ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲਾਂ ਨੇ 10 ਸਾਲਾਂ `ਚ ਹਵਾਈ ਦੌਰਿਆਂ `ਤੇ ਖ਼ਰਚ ਕੀਤੇ 121 ਕਰੋੜ

ਬਾਦਲਾਂ ਨੇ 10 ਸਾਲਾਂ `ਚ ਹਵਾਈ ਦੌਰਿਆਂ `ਤੇ ਖ਼ਰਚ ਕੀਤੇ 121 ਕਰੋੜ

--  ਪਹਿਲੀ ਵਾਰ ਜੱਗ-ਜ਼ਾਹਿਰ ਹੋਏ ਬਾਦਲਾਂ ਦੇ ਸਾਰੇ ਯਾਤਰਾ-ਖ਼ਰਚੇ

 


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ 10 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਚਾਰਟਰਡ ਉਡਾਣਾਂ `ਤੇ 121 ਕਰੋੜ ਰੁਪਏ ਖ਼ਰਚ ਕੀਤੇ ਸਨ। ਇਹ ਪ੍ਰਗਟਾਵਾ ਸੂਚਨਾ ਦਾ ਅਧਿਕਾਰ ਹਾਸਲ ਕਰਨ (ਆਰਟੀਆਈ) ਬਾਰੇ ਕਾਨੂੰਨ ਅਧੀਨ ਪੁੱਛੇ ਇੱਕ ਸੁਆਲ ਦੇ ਜੁਆਬ `ਚ ਕੀਤਾ ਗਿਆ ਹੈ। ਇਸੇ ਕਾਰਨ ਹੁਣ ਸਿਆਸੀ ਗਲਿਆਰਿਆਂ `ਚ ਦੋਵੇਂ ਬਾਦਲਾਂ ਨੂੰ ‘ਫ਼ਲਾਈਂਗ ਜੱਟ` ਵੀ ਆਖਿਆ ਜਾ ਰਿਹਾ ਹੈ।


ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਬਾਰੇ ਵਿਭਾਗ ਤੋਂ ਕਾਂਗਰਸੀ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪੁੱਤਰ ਦਲਜੀਤ ਸਿੰਘ ਨੇ ਆਰਟੀਆਈ ਰਾਹੀਂ ਹਾਸਲ ਕੀਤੀ ਹੈ।


ਇਸ ਜਾਣਕਾਰੀ ਅਨੁਸਾਰ ਦੋਵੇਂ ਬਾਦਲ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਤਾਂ ਕਰਦੇ ਹੀ ਸਨ, ਉਹ ਰੋਜ਼ਾਨਾ ਲਗਭਗ ਇੱਕ ਵਾਰ ਚਾਰਟਰਡ ਉਡਾਣ ਵੀ ਭਰਦੇ ਸਨ। ਪਹਿਲਾਂ ਤੋਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਨੂੰ ਬਾਦਲਾਂ ਦੀਆਂ ਇਕੱਲੀਆਂ ਚਾਰਟਰਡ ਉਡਾਣਾਂ `ਤੇ  ਹੀ 10 ਵਰ੍ਹਿਆਂ ਦੌਰਾਨ 121 ਕਰੋੜ ਰੁਪਏ ਅਦਾ ਕਰਨੇ ਪਏ। ਇੰਝ ਇਹ ਔਸਤਨ ਹਰ ਮਹੀਨੇ 1 ਕਰੋੜ ਰੁਪਏ ਦਾ ਖ਼ਰਚਾ ਬੈਠਦਾ ਹੈ। ਪ੍ਰਾਈਵੇਟ ਹੈਲੀਕਾਪਟਰ ਦੀਆਂ ਸੇਵਾਵਾਂ ਆਮ ਤੌਰ `ਤੇ 1.25 ਲੱਖ ਰੁਪਏ ਤੋਂ 2.6 ਲੱਖ ਰੁਪਏ ਪ੍ਰਤੀ ਘੰਟਾ ਤੱਕ ਦੀ ਦਰ `ਤੇ ਉਪਲਬਧ ਹੁੰਦੀਆਂ ਹਨ।


