ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਸਿੰਘ ਗੁਰੂਘਰਾਂ `ਤੇ ਕਬਜ਼ਾ ਕਰਨਾ ਚਾਹੁੰਦੇ ਨੇ: ਬਾਦਲ

ਕੈਪਟਨ ਦੇ ਸ਼ਹਿਰ `ਚ ਬਾਦਲਾਂ ਦੀ ਰੈਲੀ ਨੇ ਖਿੱਚਿਆ ਵੱਡਾ ਇਕੱਠ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਤੇ ਸ਼ਾਹੀ ਸ਼ਹਿਰ ਪਟਿਆਲਾ `ਚ ਆਪਣੀ ਰੈਲੀ ਕੀਤੀ। ਇਸ ਨੂੰ ‘ਜਬਰ-ਵਿਰੋਧੀ ਰੈਲੀ` ਦਾ ਨਾਂਅ ਦਿੱਤਾ ਗਿਆ ਸੀ।


ਇਸ ਮੌਕੇ ਵੱਡਾ ਇਕੱਠ ਅਕਾਲੀਆਂ ਦੀ ਰੈਲੀ ਵਿੱਚ ਵੇਖਿਆ ਗਿਆ। ਜੇ ਇਕੱਠ ਨੂੰ ਵੇਖਿਆ ਜਾਵੇ, ਤਾਂ ਇਸ ਰੈਲੀ ਨੂੰ ਬੇਹੱਦ ਸਫ਼ਲ ਆਖਿਆ ਜਾ ਸਕਦਾ ਹੈ।


ਦਰਅਸਲ, ਪੰਜਾਬ `ਚ ਬੇਅਦਬੀ ਦੀਆਂ ਘਟਨਾਵਾਂ ਬਾਰੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਖਿ਼ਲਾਫ਼ ਬਣੀ ਹਵਾ ਨੂੰ ਦੂਰ ਕਰਨ ਤੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੇ ਮੰਤਵ ਨਾਲ ਇਹ ਰੈਲੀ ਕੀਤੀ ਗਈ।


ਅਕਾਲੀ ਦਲ ਦੇ ਸਰਪ੍ਰਸਤ ਤੇ ਸਿਆਸਤ ਦੇ 94 ਸਾਲਾ ਬਾਬਾ ਬੋਹੜ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਖ਼ੁਦ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕੀਤਾ ਹੋਇਆ ਸੀ। ਇਸ ਰੈਲੀ ਤੋਂ ਬਾਅਦ ਸ੍ਰੀ ਸੁਖਬੀਰ ਸਿੰਘ ਬਾਦਲ ਬਹੁਤ ਖ਼ੁਸ਼ ਵਿਖਾਈ ਦਿੱਤੇ।   

 

ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿਆਸੀ ਲਾਭ ਲਈ ਸਿੱਖਾਂ ਨੂੰ ਤੋੜਨ ਦੇ ਜਤਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਬੇਅਦਬੀ ਦੀਆਂ ਗੱਲਾਂ ਕਰਦੀ ਹੈ; ਜਦ ਕਿ ਕਾਂਗਰਸ ਨੇ ਹੀ ਸ੍ਰੀ ਹਰਿਮੰਦਰ ਸਾਹਿਬ `ਤੇ ਹਮਲਾ ਕਰਵਾਇਆ ਸੀ। ਪਰ ਅੱਜ ਕੈਪਟਨ ਅਮਰਿੰਦਰ ਆਖਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ 1984 `ਚ ਜੋ ਵੀ ਹੋਇਆ, ਉਹ ਠੀਕ ਹੋਇਆ। 

 

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ `ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੇ ਪ੍ਰਮੁੱਖ ਸਿੱਖ ਸੰਸਥਾਨਾਂ ਅਤੇ ਸਾਰੇ ਗੁਰਦੁਆਰਾ ਸਾਹਿਬਾਨ (ਗੁਰੂਘਰਾਂ) `ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਕਿਸੇ ਵੀ ਹਾਲਤ `ਚ ਕਾਂਗਰਸ ਨੂੰ ਅਜਿਹਾ ਕੁਝ ਨਹੀਂ ਕਰਨ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਨੇ ਵੀ ਪਹਿਲਾਂ ਗੁਰਦੁਆਰਾ ਸਾਹਿਬਾਨ ਤੇ ਹੋਰ ਸਿੱਖ ਸੰਸਥਾਨਾਂ ਦਾ ਕਬਜ਼ਾ ਲੈਣਾ ਚਾਹਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਕਦੇ ਵੀ ਅਜਿਹਾ ਨਹੀਂ ਚਾਹੇਗੀ ਕਿ ਗੁਰੂਘਰਾਂ ਦਾ ਕੰਟਰੋਲ ਕਾਂਗਰਸੀ ਨੁਮਾਇੰਦਿਆਂ ਦੇ ਹੱਥਾਂ `ਚ ਜਾਵੇ।


ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਹਿਟਲਰ ਵਰਗੇ ਤਾਨਾਸ਼ਾਹ ਹਨ ਤੇ ਇਸੇ ਲਈ ਉਨ੍ਹਾਂ ਨੇ ਆਮ ਲੋਕਾਂ ਨੂੰ ਪਟਿਆਲਾ `ਚ ਅਕਾਲੀ ਦਲ ਦੀ ‘ਜਬਰ-ਵਿਰੋਧੀ` ਰੈਲੀ ਵਿੱਚ ਆਉਣ ਤੋਂ ਵਰਜਿਆ।


ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵੇਲੇ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਉਨ੍ਹਾਂ `ਚੋਂ ਕੋਈ ਵੀ ਵਾਅਦਾ ਉਹ ਪੂਰਾ ਨਾ ਕਰ ਸਕੀ। ਉਨ੍ਹਾਂ ਕਿਹਾ ਕਿ ਨਾ ਤਾਂ ਕਿਸਾਨਾਂ ਦੇ ਕਰਜ਼ੇ ਪੂਰੀ ਤਰ੍ਹਾਂ ਮਾਫ਼ ਹੋਏ, ਨਾ ਹੀ ਪੰਜਾਬ ਦੇ ਹਰੇਕ ਪਰਿਵਾਰ ਨੂੰ ਨੌਕਰੀ ਮਿਲੀ, ਨਾ ਹੀ ਹੀ ਸੂਬੇ `ਚੋਂ ਨਸਿ਼ਆਂ ਦਾ ਮੁਕੰਮਲ ਖ਼ਾਤਮਾ ਹੋਇਆ, ਨਾ ਹੀ ਨੌਜਵਾਨਾਂ ਨੂੰ ਮੋਬਾਇਲ ਫ਼ੋਨ ਹੀ ਦਿੱਤੇ ਗਏ। 

 

ਸ੍ਰੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਬਹੁਤ ਸਾਰੀਆਂ ਤਾਕਤਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਜਤਨ ਕਰ ਰਹੀਆਂ ਹਨ। ‘ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਕਾਲੀ ਦਲ ਨੂੰ ਕੋਹੀ ਵੀ ਕਮਜ਼ੋਰ ਨਹੀਂ ਕਰ ਸਕਦਾ। ਇਹ ਸਾਰੀ ਜਨਤਾ ਅਕਾਲੀ ਦਲ ਨਾਲ ਹੈ। ਅੱਜ ਮੈਂ ਅਕਾਲੀ ਦਲ ਦੀ ਸੇਵਾ ਕਰ ਰਿਹਾ ਹਾਂ ਤੇ ਕੁਝ ਸਾਲਾਂ ਬਾਅਦ ਕੋਈ ਹੋਰ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਜਾਗੀਰ ਨਹੀਂ ਹੈ। ਇਸ ਨੂੰ ਕੁਝ ਸਾਲਾਂ ਬਾਅਦ ਕੋਈ ਹੋਰ ਵੀ ਸੰਭਾਲ ਸਕਦਾ ਹੈ। `

 

ਸ੍ਰੀ ਸੁਖਬੀਰ ਬਾਦਲ ਨੇ ਪਟਿਆਲਾ `ਚ ਅਕਾਲੀ ਦਲ ਦੀ ‘ਜਬਰ ਵਿਰੋਧੀ` ਰੈਲੀ ਨੂੰ ਭਰਵਾਂ ਹੁੰਗਾਰਾ ਦੇਣ ਵਾਲੇ ਸਮੂਹ ਪੰਜਾਬੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦਾ ਇਤਿਹਾਸਕ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦੀ ਜਨਤਾ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੂਬੇ `ਚ ਪਾਏ ਗਏ ਯੋਗਦਾਨ ਦਾ ਪੂਰਾ ਸਤਿਕਾਰ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਸਦਾ ਪੰਜਾਬ ਤੇ ਪੰਜਾਬੀਆਂ ਦੇ ਹਿਤਾਂ ਦੀ ਰਾਖੀ ਕੀਤੀ ਹੈ। 

 

 

 


ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ `ਚ ਇਸ ਵੇਲੇ ਅਸਲ `ਚ ਕੋਈ ਸਰਕਾਰ ਹੈ ਹੀ ਨਹੀਂ। ਸਰਕਾਰ ਤੇ ਮੁੱਖ ਮੰਤਰੀ ਕਿਸੇ ਨੂੰ ਵਿਖਾਈ ਹੀ ਨਹੀਂ ਦਿੰਦੇ।

 

ਅਕਾਲੀ ਆਗੂਆਂ ਨੇ ਟਵੀਟ ਕਰਦਿਆਂ ਆਖਿਆ ਕਿ ਇੰਨੇ ਵੱਡੇ ਇਕੱਠ ਤੋਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਆਮ ਜਨਤਾ ਦਾ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਵਿੱਚ ਕਿੰਨਾ ਡੂੰਘਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਪਟਿਆਲਾ `ਚ ਵੱਡਾ ਕੰਮ ਲੈ ਕੇ ਪੁੱਜੇ ਹਨ। ‘ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ `ਚ ਉਨ੍ਹਾਂ ਨੂੰ ਨੀਂਦਰ `ਚੋਂ ਜਗਾਉਣ ਲਈ ਆਏ ਹਾਂ। ਅੱਜ ਅਸੀਂ ਉਨ੍ਹਾਂ ਨੂੰ ਪੰਜਾਬੀਆਂ ਦੀ ਤਾਕਤ ਦਾ ਅਹਿਸਾਸ ਕਰਵਾਉਣ ਲਈ ਆਏ ਹਾਂ।`   

 

 

 

 

 

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ਼ਵੇਤ ਮਲਿਕ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਤੋਤਾ ਸਿੰਘ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ ਜਿਹੇ ਅਨੇਕ ਅਕਾਲੀ ਆਗੂ ਮੌਜੂਦ ਸਨ।


ਪਰ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਜਿਹੇ ਟਕਸਾਲੀ ਆਗੂਆਂ ਨੇ ਇਸ ਰੈਲੀ ਵਿੱਚ ਸਿ਼ਰਕਤ ਨਹੀਂ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badals held a huge rally in Captain s Patiala