ਭਾਰਤ ਸਰਕਾਰ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ’ਚ ਸਥਿਤ ਅਟਾਰੀ–ਵਾਹਗਾ ਬਾਰਡਰ ਬੰਦ ਕਰ ਦਿੱਤਾ ਹੈ। ਇਹ ਬਾਰਡਰ ਅੱਜ ਸ਼ਾਮ ਤੋਂ ਬੰਦ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਅਜਿਹਾ ਫ਼ੈਸਲਾ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਲਿਆ ਹੈ।
ਇਸ ਬਾਰਡਰ ਤੋਂ ਹੁਣ ਨਾ ਤਾਂ ਕੋਈ ਕਾਰੋਬਾਰ ਹੋ ਸਕੇਗਾ ਤੇ ਨਾ ਹੀ ਕੋਈ ਵਿਦੇਸ਼ੀ ਵਿਅਕਤੀ ਭਾਰਤ ’ਚ ਦਾਖ਼ਲ ਹੋ ਸਕੇਗਾ। ਅਜਿਹੀ ਪਾਬੰਦੀ ਆਉਂਦੀ 15 ਅਪ੍ਰੈਲ ਤੱਕ ਲੱਗੀ ਰਹੇਗੀ।
ਸਰਕਾਰੀ ਹੁਕਮਾਂ ਮੁਤਾਬਕ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਤੋਂ ਦਰਾਮਦੀ–ਵਸਤਾਂ ਲੈ ਕੇ ਆਉਣ ਵਾਲਾ ਕੋਈ ਵੀ ਟਰੱਕ ਜਾਂ ਹੋਰ ਕੋਈ ਵਾਹਨ ਭਾਰਤ ’ਚ ਦਾਖ਼ਲ ਨਹੀਂ ਹੋ ਸਕੇਗਾ। ਅਜਿਹਾ ਕੋਈ ਟਰੱਕ ਜੇ ਆਵੇਗਾ, ਤਾਂ ਉਸ ਨੂੰ ‘ਇੰਟੈਗ੍ਰੇਟਿਡ ਚੈੱਕ–ਪੋਸਟ’ (ICP) ਉੱਤੇ ਹੀ ਰੋਕ ਲਿਆ ਜਾਵੇਗਾ।
ਅੱਜ ਸ਼ੁੱਕਰਵਾਰ ਸ਼ਾਮੀਂ 5:30 ਦੇ ਬਾਅਦ ਕੋਈ ਵਾਹਨ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਅੰਦਰ ਦਾਖ਼ਲ ਨਹੀਂ ਹੋ ਸਕੇਗਾ।
ICP ਦੇ ਇੰਚਾਰਜ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਤੋਂ ਪ੍ਰਾਪਤ ਹੋਏ ਹੁਕਮ ਮੁਤਾਬਕ ਸ਼ਾਮੀਂ 5:30 ਤੋਂ ਬਾਅਦ ਕਿਸੇ ਵੀ ਵਾਹਨ ਨੂੰ ਪਾਕਿਸਤਾਨ ਵਾਲੇ ਪਾਸਿਓਂ ਭਾਰਤ ’ਚ ਦਾਖ਼ਲ ਨਾ ਹੋਣ ਦਿੱਤਾ ਜਾਵੇ।
ਕੋਈ ਵਿਦੇਸ਼ੀ ਵੀ ਭਾਰਤ ’ਚ ਨਹੀਂ ਆ ਸਕੇਗਾ ਤੇ ਅੱਜ ਸ਼ਾਮ ਤੋਂ ICP ਨੂੰ ਬੰਦ ਕਰ ਦਿੱਤਾ ਜਾਵੇਗਾ।
ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਨੂੰ ਅਜਿਹਾ ਫ਼ੈਸਲਾ ਲੈਣਾ ਪਿਆ ਹੈ।