱਖੀ ਆਲੋਚਨਾ ਕਰਦੇ ਰਹੇ ਸਨ ਪਰ ਹੁਣ ਉਹ ਚੰਨੀ ਦੇ ਮਾਮਲੇ `ਤੇ ਚੁੱਪ ਕਿਉਂ ਹਨ।`
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੰਨੀ ਨੂੰ ਪੰਜਾਬ ਕੈਬਿਨੇਟ `ਚੋਂ ਤੁਰੰਤ ਖ਼ਾਰਜ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਸੁਆਲ ਕੀਤਾ,‘ਜੇ ਕਾਂਗਰਸ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਇੱਕ ਮਹਿਲਾ ਅਧਿਕਾਰੀ ਨੂੰ ਇਨਸਾਫ਼ ਨਹੀਂ ਦੇ ਸਕਦੀ, ਤਾਂ ਪੰਜਾਬ ਦੀਆਂ ਆਮ ਔਰਤਾਂ ਦਾ ਕੀ ਹਾਲ ਹੁੰਦਾ ਹੋਵੇਗਾ, ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਮੁੱਖ ਮੰਤਰੀ ਤੱਕ ਤਾਂ ਉਂਝ ਵੀ ਕੋਈ ਆਮ ਬੰਦਾ ਅੱਪੜ ਨਹੀਂ ਸਕਦਾ।`
