ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ `ਚ ਬਾਬਾ ਫ਼ਰੀਦ ਤੇ ਭਗਤ ਪੂਰਨ ਸਿੰਘ ਪੁਰਸਕਾਰਾਂ ਦਾ ਐਲਾਨ

ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਸੋਮਵਾਰ ਨੂੰ ਫ਼ਰੀਦਕੋਟ `ਚ ਪ੍ਰੈੱਸ ਕਾਨਫ਼ਰੰਸ ਦੌਰਾਨ

ਬਾਬਾ ਫ਼ਰੀਦ ਧਾਰਮਿਕ ਤੇ ਚੈਰਿਟੇਬਲ ਸੁਸਾਇਟੀ ਅਤੇ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫ਼ਰੀਦਕੋਟ ਸੁਸਾਇਟੀ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਅਤੇ ਪੀਐੱਸਪੀਸੀਐੱਲ ਦੇ ਸੁਪਰਇੰਟੈਂਡੈਂਟ ਇੰਜੀਨੀਅਰ ਜਸਬੀਰ ਸਿੰਘ ਭੁੱਲਰ ਨੂੰ ਸਾਲ 2018 ਲਈ ਈਮਾਨਦਾਰੀ ਲਈ ‘ਬਾਬਾ ਫ਼ਰੀਦ ਪੁਰਸਕਾਰ` ਦੇਣ ਦਾ ਐਲਾਨ ਕੀਤਾ ਹੈ।


ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਨੇ ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਕਾ ਲੰਗਰ ਆਈ ਹਸਪਤਾਲ - ਚੰਡੀਗੜ੍ਹ ਤੇ ਲੁਧਿਆਣਾ ਦੀ ਹਿਊਮੈਨਿਟੀ ਸੇਵਾ ਸੁਸਾਇਟੀ ਦੇ ਗੁਰਪ੍ਰੀਤ ਸਿੰਘ ਨੂੰ ਮਨੁੱਖਤਾ ਦੀ ਸੇਵਾ ਲਈ ਸਾਲ 2018 ਦਾ ‘ਭਗਤ ਪੂਰਨ ਸਿੰਘ ਐਵਾਰਡ` ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ ਇੱਕ-ਇੱਕ ਲੱਖ ਰੁਪਏ ਦਾ ਪੁਰਸਕਾਰ, ਸਨਮਾਨ-ਪੱਤਰ ਤੇ ਇੱਕ ਸਿਰੋਪਾਓ ਬਖ਼ਸਿ਼ਸ਼ ਕੀਤੇ ਜਾਂਦੇ ਹਨ।


ਇਹ ਪੁਰਸਕਾਰ ਆਉਂਦੀ 23 ਸਤੰਬਰ (ਐਤਵਾਰ) ਨੂੰ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫ਼ਰੀਦਕੋਟ ਵਿਖੇ ਦਿੱਤੇ ਜਾਣਗੇ। ਇਹ 18ਵਾਂ ਪੁਰਸਕਾਰ ਸਮਾਰੋਹ ਹੋਵੇਗਾ ਤੇ ਹੁਣ ਤੱਕ ਈਮਾਨਦਾਰੀ ਵਾਲਾ ਇਹ ਬਾਬਾ ਫ਼ਰੀਦ ਐਵਾਰਡ ਆਈਪੀਐੱਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਆਈਪੀਐੱਸ ਕਿਰਨ ਬੇਦੀ ਜਿਹੀਆਂ 29 ਸ਼ਖ਼ਸੀਅਤਾਂ ਨੂੰ ਇਹ ਐਵਾਰਡ ਦਿੱਤੇ ਜਾ ਚੁੱਕੇ ਹਨ। ਇੰਝ ਹੀ ਮਨੁੱਖਤਾ ਦੀ ਸੇਵਾ ਲਈ ਇਹ ਭਗਤ ਪੂਰਨ ਸਿੰਘ ਪੁਰਸਕਾਰ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਦੇ ਮੁਖੀ ਇੰਦਰਜੀਤ ਕੌਰ ਸਮੇਤ 24 ਸ਼ਖ਼ਸੀਅਤਾਂ ਨੂੰ ਮਿਲ ਚੁੱਕਾ ਹੈ।


ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਈਅਬ ਨਾਲ ਜਦੋਂ ਸੰਪਰਕ ਕਰ ਕੇ ਇਸ ਪੁਰਸਕਾਰ ਬਾਰੇ ਵਿਚਾਰ ਜਾਣੇ ਗਏ, ਤਾਂ ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਤੇ ਉਹ ਆਪਣੀ ਜਿ਼ੰਮੇਵਾਰੀ ਇੰਝ ਹੀ ਨਿਭਾਉਂਦੇ ਰਹਿਣਗੇ। ਸ੍ਰੀ ਤਈਅਬ 2013 ਤੋਂ ਲੈ ਕੇ 2015 ਤੱਕ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ।


ਪਿਛਲੇ ਵਰ੍ਹੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਇੱਕ ਸਕੂਟਰ ਮਕੈਨਿਕ ਪਰਮਜੀਤ ਨਾਭਾ ਨੂੰ ਸਾਲ 2017 ਦੇ ਬਾਬਾ ਫ਼ਰੀਦ ਪੁਰਸਕਾਰ ਦਿੱਤੇ ਗਏ ਸਨ। ਸ੍ਰੀ ਪਰਮਜੀਤ ਨਾਭਾ ਪਿਛਲੇ 20 ਵਰ੍ਹਿਆਂ ਤੋਂ ਸੜਕ ਹਾਦਸਿਆਂ `ਚ ਜ਼ਖ਼ਮੀ ਹੋਏ ਵਿਅਕਤੀਆਂ ਨੁੰ ਹਸਪਤਾਲ ਲਿਜਾਂਦੇ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baba Farid and Bhagat Puran Singh Awards Announced