ਆਪਣੇ ਬਕਾਇਆ ਭੁਗਤਾਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰੇ ਕਰ ਰਹੇ ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਦੇ ਹੱਕ ਵਿੱਚ ਹਣ ਰਾਜ ਸਭਾ ਐੱਮਪੀ ਸ੍ਰੀ ਪ੍ਰਤਾਪ ਸਿੰਘ ਬਾਜਵਾ ਨਿੱਤਰ ਆਏ ਹਨ। ਉਨ੍ਹਾਂ ਕਿਹਾ ਹੈ ਕਿ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਕਿਸਾਨਾਂ ਦੇ ਬਕਾਇਆ ਭੁਗਤਾਨ ਨਾ ਕੀਤੇ, ਤਾਂ ਉਹ ਖ਼ੁਦ ਵੀ ਕਿਸਾਨਾਂ ਨਾਲ ਧਰਨੇ `ਤੇ ਬੈਠ ਜਾਣਗੇ। ਸਿਆਸੀ ਹਲਕਿਆਂ `ਚ ਸ੍ਰੀ ਬਾਜਵਾ ਦੇ ਬਿਆਨ ਨੂੰ ਬੇਹੱਦ ਦਿਲਚਸਪੀ ਨਾਲ ਵੇਖਿਆ ਜਾ ਰਿਹਾ ਹੈ ਕਿਉਂਕਿ ਇਸ ਗੱਲ ਦੀ ਚਰਚਾ ਜ਼ੋਰਾਂ `ਤੇ ਹੈ ਕਿ ਕਾਂਗਰਸੀ ਐੱਮਪੀ ਸ੍ਰੀ ਬਾਜਵਾ ਜਦੋਂ ਕਿਸਾਨਾਂ ਦੇ ਹੱਕ `ਚ ਆਪਣੀ ਹੀ ਪਾਰਟੀ ਕਾਂਗਰਸ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦੇ ਵਿਰੁੱਧ ਧਰਨੇ `ਤੇ ਬੈਠਣਗੇ, ਤਦ ਕੈਪਟਨ ਅਮਰਿੰਦਰ ਸਿੰਘ ਕੀ ਸਟੈਂਡ ਲੈਣਗੇ ਕਿਉਂਕਿ ਹਾਲੇ ਉਨ੍ਹਾਂ ਦੇ ਹੀ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਦੇ ‘ਰਾਹੁਲ ਮੇਰਾ ਕੈਪਟਨ` ਦਾ ਵਿਵਾਦ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਉਂਝ ਭਾਵੇਂ ਪਾਰਟੀ ਹਾਈ ਕਮਾਂਡ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਸ਼ਾਂਤ ਕਰ ਦਿੱਤਾ ਹੈ।
ਸ੍ਰੀ ਬਾਜਵਾ ਨੇ ਅਜਿਹੇ ਹਾਲਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ `ਚ ਦਖ਼ਲ ਦੇਣ ਦੀ ਅਪੀਲ ਕੀਤੀ ਕਿ ਤਾਂ ਜੋ ਕਿਸਾਨ ਪ੍ਰਭਾਵਿਤ ਨਾ ਹੋਣ। ਇੱਥੇ ਜਾਰੀ ਇੱਕ ਬਿਆਨ `ਚ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਆਪਣਾ ਦਬਾਅ ਵਰਤ ਕੇ ਪ੍ਰਾਈਵੇਟ ਮਿੱਲਾਂ ਨੂੰ ਗੰਨੇ ਦੀ ਪਿੜਾਈ ਸ਼ੁਰੂ ਕਰਵਾਉਣੀ ਚਾਹੀਦੀ ਹੈ।
ਉੱਧਰ ਪ੍ਰਾਈਵੇਟ ਖੰਡ ਮਿੱਲਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ 35 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ ਤੇ ਉਹ ਤਦ ਹੀ ਗੰਨੇ ਦੀ ਖ਼ਰੀਦਦਾਰੀ ਤੇ ਪਿੜਾਈ ਸ਼ੁਰੂ ਕਰ ਸਕਦੇ ਹਨ।