ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਾਜਿਕ ਤਬਦੀਲੀ ਲਈ ਲਿਖਣ ਵਾਲਾ ਲੇਖਕ - ਬਲਬੀਰ ਪਰਵਾਨਾ

ਸਮਾਜਿਕ ਤਬਦੀਲੀ ਲਈ ਲਿਖਣ ਵਾਲਾ ਲੇਖਕ - ਬਲਬੀਰ ਪਰਵਾਨਾ

ਮਿੰਨੀ ਕਹਾਣੀ ਦੇ ਵੱਡੇ ਸਿਰਜਕ-25
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ


ਬਲਬੀਰ ਪਰਵਾਨਾ ਇੱਕ ਸੁਲਝਿਆ ਹੋਇਆ ਇਨਸਾਨ, ਪੱਤਰਕਾਰ ਤੇ ਸਾਹਿਤਕਾਰ ਹੈ।ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਮਿੰਨੀ ਕਹਾਣੀ, ਕਵਿਤਾ, ਨਾਵਲ, ਨਾਵਲੈੱਟ, ਸਾਹਿਤਕ ਪੱਤਰਕਾਰੀ ਤੇ ਅਨੁਵਾਦ ਖੇਤਰ ਵਿੱਚ ਜ਼ਿਕਰਯੋਗ ਕੰਮ ਹੈ। ਬਲਵੀਰ ਪਰਵਾਨਾ ਦੀ ਕਲਮ ਲਿਤਾੜੇ ਜਾ ਰਹੇ ਮਨੁੱਖ ਦੇ ਹੱਕ ਵਿੱਚ ਭੁਗਤਦੀ ਹੈ ਤੇ ਉਨ੍ਹਾਂ ਦਾ ਵਿਚਾਰ ਹੈ ਕਿ ਕਿਸੇ ਵੀ ਲੇਖਕ ਦੀ ਰਚਨਾ ਸਮਾਜਿਕ ਤਬਦੀਲੀ ਦੀ ਵਿਰੋਧ ਵਿੱਚ ਨਹੀਂ ਭੁਗਤਣੀ ਚਾਹੀਦੀ। 'ਨਵਾਂ ਜ਼ਮਾਨਾ' ਦੇ ਵਿੱਚ ਖਾਸ ਤੌਰ 'ਤੇ ‘ਐਤਵਾਰਤਾ’ ਸਾਹਿਤਕ ਅੰਕ ਦਾ ਸੰਪਾਦਨ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਵਿਰਸੇ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾੳੁਦਿਆਂ ਸਾਹਿਤ ਦੇ ਲੋਕ ਹਿਤੂੂ ਹੋਣ ਦੇ ਅਸਲ ਮਕਸਦ ਨੰ ਰੂਪਮਾਨ ਕੀਤਾ ਗਿਆ ਹੈ। ਅਜੋਕੇ ਸਮੇਂ ਵਿੱਚ ਰਚੇ ਜਾ ਰਹੇ ਨਾਵਲਾਂ ਵਿੱਚੋਂ ਉਨ੍ਹਾਂ ਦਾ ਨਾਵਲ ‘ਬਹੁਤ ਸਾਰੇ ਚੁਰੱਸਤੇ’ ਵਿਸ਼ਵੀਕਰਨ ਦੇ ਦੌਰ ਵਿੱਚ ਆਮ ਮਨੁੱਖ ਦੀ ਬੇਵਸੀ ਤੇ ਹੋਰ ਕਾਰਨਾਂ ਦੀਆਂ ਬਹੁ-ਪਰਤਾਂ ਨੰ ਸੂਖਮਤਾ ਨਾਲ ਫਰੋਲਦਾ ਹੈ।


