ਅਗਲੀ ਕਹਾਣੀ

ਪੰਜਾਬ `ਚ ਗੜਬੜੀ ਫੈਲਾਉਣ ਲਈ ਬਾਦਲ ਧਾਰਮਿਕ ਭਾਵਨਾਵਾਂ ਭੜਕਾ ਰਹੇ: ਬਾਜਵਾ

ਪੰਜਾਬ `ਚ ਗੜਬੜੀ ਫੈਲਾਉਣ ਲਈ ਬਾਦਲ ਧਾਰਮਿਕ ਭਾਵਨਾਵਾਂ ਭੜਕਾ ਰਹੇ: ਬਾਜਵਾ

--  ‘ਅਕਾਲੀ ਦਲ SGPC ਦੀ ਦੁਰਵਰਤੋਂ ਕਰ ਰਿਹਾ`

 

ਪੰਜਾਬ ਦੇ ਸੀਨੀਅਰ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਇਤਿਹਾਸ ਦੀ ਪੁਸਤਕ ਦੇ ਮੁੱਦੇ ਦੀ ਵਰਤੋਂ ਸਿਰਫ਼ ਧਾਰਮਿਕ ਜਜ਼ਬਾਤ ਭੜਕਾਉਣ ਲਈ ਕਰ ਰਿਹਾ ਹੈ। ਸ੍ਰੀ ਬਾਜਵਾ ਅਕਾਲੀ ਦਲ ਦੇ ਉਸ ਦੋਸ਼ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ‘‘ਕਾਂਗਰਸ ਸਰਕਾਰ ਜਾਣਬੁੱਝ ਕੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ।``


ਸ੍ਰੀ ਬਾਜਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵੇਲੇ ਆਪਣੇ ਸੌੜੇ ਸਿਆਸੀ ਹਿਤਾਂ ਲਈ ਪੰਜਾਬ `ਚ ਇੱਕ ਵਾਰ ਫਿਰ ਗੜਬੜੀ ਪੈਦਾ ਕਰਨਾ ਚਾਹੁੰਦੇ ਹਨ, ਇਸੇ ਲਈ ਉਹ ਹੁਣ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਤੋਂ ਕਰ ਰਹੇ ਹਨ।


ਸ੍ਰੀ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੇ ਉੱਚ ਸਿੱਖ ਸੰਸਥਾਨਾਂ ਦੀ ਦੁਰਵਰਤੋਂ ਕਰਨ ਆਮ ਜਨਤਾ ਹੁਣ ਦੋਵੇਂ ਬਾਦਲਾਂ ਦਾ ਬਾਈਕਾਟ ਕਰ ਰਹੀ ਹੈ। ਇਸੇ ਲਈ ਹੁਣ ਉਹ ਕਿਸੇ ਏਜੰਡੇ ਦੀ ਭਾਲ `ਚ ਹਨ।


ਸ੍ਰੀ ਬਾਜਵਾ ਨੇ ਕਿਹਾ ਕਿ ਇਹ ਗੱਲ ਤਾਂ ਹੁਣ ਰਿਕਾਰਡ `ਤੇ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੀ ਸੀ; ਜਿਸ ਨੇ ਸ਼ੁਰੂ-ਸ਼ੁਰੂ `ਚ 1980 ਦੌਰਾਨ ਅੱਤਵਾਦੀਆਂ ਵੱਲੋਂ ਕੀਤੇ ਜਾ ਰਹੇ ਕਤਲਾਂ ਨੂੰ ਉਚਿਤ ਠਹਿਰਾਇਆ ਸੀ ਤੇ ਇਸ ਲਈ ਅਕਾਲੀ ਦਲ ਨੇ 20 ਅਗਸਤ, 1980 ਨੂੰ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਇਹ ਮਤਾ ਵੀ ਪਾਸ ਕੀਤਾ ਗਿਆ ਸੀ।


ਸ੍ਰੀ ਬਾਜਵਾ ਨੇ ਇਤਿਹਾਸ ਦੀ ਪੁਸਤਕ ਦੇ ਮਾਮਲੇ `ਤੇ ਪੰਜਾਬ ਸਰਕਾਰ ਦਾ ਬਚਾਅ ਕਰਦਿਆਂ ਆਖਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਗਈ 12ਵੀਂ ਜਮਾਤ ਦੀ ਇਹਿਤਾਸ ਦੀ ਪੁਸਤਕ ਵਿੱਚ ਕਥਿਤ ਗ਼ਲਤੀਆਂ ਦੇ ਮੁੱਦੇ ਦਾ ਅਕਾਲੀ ਦਲ ਹੁਣ ਲਾਹਾ ਲੈਣਾ ਚਾਹੁੰਦਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਉਹ ਕਿਤਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਮੁਤਾਬਕ ਕਦੋਂ ਦੀ ਵਾਪਸ ਵੀ ਲੈ ਲਈ ਗਈ ਹੈ।


ਚੇਤੇ ਰਹੇ ਕਿ ਕੱਲ੍ਹ ਦੋਵੇਂ ਬਾਦਲਾਂ ਨੇ ਇਤਿਹਾਸ ਦੀ ਪੁਸਤਕ `ਚ ਗ਼ਲਤੀਆਂ ਕਰਨ ਵਾਲਿਆਂ ਖਿ਼ਲਾਫ਼ ਬੇਅਦਬੀ ਦੇ ਮਾਮਲੇ ਦਰਜ ਕਰਨ ਦੀ ਮੰਗ ਰੱਖੀ ਸੀ।


ਸ੍ਰੀ ਬਾਜਵਾ ਨੇ ਸਪੱਸ਼ਟ ਕੀਤਾ ਕਿ ਕਿਤਾਬ ਤਿਆਰ ਕਰਨ ਲਈ ਜਿ਼ੰਮੇਵਾਰ ਕਮੇਟੀ ਵਿੱਚ ਛੇ ਮੈਂਬਰ ਸਨ; ਜਿਨ੍ਹਾਂ ਵਿੱਚੋਂ ਚਾਰ ਜਣੇ ਤਾਂ ਕੌਮਾਂਤਰੀ ਪੱਧਰ `ਤੇ ਮਾਨਤਾ-ਪ੍ਰਾਪਤ ਇਤਿਹਾਸਕਾਰ ਸਨ ਅਤੇ ਦੋ ਸਿੱਖ ਇਤਿਹਾਸਕਾਰ ਸਨ।


ਇਸ ਕਮੇਟੀ ਦੀ ਅਗਵਾਈ ਪ੍ਰੋ. ਕ੍ਰਿਪਾਲ ਸਿੰਘ ਨੇ ਕੀਤੀ ਸੀ; ਜੋ ਦੋ ਦਹਾਕਿਆਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਤ ‘ਸਿੱਖ ਇਤਿਹਾਸ ਖੋਜ ਬੋਰਡ` ਦੇ ਮੈਂਬਰ ਰਹੇ ਹਨ। ਬਾਕੀ ਦੇ ਦੋ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਕੀਤੇ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badals using book issue to stoke religious passion Bajwa