ਬਾਦਲ ਹਕੂਮਤ ਦੌਰਾਨ ਇੱਕ ਨਵਾਂ ਸਰਕਾਰੀ ਹੈਲੀਕਾਪਟਰ ਬੈੱਲ-429 ਮਾਡਲ ਵੀ 38 ਕਰੋੜ ਰੁਪਏ ਵਿੱਚ ਬਿਨਾ ਪ੍ਰਤੀਯੋਗੀ ਬੋਲੀ ਦੇ ਖ਼ਰੀਦਿਆ ਗਿਆ ਸੀ। ਬਾਅਦ `ਚ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਨੇ ਆਪਣੀ ਰਿਪੋਰਟ `ਚ ਇਸ `ਤੇ ਕੁਝ ਇਤਰਾਜ਼ ਵੀ ਪ੍ਰਗਟਾਇਆ ਸੀ। ਸਰਕਾਰੀ ਹੈਲੀਕਾਪਟਰ ਦੀਆਂ ਉਡਾਣਾਂ `ਤੇ 8 ਕਰੋੜ ਰੁਪਏ ਦਾ ਤੇਲ ਵੱਖਰਾ ਖ਼ਰਚ ਹੋਇਆ ਸੀ। ਜੇ ਬਾਦਲ ਪਰਿਵਾਰ ਦੇ ਸਾਰੇ ਬਾਹਰਲੇ ਹਵਾਈ ਦੌਰਿਆਂ ਦੇ ਖ਼ਰਚਿਆਂ ਦੇ ਵੇਰਵੇ ਵੇਖੀਏ, ਤਾਂ ਨਵੇਂ ਹੈਲੀਕਾਪਟਰ ਦੀ ਲਾਗਤ ਸਮੇਤ ਕੁੱਲ 167 ਕਰੋੜ ਰੁਪਏ ਖ਼ਰਚ ਕੀਤੇ ਗਏ। ਬਾਦਲ ਆਮ ਤੌਰ `ਤੇ ਹਰਿਆਣਾ `ਚ ਬਾਲਾਸਰ ਵਿਖੇ ਆਪਣੇ ਫ਼ਾਰਮ-ਹਾਊਸਾਂ, ਬਠਿੰਡਾ ਲਾਗਲੇ ਪਿੰਡ ਬਾਦਲ ਅਤੇ ਨਵੀਂ ਦਿੱਲੀ ਜਾਂਦੇ ਸਨ। 


ਆਰਟੀਆਈ ਅਧੀਨ ਹਾਸਲ ਹੋਏ ਜਵਾਬ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਬਾਦਲ ਹਰ ਵਾਰ ਆਪਣੀ ਹਵਾਈ ਯਾਤਰਾ ਸਮੇਂ 500 ਰੁਪਏ ਦਾ ਯਾਤਰਾ ਭੱਤਾ ਵੀ ਲੈਂਦੇ ਰਹੇ ਹਨ।


ਆਮ ਪ੍ਰਸ਼ਾਸਨ ਵਿਭਾਗ ਤੋਂ ਹਾਸਲ ਕੀਤੀ ਜਾਣਕਾਰੀ ਸਾਂਝੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ 7.9 ਲੱਖ ਰੁਪਏ ਦਾ ਇੱਕ ‘ਬੇ-ਸਮਾਂ ਯਾਤਰਾ ਭੱਤਾ` ਵੀ ਮਨਜ਼ੂਰ ਕੀਤਾ ਗਿਆ ਸੀ, ਜਦੋਂ ਉਹ 2010 ਦੌਰਾਨ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਅਮਰੀਕਾ ਗਏ ਸਨ। ਇਹ ਭੱਤਾ ਬਿਨਾ ਹਵਾਈ ਟਿਕਟਾਂ ਜਾਂ ਬੋਰਡਿੰਗ ਪਾਸਾਂ ਦੇ ਮਨਜ਼ੂਰ ਕੀਤਾ ਗਿਆ ਸੀ।


ਬਾਦਲਾਂ ਨੇ ਕੇਵਲ ਆਪਣੀਆਂ ਹਵਾਈ ਯਾਤਰਾਵਾਂ `ਤੇ ਹੀ ਮੋਟੇ ਖ਼ਰਚੇ ਨਹੀਂ ਕਰਵਾਏ, ਸਗੋਂ ਦੂਜੀ ਵਾਰ ਉਨ੍ਹਾਂ ਦੀ ਸਰਕਾਰ ਬਣੀ ਸੀ, ਤਾਂ ਉਨ੍ਹਾਂ ਦੇ ਪਹਿਲੇ 19 ਮਹੀਨਿਆਂ ਦੌਰਾਨ ਭਾਵ ਮਾਰਚ 2012 ਤੋਂ ਲੈ ਕੇ ਦਸੰਬਰ 2013 ਤੱਕ ਉਨ੍ਹਾਂ ਨੇ ਸੜਕ ਰਾਹੀਂ ਯਾਤਰਾ ਉੱਤੇ ਵੀ 14 ਕਰੋੜ ਰੁਪਏ ਖ਼ਰਚ ਕੀਤੇ। ਤਦ ਉਨ੍ਹਾਂ ਦੋਵਾਂ ਨਾਲ 51 ਸਪੋਰਟਸ ਯੂਟੀਲਿਟੀ ਵਾਹਨਾਂ ਦਾ ਕਾਫ਼ਲਾ ਚੱਲਦਾ ਸੀ; ਜਿਨ੍ਹਾਂ ਵਿੱਚੋਂ 32 ਵਾਹਨ ਪ੍ਰਕਾਸ਼ ਸਿੰਘ ਬਾਦਲ ਨਾਲ ਤੇ 19 ਵਾਹਨ ਸੁਖਬੀਰ ਸਿੰਘ ਬਾਦਲ ਨਾਲ ਚੱਲਦੇ ਸਨ।


