ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਬਾਦਲਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ `ਚੋਂ ਕੱਢੇ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦੀ ਉਸ ਪੇਸ਼ਕਸ਼ ਦਾ ਸੁਆਗਤ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਹੱਥ ਮਿਲਾਉਣ ਦੀ ਗੱਲ ਆਖੀ ਹੈ। ਸ੍ਰੀ ਬੈਂਸ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ।
ਇੱਥੇ ਵਰਨਣਯੋਗ ਹੈ ਕਿ ਟਕਸਾਲੀ ਅਕਾਲੀਆਂ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਇੱਕ ਅਜਿਹੀ ਨਵੀਂ ਸਿਆਸੀ ਜੱਥੇਬੰਦੀ ਬਣਾਉਣਗੇ, ਜਿਹੜੀ ਅਕਾਲੀ ਦਲ ਦੇ 1920 `ਚ ਬਣਾਏ ਗਏ ਸੰਵਿਧਾਨ `ਤੇ ਆਧਾਰਤ ਹੋਵੇਗੀ।
ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ‘ਹਿੰਦੁਸਤਾਨ ਟਾਈਮਜ਼` ਨਾਲ ਖ਼ਾਸਤੌਰ `ਤੇ ਗੱਲਬਾਤ ਕਰਦਿਆਂ ਆਤਮ ਨਗਰ (ਲੁਧਿਆਣਾ) ਦੇ ਵਿਧਾਇਕ ਸ੍ਰੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਖਡੂਰ ਸਾਹਿਬ ਦੇ ਐੱਮਪੀ ਬ੍ਰਹਮਪੁਰਾ ਤੇ ਹੋਰਨਾਂ ਆਗੂਆਂ ਦੀ ਪੇਸ਼ਕਸ਼ ਦਾ ਸੁਆਗਤ ਕਰਦੇ ਹਾਂ। ਸਾਨੂੰ ਅਕਾਲੀ ਦਲ ਦੇ ਪੁਰਾਣੇ ਸੰਵਿਧਾਨ ਦੇ ਆਧਾਰ `ਤੇ ਇੱਕ ਨਵਾਂ ਦਲ ਬਣਾਉਣ ਦੇ ਵਿਚਾਰ ਪਸੰਦ ਆਇਆ ਹੈ। ‘ਉਹ ਦਿਨ ਦੂਰ ਨਹੀਂ, ਜਦੋਂ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਨੇੜਲਿਆਂ ਨੂੰ ਆਮ ਜਨਤਾ ਪੂਰੀ ਤਰ੍ਹਾਂ ਭੁਲਾ ਦੇਵੇਗੀ।`
ਸ੍ਰੀ ਬੈਂਸ ਨੇ ਕਿਹਾ ਕਿ ‘ਸਾਡਾ ਕੈਪਟਨ` ਨਾਂਅ ਦੇ ਬੋਰਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ‘‘ਕੁਝ ਨੇੜਲੇ ਮੰਤਰੀਆਂ ਦੇ ਐਂਵੇਂ ਘਟੀਆ ਦਾਅਪੇਚ ਹਨ। ਉਹ ਅਜਿਹਾ ਸਿਰਫ਼ ਇਸ ਲਈ ਕਰ ਰਹੇ ਹਨ, ਕਿਉਂਕਿ ਉਹ ਸਿੱਧੂ ਦੀ ਚੜ੍ਹਤ ਤੋਂ ਡਰੇ ਹੋਏ ਹਨ।``
ਚੇਤੇ ਰਹੇ ਕਿ ਇਹ ਵੱਡੇ-ਵੱਡੇ ਬੋਰਡ ਰਾਤੋਂ-ਰਾਤ ਸ੍ਰੀ ਸਿੱਧੂ ਦੇ ‘ਰਾਹੁਲ ਮੇਰਾ ਕੈਪਟਨ` ਵਾਲੇ ਬਿਆਨ ਤੋਂ ਬਾਅਦ ਲਾਏ ਗਏ ਸਨ। ਉਨ੍ਹਾਂ ਕਿਹਾ ਸੀ ਕਿ ਰਾਹੁਲ ਗਾਂਧੀ ਹੀ ਉਨ੍ਹਾਂ ਦੇ ਕੈਪਟਨ ਹਨ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਫ਼ੌਜ ਦੇ ਕੈਪਟਨ ਹਨ ਤੇ ਰਾਹੁਲ ਗਾਂਧੀ ਉਨ੍ਹਾਂ ਦੇ ਵੀ ਕੈਪਟਨ ਹਨ।
ਲੁਧਿਆਣਾ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਸਣੇ ਕੁਝ ਮੰਤਰੀਆਂ ਨੇ ਸ੍ਰੀ ਸਿੱਧੂ ਨੂੰ ਕੈਪਟਨ ਤੋਂ ਮਾਫ਼ੀ ਮੰਗਣ ਲਈ ਵੀ ਕਿਹਾ ਸੀ।
ਸ੍ਰੀ ਬੈਂਸ ਨੇ ਕਿਹਾ ਕਿ ਦਰਅਸਲ ਕੈਪਟਨ ਅਮਰਿੰਦਰ ਸਿੰਘ ਹੁਣ ਪਾਕਿਸਤਾਨ `ਚ ਕਰਤਾਰਪੁਰ ਸਾਹਿਬ ਦੀ ਯਾਤਰਾ ਤੋਂ ਬਾਅਦ ਸ੍ਰੀ ਸਿੱਧੂ ਦੀ ਨਿੱਤ ਵਧਦੀ ਜਾ ਰਹੀ ਹਰਮਨਪਿਆਰਤਾ ਤੋਂ ਡਰ ਗਏ ਹਨ।
ਸ੍ਰੀ ਬੈਂਸ ਨੇ ਇਹ ਵੀ ਕਿਹਾ ਕਿ ਕਾਂਗਰਸੀ ਹਲਕਿਆਂ `ਚ ਅਜਿਹੀ ਵੀ ਚਰਚਾ ਹੈ ਕਿ ਦਿੱਲੀ `ਚ ਪਾਰਟੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਤੋਂ ਡਾਢੀ ਖ਼ੁਸ਼ ਹੈ ਤੇ ਉਹ ਸਗੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਸ੍ਰੀ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਾ ਲੋਚਦੀ ਹੈ।