ਬੱਬਰ ਖ਼ਾਲਸਾ ਇੰਟਰਨੈਸ਼ਨਲ ਨੂੰ ਵੱਡੇ ਪੱਧਰ `ਤੇ ਕਥਿਤ ਤੌਰ `ਤੇ ਮਾਲੀ ਇਮਦਾਦ ਪਹੁੰਚਾਉਣ ਵਾਲੇ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ (38) ਨੂੰ ਮੋਹਾਲੀ ਪੁਲਿਸ ਵੱਲੋਂ ਦਿੱਲੀ ਹਵਾਈ ਅੱਡੇ `ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਸੰਯੁਕਤ ਅਰਬ ਅਮੀਰਾਤ (UAE - United Arab Emirates - ਯੂ.ਏ.ਈ.) ਵੱਲੋਂ ਭਾਰਤ ਡੀਪੋਰਟ ਕੀਤਾ ਗਿਆ ਸੀ।
ਇਸ ਮਾਮਲੇ ਨਾਲ ਜੁੜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵੇਲੇ ਭੁਪਿੰਦਰ ਸਿੰਘ ਅਬੂ ਧਾਬੀ `ਚ ਟਰੱਕ ਡਰਾਇਵਰ ਸੀ ਤੇ ਬੱਬਰ ਖ਼ਾਲਸਾ ਨੂੰ ਮਾਲੀ ਇਮਦਾਦ ਭੇਜਦਾ ਸੀ।
ਭੁਪਿੰਦਰ ਸਿੰਘ ਵਿਰੁੱਧ ਭਾਰਤ ਸਰਕਾਰ ਨੇ ਰੈੱਡ-ਕਾਰਨਰ ਨੋਟਿਸ ਜਾਰੀ ਕੀਤਾ ਸੀ ਤੇ ਉਸ ਤੋਂ ਬਾਅਦ ਹੀ ਯੂਏਈ ਸਰਕਾਰ ਨੇ ਉਸ ਨੂੰ ਡੀਪੋਰਟ ਕੀਤਾ ਹੈ। ਉਂਝ ਉਹ ਲੁਧਿਆਣਾ ਜਿ਼ਲ੍ਹੇ ਦੇ ਰਾਇਪੁਰ ਲਾਗਲੇ ਪਿੰਡ ਤਾਜਪੁਰ ਦਾ ਜੰਮਪਲ਼ ਹੈ। ਉਸ ਦੇ ਦੋ ਬੱਚੇ ਹਨ। ਉਸ ਦਾ ਪਰਿਵਾਰ ਪਿੰਡ `ਚ ਹੀ ਰਹਿੰਦਾ ਹੈ ਤੇ ਉਹ ਅਕਸਰ ਆਪਣੇ ਪਰਿਵਾਰ ਨੂੰ ਮਿਲਣ ਲਈ ਆਉਂਦਾ ਰਿਹਾ ਹੈ।
ਭੁਪਿੰਦਰ ਸਿੰਘ ਦਾ ਰਾਬਤਾ ਫ਼ੇਸਬੁੱਕ ਰਾਹੀਂ ਦਹਿਸ਼ਤਗਰਦ ਸੰਗਠਨ ਨਾਲ ਹੋਇਆ ਸੀ ਤੇ ਫਿਰ ਉਹ ਉਸ ਦੇ ਇੱਕ ਵ੍ਹਟਸਐਪ ਗਰੁੱਪ ਦਾ ਮੈਂਬਰ ਬਣ ਗਿਆ, ਜਿੱਥੇ ਅਕਸਰ ਖ਼ਾਲਿਸਤਾਨ ਦੀ ਸਿਰਜਣਾ ਲਈ ਸਮੱਗਰੀ ਅਪਲੋਡ ਕੀਤੀ ਜਾਂਦੀ ਹੈ।
ਬੱਬਰ ਖ਼ਾਲਸਾ ਇੰਟਰਨੈਸ਼ਨਲ (ਇਹ ਜੱਥੇਬੰਦੀ ‘ਬੱਬਰ ਖ਼ਾਲਸਾ` ਦੇ ਨਾਂਅ ਨਾਲ ਵਧੇਰੇ ਜਾਣੀ ਜਾਂਦੀ ਹੈ) ਜਿ਼ਆਦਾਤਰ ਇੱਕ ਵੱਖਰੇ ਸਿੱਖ ਦੇਸ਼ ‘ਖ਼ਾਲਿਸਤਾਨ` ਦੀ ਸਿਰਜਣਾ ਦੇ ਉਦੇਸ਼ ਲਈ ਕਈ ਤਰ੍ਹਾਂ ਦੀਆਂ ਦਹਿਸ਼ਤਗਰਦ ਗਤੀਵਿਧੀਆਂ `ਚ ਸ਼ਾਮਲ ਰਹੀ ਹੈ।
ਮੋਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸਾਲ 2017 ਦੌਰਾਨ ਦਹਿਸ਼ਤਗਰਦਾਂ ਦੇ ਇੱਕ ਮਾਡਿਯੂਲ ਦਾ ਪਰਦਾਫ਼ਾਸ਼ ਕੀਤਾ ਗਿਆ ਸੀਤੇ ਉਸ ਸਬੰਧੀ ਮੋਹਾਲੀ ਦੇ ਫ਼ੇਸ-1 ਦੇ ਪੁਲਿਸ ਥਾਣੇ `ਚ ਕੇਸ ਦਰਜ ਕੀਤਾ ਗਿਾ ਸੀ। ਭੁਪਿੰਦਰ ਸਿੰਘ ਤੋਂ ਉਸੇ ਮਾਮਲੇ `ਚ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੁਣ ਬੱਬਰ ਖ਼ਾਲਸਾ ਦੇ ਇਸ ਫ਼ਾਈਨਾਂਸਰ ਅਤੇ ਉਸ ਦੇ ਸਾਰੇ ਸਾਥੀਆਂ ਬਾਰੇ ਜਾਣਕਾਰੀ ਲੈਣ ਦੇ ਜਤਨ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਭੁਪਿੰਦਰ ਸਿੰਘ ਨੂੰ ਦਿੱਲੀ ਹਵਾਈ ਅੱਡੇ `ਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਬਹੁਤ ਹੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੜਕ ਰਸਤੇ ਮੋਹਾਲੀ ਲਿਆਂਦਾ ਗਿਆ ਸੀ। ਉਸ ਨੂੰ ਡਿਊਟੀ ਮੈਜਿਸਟ੍ਰੇਟ ਸਾਹਵੇਂ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ ਛੇ ਦਿਨਾ ਪੁਲਿਸ ਰਿਮਾਂਡ `ਤੇ ਭੇਜ ਦਿੱਤਾ ਗਿਆ ਹੈ।
ਇੱਥੇ ਵਰਨਣਯੋਗ ਹੈ ਕਿ ਮਈ 2017 `ਚ ਚਾਰ ਜਣੇ - ਹਰਬਿੰਦਰ ਸਿੰਘ ਨਿਵਾਸੀ ਅੰਮ੍ਰਿਤਸਰ, ਅੰਮ੍ਰਿਤਪਾਲ ਕੌਰ ਉਰਫ਼ ਅੰਮ੍ਰਿਤ, ਜਰਨੈਲ ਸਿੰਘ ਤੇ ਰਣਦੀਪ ਸਿੰਘ ਗ੍ਰਿਫ਼ਤਾਰ ਕੀਤੇ ਗਏ ਸਨ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਇਹੋ ਦੱਸਿਆ ਸੀ ਕਿ ਭੁਪਿੰਦਰ ਸਿੰਘ ਹੀ ਉਨ੍ਹਾਂ ਦਾ ਫ਼ਾਈਨਾਂਸਰ ਹੈ। ਇਹ ਸਾਰੀ ਜਾਣਕਾਰੀ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦਿੱਤੀ।
ਤਦ ਗ੍ਰਿਫ਼ਤਾਰ ਕੀਤੇ ਗਏ ਚਾਰ ਦਹਿਸ਼ਤਗਰਦਾਂ ਕੋਲੋਂ ਮੋਹਾਲੀ ਪੁਲਿਸ ਨੇ ਦੋ .32 ਬੋਰ ਦੀਆਂ ਪਿਸਤੌਲਾਂ, ਚਾਰ ਮੈਗਜ਼ੀਨਾਂ ਤੇ ਪੰਜ ਅਣਚੱਲੇ ਕਾਰਤੂਸ ਬਰਾਮਦ ਕੀਤੇ ਸਨ। ਉਨ੍ਹਾਂ ਦੀ ਯੋਜਨਾ ਨਵੰਬਰ 1984 ਸਿੱਖ ਕਤਲੇਆਮ ਦੇ ਕਥਿਤ ਮੁਲਜ਼ਮ ਜਗਦੀਸ਼ ਟਾਈਟਲਰ ਅਤੇ ਇਸੇ ਮਾਮਲੇ `ਚ ਹੁਣ ਸਜ਼ਾ-ਯਾਫ਼ਤਾ ਸੱਜਣ ਸਿੰਘ ਦੇ ਨਾਲ-ਨਾਲ ਇੱਕ ਸਿ਼ਵ ਸੈਨਾ ਆਗੂ ਅਤੇ ਬੇਅਦਬੀ ਦੀਆਂ ਘਟਨਾਵਾਂ ਨਾਲ ਸਬੰਧਤ ਕੁਝ ਲੋਕਾਂ ਨੂੰ ਕਤਲ ਕਰਨ ਦੀ ਸੀ।
ਇਸ ਸਬੰਧੀ ਫ਼ੇਸ-1 ਦੇ ਪੁਲਿਸ ਥਾਣੇ `ਚ ਕੇਸ ਦਰਜ ਕਰ ਲਿਆ ਗਿਆ ਸੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ
https://www.facebook.com/hindustantimespunjabi/
ਅਤੇ
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ
https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