ਮੰਤਰੀ ਨੇ ਕਿਹਾ,‘‘ਇਹ ਸਰਕਾਰੀ ਖ਼ਜ਼ਾਨੇ ਦੀ ਸਿੱਧੀ ਅਪਰਾਧਕ ਲੁੱਟ ਸੀ। ਮੈਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਬੇਨਤੀ ਕਰਾਂਗਾ ਕਿ ਉਹ ਬਿਨਾਂ ਬੋਲੀਆਂ ਦੇ ਸਰਕਾਰੀ ਹੈਲੀਕਾਪਟਰ ਖ਼ਰੀਦਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦੇਣ। ਇਸ ਦੀ ਤੁਲਨਾ ਤੁਸੀਂ ਸਾਡੀ ਸਰਕਾਰ ਨਾਲ ਕੀਤੀ ਜਾ ਸਕਦੀ ਹੈ ਕਿਉਂਕਿ ਅਸੀਂ ਪਿਛਲੇ ਨੌਂ ਮਹੀਨਿਆਂ ਦੌਰਾਨ ਸਰਕਾਰੀ ਹੈਲੀਕਾਪਟਰ ਰਾਹੀਂ ਸਿਰਫ਼ 22 ਲੱਖ ਰੁਪਏ ਖ਼ਰਚ ਕੀਤੇ ਸਨ। ਦੋ ਵਾਰ ਰਾਜਪਾਲ ਲਈ ਚਾਰਟਰਡ ਉਡਾਣਾਂ ਲਈਆਂ ਗਈਆਂ ਅਤੇ ਡੇਰਾ ਸੱਚਾ ਸੌਦਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਾਨੂ਼ੰਨ ਤੇ ਵਿਵਸਥਾ ਨੂੰ ਧਿਆਨ `ਚ ਰੱਖਦਿਆਂ ਮੁੱਖ ਸਕੱਤਰ ਤੇ ਪੁਲਿਸ ਮੁਖੀ ਲਈ ਵੀ ਅਜਿਹੇ ਇੰਤਜ਼ਾਮ ਕਰਨੇ ਪਏ ਸਨ।``


ਦੋਵੇਂ ਸਰਕਾਰਾਂ ਵੇਲੇ ਦੀਆਂ ਹਵਾਈ ਯਾਤਰਾਵਾਂ ਦੇ ਖ਼ਰਚਿਆਂ ਦੀ ਤੁਲਨਾ ਕਰਦੇ ਸਮੇਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਕਾਰ ਦੇ ਸਿਰਫ਼ ਪਿਛਲੇ 9 ਮਹੀਨਿਆਂ ਦੇ ਵੇਰਵੇ ਪੇਸ਼ ਕੀਤੇ ਹਨ। ਪਿਛਲੇ 15 ਮਹੀਨਿਆਂ ਦੀ ਕਾਂਗਰਸ ਹਕੂਮਤ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਨੇ ਕੀਤੀ ਹੈ। ਇਸ ਦੀ ਵਰਤੋਂ ਸੂਬੇ ਦੇ ਐਡਵੋਕੇਟ ਜਨਰਲ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਲਈ ਵੀ ਕੀਤੀ ਗਈ ਸੀ। ਚਿਦੰਬਰਮ ਤਦ ਇੱਥੇ ਹਾਈ ਕੋਰਟ `ਚ ਸੁਰੇਸ਼ ਕੁਮਾਰ ਦੀ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਵਜੋਂ ਨਿਯੁਕਤੀ ਦੇ ਹੱਕ ਵਿੱਚ ਬਿਆਨ ਦੇਣ ਲਈ ਆਏ ਸਨ।


ਨਵਜੋਤ ਸਿੱਧੂ ਅੰਕੜਿਆਂ ਨੂੰ ਤੋੜ-ਮਰੋੜ ਰਹੇ ਹਨ: ਸ਼੍ਰੋਮਣੀ ਅਕਾਲੀ ਦਲ
ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਝੂਠ ਬੋਲ ਰਹੇ ਹਨ। ਇੱਥੇ ਜਾਰੀ ਇੱਕ ਬਿਆਨ `ਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਧੂ ਨੇ ਜਾਣਬੁੱਝ ਕੇ ਆਪਣੀ ਸਰਕਾਰ ਦੇ ਹਵਾਈ ਯਾਤਰਾਵਾਂ ਦੇ ਖ਼ਰਚੇ ਘਟਾ ਕੇ ਦਰਸਾਏ ਹਨ ਪਰ ਹਕੀਕਤ ਇਹ ਹੈ ਕਿ ਹੈਲੀਕਾਪਟਰ ਕੋਈ ਉਡਾਣ ਭਰੇ ਭਾਵੇਂ ਨਾ, ਪਾਇਲਟਾਂ ਤੇ ਇੰਜੀਨੀਅਰਾਂ ਦੀਆਂ ਤਨਖ਼ਾਹਾਂ ਦਾ ਬਿੱਲ ਹੀ ਇਕੱਲਾ ਹਰ ਸਾਲ 3 ਕਰੋੜ ਰੁਪਏ ਬਣ ਜਾਂਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badals spent 121 crore during 10 years regime