‘ਖਾਂਡਵ ਦਾਹ’ ਨਾਵਲ ਵੀ ਚਰਚਾ ਵਿਚ ਹੈ। ਭਾਵੇਂ ਨਾਵਲ, ਕਵਿਤਾ ਤੇ ਹੋਰਨਾਂ ਖੇਤਰਾਂ ਦੇ ਬਾਰੇ ਵੀ ਇਨ੍ਹਾਂ ਦੇ ਵਿਚਾਰ ਬੜੀ ਅਹਿਮੀਅਤ ਰੱਖਦੇ ਹਨ, ਪ੍ਰੰਤ ਕਿਸੇ ਸਮੇਂ ਵਿੱਚ ਇੰਨਾਂ ਦੁਆਰਾ ਰਚੀਆਂ ਖੂਬਸੂਰਤ ਮਿੰਨੀ ਕਹਾਣੀਆਂ ਦੀ ਵੀ ਆਪਣੀ ਸਾਰਥਿਕਤਾ ਹੈ, ਅਹਿਮੀਅਤ ਹੈ।ਇਨ੍ਹਾਂ ਦਾ ਕਹਿਣਾ ਹੈ ਕਿ “ਮਿੱਥ ਕੇ ਨਾ ਤਾਂ ਮਿੰਨੀ ਕਹਾਣੀ ਲਿਖੀ ਜਾ ਸਕਦੀ ਹੈ ਤੇ ਨਾ ਹੀ ਸਾਹਿਤ ਦਾ ਕੋਈ ਹੋਰ ਰੂਪ ; ਕਹਾਣੀ, ਕਵਿਤਾ ਜਾਂ ਨਾਵਲ । ਹਰ ਲੇਖਕ ਦੇ ਅੰਦਰ ਕੁੱਝ ਸੁਲਘਦਾ ਹੁੰਦਾ ਹੈ, ਜਿਸਨੂੰ ਕਹਿਣ ਲਈ ਉਹ ਸ਼ਬਦਾਂ ਦੀ ਸ਼ਰਨ ‘ਚ ਜਾਂਦਾ ਹੈ।”


‘ਜ਼ਮੀਨ ਤੇ ਜਵਾਨੀ` ਅਤੇ ‘ਪਿੰਡ ਦਾ ਦਰਦ’ ਇਨ੍ਹਾਂ ਦੇ ਦੋ ਮਿੰਨੀ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।ਇਹ ਆਪਣੀ ਚਰਚਿਤ ਮਿੰਨੀ ਕਹਾਣੀ ਬਾਰੇ ਦੱਸਦੇ ਹਨ ਕਿ “ਮੇਰੀ ਸਭ ਤੋਂ ਚਰਚਿਤ ਮਿੰਨੀ ਕਹਾਣੀ ਹੈ ‘ਕਿਸਾਨ ਤੇ ਉਸ ਦੀ ਬੀਵੀ` ਇਹ ਮੈ ਆਪਣੇ ਪਿੰਡ ਦੇ ਇੱਕ ਗਰੀਬ ਕਿਸਾਨ ਤੇ ਲਿਖੀ। ਉਦੋਂ ਮੈਂ ਹਾਲੇ ਜਲੰਧਰ ਨਹੀਂ ਸੀ ਆਇਆ ਤੇ ਖੇਤੀ ਕਰਦਾ ਸਾਂ। ਇਹ ਝੋਨਾ ਲੱਗਣ ਦੇ ਦਿਨ ਸਨ।ੳੁਨਾਂ ਦਾ ਖੇਤ ਸਾਡੇ ਖੇਤ ਲੰਘ ਕੇ ਅੱਗੇ ਸੀ। ਹਰ ਸ਼ਾਮ ਨੂੰ ਮੈਂ ਉਸ ਨੂੰ ਜਿਸ ਰੁਲੀ ਤੇ ਥੱਕੀ ਟੁੱਟੀ ਹਾਲਤ ਵਿਚ ਘਰ ਮੁੜਦੇ ਨੂੰ ਦੇਖਦਾ, ਤੇ ਉਸ ਤੋਂ ਪਹਿਲਾ ਸ਼ਾਮੀ ਛੇ ਕੁ ਵਜੇ ਉਸ ਦੀ ਬੀਵੀ ਨੂੰ ਉਸ ਲਈ ਬਾਹਰ ਚਾਹ ਲੈ ਕੇ ਜਾਂਦੀ ਨੂੰ ........... ਇਹ ਦ੍ਰਿਸ਼ ਬੜਾ ਚਿਰ ਮੇਰੇ ਮਨ `ਚ ਖੌਲਦਾ ਰਹਿੰਦਾ, ਜਿਸ ਤੇ ਪਿਛੋਂ ਆ ਕੇ ਇਹ ਮਿੰਨੀ ਕਹਾਣੀ ਲਿਖੀ।”


ਇਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਦੇ ਅਨੁਵਾਦ ਪੁਰਸਕਾਰ ਸਮੇਤ ਹੋਰ ਕਈ ਵੱਕਾਰੀ ਸਨਮਾਨ ਮਿਲ ਚੁੱਕੇ ਹਨ।ਪੜ੍ਹਦੇ ਹਾਂ ਇਨ੍ਹਾਂ ਦੀਆਂ ਚਰਚਿਤ ਮਿੰਨੀ ਕਹਾਣੀਆਂ:-  


ਕਿਸਾਨ ਤੇ ਉਸ ਦੀ ਬੀਵੀ 

ਤਿਕਾਲਾਂ ਪੈ ਗਈਆਂ। ਸੂਰਜ ਦੂਰ ਪੱਛੋਂ ਵਲ ਡੁੱਬ ਚੁੱਕਾ ਸੀ। ਪਰ ਅਜੇ ਹਨੇਰਾ ਨਹੀਂ ਸੀ ਹੋਇਆ। ਚੁਫੇਰੇ ਸਲੇਟੀ ਰੰਗੇ ਚਾਨਣ ਦਾ ਰਾਜ ਸੀ ਜਦੋਂ ਸਾਰੀ ਦਿਹਾੜੀ ਕੰਮ ਨਾਲ ਥੱਕਾ ਟੁੱਟਾ ਕਿਸਾਨ ਆਪਣੇ ਘਰ ਦਾ ਬੂਹਾ ਲੰਘਿਆ। ਉਹਦੇ ਸਿਰ ਤੇ ਪੱਠਿਆਂ ਦੀ ਭਰੀ ਸੀ ਤੇ ਹੱਥ ’ਚ ਪਰੈਣ। ਪੱਠਿਆਂ ਦੀ ਭਰੀ ਟੋਕੇ ਅੱਗੇ ਸੁੱਟ ਉਸ ਨੇ ਬਲਦਾਂ ਗਲੋਂ ਪੰਜਾਲੀ ਲਾਹ ਉਹ ਖੁਰਲੀ ਤੇ ਬੱਧੇ।

“ਅੱਜ ਬਹੁਤਾ ਹੀ ਕੁਵੇਲਾ ਕਰ ਦਿੱਤਾ” ਘਰਵਾਲੀ ਨੇ ਰਸੋਈ ’ਚੋਂ ਬੈਠੀ ਨੇ ਪੁੱਛਿਆ।

“ਉਹ ਕਿੱਕਰ ਆਲਾ ਖੇਤ ਵਾਹੁੰਦਾ ਪਿਆ ਸੀ, ਸੋਚਿਆ ਹੁਣ ਵਾਹ ਕੇ ਈ ਚਲਦਾਂ ਸਾਰਾ .... ਕੀ ਛੱਡ ਕੇ ਜਾਣਾ ਐ।” ਉਹਦੇ ਚਿਹਰੇ ਵਾਂਗ ਈ ਉਸ ਦੇ ਬੋਲਾਂ ’ਚੋਂ ਵੀ ਥਕਾਵਟ ਝਲਕਦੀ ਲੱਗਦੀ ਸੀ।

“ਆਹ ਪਾਣੀ ਹੈ ਗਰਮ ਰੱਖਿਆ ... ਹੱਥ ਪੈਰ ਧੋ ਲੈਣੇ ਸੀ।”

