ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੰਬੀ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਤੇ ਕਾਂਗਰਸੀ ਆਗੂਆਂ `ਤੇ ਬੂਥਾਂ ਉੱਪਰ ਕਬਜ਼ੇ ਕਰਨ ਦਾ ਦੋਸ਼ ਲਾਇਆ।
ਸ੍ਰੀ ਬਾਦਲ ਨੇ ਆਪਣੇ ਜੱਦੀ ਪਿੰਡ ਬਾਦਲ `ਚ ਆਪਣੀ ਵੋਟ ਪਾਈ।
ਸਾਬਕਾ ਮੁੱਖ ਮੰਤਰੀ ਨੇ ਕਿਹਾ,‘ਕਾਂਗਰਸ ਨੂੰ ਅਸਲ `ਚ ਹੁਣ ਚੋਣਾਂ `ਚ ਹਾਰ ਦਾ ਡਰ ਸਤਾ ਰਿਹਾ ਹੈ; ਇਸੇ ਲਈ ਉਹ ਚੋਣ-ਨਤੀਜੇ ਆਪਣੇ ਹੱਕ `ਚ ਕਰਨ ਲਈ ਹਿੰਸਾ `ਤੇ ਉਤਾਰੂ ਹੋ ਗਈ ਹੈ। ਮੈਂ ਇੱਥੇ ਪਿੰਡਾਂ `ਚ ਕੋਈ ਬਾਹਰਲੇ ਲੋਕਾਂ ਨੂੰ ਸੋਟੀਆਂ ਤੇ ਹੋਰ ਹਥਿਆਰਾਂ ਸਮੇਤ ਇੱਥੇ ਘੁੰਮਦਿਆਂ ਤੱਕਿਆ ਹੈ। ਇਸ ਕਿਸਮ ਦੀ ਸਿਆਸਤ ਨਿਖੇਧੀਯੋਗ ਹੈ।`
ਮੁਕਤਸਰ `ਚ 10 ਵਿਅਕਤੀ ਫੜੇ
ਇਸ ਦੌਰਾਨ, ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਉਦੇਕਰਨ ਜ਼ੋਨ ਤੋਂ ਜਿ਼ਲ੍ਹਾ ਪ੍ਰੀਸ਼ਦ ਚੋਣ ਲੜ ਰਹੇ ਮਨਜਿੰਦਰ ਬਿੱਟੂ ਦੇ ਹੋਟਲ ਤੋਂ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਚਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਿਅਕਤੀਆਂ ਕੋਲੋਂ ਇੱਕ ਲਾਇਸੈਂਸੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਚੋਣਾਂ ਵੇਲੇ ਹਕਿਆਰ ਲੈ ਕੇ ਚੱਲਣ `ਤੇ ਮੁਕੰਮਲ ਪਾਬੰਦੀ ਹੁੰਦੀ ਹੈ; ਇਸੇ ਲਈ ਇਸ ਮਾਮਲੇ ਦੀ ਜਾਂਾਚ ਚੱਲ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ `ਚ ਦੋ ਘੰਟਿਆਂ ਦੀ ਪੋਲਿੰਗ ਤੋਂ ਮਬਾਕ ਸਿਰਫ਼ 16.10 ਫ਼ੀ ਸਦੀ ਲੋਕਾਂ ਨੇ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਸੀ। ਮਲੋਟ `ਚ ਇਹ ਫ਼ੀ ਸਦ 14 ਅਤੇ ਲੰਬੀ `ਚ 15 ਸੀ।