ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋਗੋ ਦਾ ਬੈਜ਼ ਜਾਰੀ ਕੀਤਾ।
ਇਸ ਮੌਕੇ ਸੈਰ ਸਪਾਟਾ ਮੰਤਰੀ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋਗੋ ਤਿਆਰ ਕੀਤਾ ਗਿਆ ਸੀ, ਜੋ ਸੰਗਤਾਂ ਆਪਣੀ ਜੇਬ ਦੇ ਉੱਪਰ ਲਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਹ ਬੈਜ ਸਰਕਾਰ ਵਲੋਂ ਸੰਗਤਾਂ ਨੂੰ ਮੁਫਤ ਵੰਡੇ ਜਾਣਗੇ।
ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਸ. ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੰਗਤਾ ਦੀ ਸਹੂਲਤ ਹਰ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਠਹਿਰਣ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਿਚ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸੂਚਨਾ ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ।ਉਨ੍ਹਾਂ ਦੱਸਿਆ ਕਿ ਇੰਨਾਂ ਸਮਾਗਮਾਂ ਵਿਚ ਪੰਜਾਬ ਤੋਂ ਹੀ ਨਹੀਂ ਬਲਕਿ ਦੁਨੀਆਂ ਭਰ ਤੋਂ ਸੰਗਤਾਂ ਨੇ ਆਉਣਾ ਹੈ ਜਿੰਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਹ ਸੂਚਨਾ ਪੁਸਤਕਾਂ ਪੰਜਾਬੀ ਦੇ ਨਾਲ ਨਾਲ ਅੰਗਰੇਜੀ ਵਿਚ ਵੀ ਤਿਆਰ ਕੀਤੀਆਂ ਗਈਆਂ ਹਨ।ਇਹ ਸੂਚਨਾ ਪਸਿਤਕਾਂ ਸਾਰੇ ਸਹਾਇਤਾ ਕੇਂਦਰਾਂ 'ਤੇ ਉਪਲੱਬਧ ਕਰਵਾਈਆਂ ਗਈਆਂ ਹਨ, ਜੋ ਮੁਫਤ ਦਿੱਤੀਆਂ ਜਾਣਗੀਆਂ।
ਅੱਜ ਸੈਰ ਸਪਾਟਾ ਮੰਤਰੀ ਨਾਲ ਮੀਟਿੰਗ ਦੌਰਨਾ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆਂ ਕਿ ਪੰਜਾਬ ਸਰਕਾਰ ਵਲੋਂ 550 ਸਾਲ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਵਿਖੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 39 ਸਹਾਇਤਾ ਕੇਂਦਰ ਵੱਖ ਵੱਖ ਸ਼ਹਿਰਾਂ ਵਿਚ ਸਥਾਪਿਤ ਕੀਤੇ ਗਏ ਹਨ।ਇਹ ਸਹਾਇਤ ਕੇਂਦਰ ਅੰਤਸ਼ਟਰੀ ਏਅਰਪੋਰਟ ਅੰਮ੍ਰਿਤਸਰ ਅਤੇ ਚੰਡੀਗੜ੍ਹ, ਘਰੇਲੂ ਏਅਰਪੋਰਟ ਆਦਮਪੁਰ, ਰੇਲਵੇ ਸਟੇਸ਼ਨ ਚੰਡੀਗੜ੍ਹ, ਅਮ੍ਰਿਤਸਰ, ਜਲੰਧਰ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਤੋਂ ਇਲਾਵਾ ਬੱਸ ਅੱਡਿਆਂ ਜਲੰਧਰ, ਕਰਤਾਰਪੁਰ, ਅੰਮ੍ਰਿਤਸਰ, ਕਪੂਰਥਲਾ ਵਿਖੇ ਸਥਾਪਿਤ ਕੀਤੇ ਗਏ ਹਨ।ਇੰਨਾਂ ਵਿਚੋਂ ਤਿੰਨ ਸਹਾਇਤਾ ਕੇਂਦਰ ਡੇਰਾ ਬਾਬਾ ਨਾਨਕ ਵਿਖੇ ਵੀ ਸਥਾਪਿਤ ਕੀਤੇ ਗਏ ਹਨ।