ਮੋਹਾਲੀ ਵਿੱਚ ਵੱਖ ਵੱਖ ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਮੌਜੂਦਾ ਵਿੱਤੀ ਸਾਲ ਦੌਰਾਨ ਅਗਸਤ ਮਹੀਨੇ ਤੱਕ 19 ਕਰੋੜ 97 ਲੱਖ 34 ਹਜ਼ਾਰ 750 ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਹੀਨਾ ਅਗਸਤ ਦੇ 45924 ਲਾਭਪਾਤਰੀਆਂ ਦੀ ਪੈਨਸ਼ਨ ਸਿੱਧੇ ਤੌਰ ’ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪੈਨਸ਼ਨ ਸਕੀਮਾਂ ਲੋਕਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਹੀਆਂ ਹਨ। ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਣ ਨਾਲ ਜਿੱਥੇ ਲਾਭਪਾਤਰੀਆਂ ਦੀ ਖੱਜਲ-ਖੁਆਰੀ ਘਟੀ ਹੈ, ਉਥੇ ਉਨ੍ਹਾਂ ਦੇ ਸਮੇਂ ਦੀ ਬੱਚਤ ਵੀ ਹੋਈ ਹੈ।
ਉਨ੍ਹਾਂ ਕਿਹਾ ਕਿ ਪੈਨਸ਼ਨ ਦੀ ਅਦਾਇਗੀ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਲਾਭਪਾਤਰੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਵਿੰਦਰ ਸਿੰਘ ਰਾਹੀ ਨੇ ਦੱਸਿਆ ਕਿ ਪੁਰਸ਼, ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵੱਧ ਹੋਵੇ ਅਤੇ ਔਰਤਾਂ, ਜਿਨ੍ਹਾਂ ਦੀ ਉਮਰ 58 ਸਾਲ ਜਾਂ ਇਸ ਤੋਂ ਵੱਧ ਹੋਵੇ, ਦੀ ਸਾਰੇ ਵਸੀਲਿਆਂ ਤੋਂ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਵੱਧ ਨਾ ਹੋਵੇ ਅਤੇ ਪੇਂਡੂ ਖੇਤਰ ਵਿੱਚ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਅਤੇ ਸ਼ਹਿਰੀ ਖੇਤਰ ਵਿੱਚ 200 ਵਰਗ ਗਜ਼ ਤੋਂ ਘੱਟ ਮਕਾਨ ਦੀ ਮਾਲਕੀ ਵਾਲੇ ਯੋਗ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਦਾ ਲਾਭ ਦਿੱਤਾ ਜਾਂਦਾ ਹੈ।
ਇਸੇ ਤਰ੍ਹਾਂ 58 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਅਤੇ ਨਿਆਸ਼ਰਿਤ ਔਰਤਾਂ, ਜਿਨ੍ਹਾਂ ਦੀ ਸਾਲਾਨਾ ਆਮਦਨ 60 ਹਜ਼ਾਰ ਤੋਂ ਵੱਧ ਨਾ ਹੋਵੇ ਅਤੇ 21 ਸਾਲ ਤੋਂ ਘੱਟ ਉਮਰ ਦੇ ਅਜਿਹੇ ਬੱਚੇ, ਜੋ ਮਾਤਾ ਪਿਤਾ ਦੀ ਮੌਤ ਜਾਂ ਉਨ੍ਹਾਂ ਦੀ ਅਪੰਗਤਾ ਕਾਰਨ ਦੇਖਭਾਲ ਤੋਂ ਵਾਂਝੇ ਹੋ ਗਏ ਹੋਣ ਅਤੇ ਉਨ੍ਹਾਂ ਦੀ ਆਮਦਨ ਸਾਲਾਨਾ 60 ਹਜ਼ਾਰ ਤੋਂ ਘੱਟ ਹੋਵੇ, ਨੂੰ ਵੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ 50 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਦਿਵਿਆਂਗ ਵੀ ਵਿੱਤੀ ਸਹਾਇਤਾ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪੈਨਸ਼ਨ ਲੈਣ ਲਈ ਅਰਜ਼ੀ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਬਾਲ ਵਿਕਾਸ ਪ੍ਰਾਜੈਕਟ ਅਫਸਰ (ਸੀ.ਡੀ.ਪੀ.ਓ.) ਦਫਤਰ ਵਿੱਚ ਉਪਲਬਧ ਹਨ।
.