ਆਮ ਆਦਮੀ ਪਾਰਟੀ ਦੇ ਨੇਤਾ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿਨੋ-ਦਿਨ ਹੋਰ ਅਮੀਰ ਹੁੰਦੇ ਜਾ ਰਹੇ ਹਨ ਜਦੋਂਕਿ ਜਨਤਾ ਗਰੀਬ ਹੁੰਦੀ ਜਾ ਰਹੀ ਹੈ।
ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਕੋਲ ਅੱਠ ਬੱਸਾਂ ਸਨ ਪਰ ਹੁਣ ਉਨ੍ਹਾਂ ਨੇ ਡੇਢ ਹਜ਼ਾਰ ਬੱਸਾਂ ਬਣਾ ਲਈਆਂ ਹਨ, ਇਹ ਜਨਤਾ ਦਾ ਪੈਸਾ ਸੀ। ਮਾਨ ਸ਼ੁੱਕਰਵਾਰ ਨੂੰ ਆਪ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਲਈ ਚੋਣ ਪ੍ਰਚਾਰ ਕਰਨ ਜਲਾਲਾਬਾਦ ਪਹੁੰਚੇ ਸਨ।
ਭਗਵੰਤ ਮਾਨ ਨੇ ਕਿਹਾ ਕਿ ਸਾਰੇ ਟੈਕਸ ਪੰਜਾਬ ਦੇ ਲੋਕਾਂ ‘ਤੇ ਥੋਪੇ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਹਿਫਾਜ਼ਤ ਚ ਸਾਡਾ ਦਿੱਤਾ ਹੋਇਆ ਕਰੋੜਾਂ ਦਾ ਟੈਕਸ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ।
ਮਾਨ ਨੇ ਕਿਹਾ ਕਿ ਜਲਾਲਾਬਾਦ ਚ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਂਵਲਾ ਲੋਕਾਂ ਨੂੰ ਬੇਰੁਜ਼ਗਾਰੀ ਦੂਰ ਕਰਨ ਅਤੇ ਵਿਕਾਸ ਕਰਨ ਦੇ ਵਾਅਦਾ ਕਰ ਰਹੇ ਹਨ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਦੇ ਦਿਨਾਂ ਦੌਰਾਨ 129 ਪੰਨਿਆਂ ਦੇ ਚੋਣ ਮਨੋਰਥ ਪੱਤਰ ਚੋਂ 29 ਪੰਨਿਆਂ ਦੇ ਵਾਅਦੇ ਪੂਰੇ ਹੀ ਨਹੀਂ ਕੀਤੇ ਹਨ।
ਮਾਨ ਨੇ ਜਲਾਲਾਬਾਦ ਦੇ ਲੋਕਾਂ ਨੂੰ ਕਿਹਾ ਕਿ ਆਂਵਲਾ ਇਕ ਅਮੀਰ ਵਿਅਕਤੀ ਹੈ, ਅੱਜ ਤੁਹਾਡੇ ਕੋਲੋਂ ਵੋਟਾਂ ਮੰਗਣ ਆਏ ਹਨ। ਚੋਣ ਜਿੱਤਣ ਤੋਂ ਬਾਅਦ ਦਿਖਾਈ ਤਕ ਨਹੀਂ ਦੇਣਗੇ। ਬਾਦਲ ਅਤੇ ਕੈਪਟਨ ਲੋਕਾਂ ਨੂੰ ਮੂਰਖ ਬਣਾ ਰਹੇ ਹਨ।
.