“ਪਸ਼ੂਆਂ ਨੂੰ ਪੱਠੇ ਪਾ ਲਵਾਂ ਪਹਿਲਾਂ ਜਿਨਾਂ ਨੂੰ ਸਾਰੀ ਦਿਹਾੜੀ ਵਾਹਿਆ।” ਉਸ ਨੂੰ ਅਹਿਸਾਸ ਨਹੀਂ ਸੀ ਕਿ ਪਸ਼ੂਆਂ ਦੇ ਨਾਲ ਉਹ ਵੀ ਸਾਰੀ ਦਿਹਾੜੀ ਤੁਰਿਆ ਰਿਹਾ ਸੀ।

ਉਹਦੀ ਨੌਜੁਆਨ ਬੀਵੀ ਦੱਥੇ ਲਾਉਣ ਲੱਗੀ ਤੇ ਉਹ ਟੋਕਾ ਫੇਰਨ ਲੱਗਿਆ। ਪੱਠਿਆਂ ਦੀ ਭਰੀ ਕੁਤਰ ਤੂੜੀ ’ਚ ਰਲਾ ਬਲਦਾਂ ਦੀ ਖੁਰਲੀ ’ਚ ਸੁੱਟੇ। ਬਲਦ ਪੱਠੇ ਖਾਣ ਲੱਗ ਪਏ ਤਾਂ ਉਹ ਪਾਣੀ ਬਾਟੇ ’ਚ ਪਾ ਹੱਥ ਪੈਰ ਧੋਣ ਲੱਗਾ। ਚਾਰ ਤੇ ਸੱਤ ਸਾਲ ਦੇ ਉਹਦੇ ਦੌਵੇਂ ਬੱਚੇ ਕਦੇ ਦੇ ਸੌਂ  ਚੁੱਕੇ ਸਨ।

ਡੂੰੰਘੀ ਰਾਤ ਗਈ ਤੋਂ ਉਹ ਰੋਟੀ ਖਾ ਕੇ ਵਿਹਲਾ ਹੋਇਆ। ਬਲਦਾਂ ਨੂੰ ਮੁੜ ਪੱਠੇ ਰਲਾਏ ਤੇ ਪੰਜਾਲੀ ਦੇ ਰੱਸੇ ਠੀਕ ਕਰ, ਪਰੈਣ ਠੀਕ ਥਾਂ ਸਿਰ ਸਾਂਭ ਉਹ ਮੰਜੇ ’ਤੇ ਪੈਂਦਿਆਂ ਆਪਣੀ ਘਰਵਾਲੀ ਨੂੰ ਕਹਿਣ ਲੱਗਾ, “ਸਵੇਰੇ ਰਤਾ ਸਵੇਰੇ ਉਠਾਲ ਦੇਈਂ ਕੁੱਕੜ ਦੀ ਬਾਂਗ ਨਾਲ, ਉਹ ਰੋਹੀਆਂ ਵਾਲਾ ਕਿੱਲਾ ਮੁਕਾਉਣਾ ਐ ਕਲ।”

ਸੁਰਮੇ ਰੱਜੀਆਂ ਪਲਕਾਂ ’ਚੋਂ ਉਹਦੀ ਬੀਵੀ ਨੇ ਉਸ ਵਲ ਝਾਕਿਆ, ਪਰ ਉਹ ਪਾਸਾ ਪਰਤ ਕੇ ਪੈ ਚੁੱਕਾ ਸੀ। ਤੇ ਖਿੜੇ ਹੋਏ ਤਾਰਿਆਂ ਵੱਲ ਤੱਕਦੀ ਉਹ ਰਾਤ ਦੇ ਵਰਗਾ ਇਕ ਹਓਕਾ ਭਰਕੇ ਕਹਿ ਗਈ।

============


ਮਜਬੂਰੀ

ਸਰਦਾਰ ਲਸ਼ਕਰ ਸਿੰਘ ਨੇ ਜਿਉਂ ਹੀ ਸਕੂਟਰ ਫਾਰਮ ਨੂੰ ਮੋੜਿਆ ਤਾਂ ਅੰਬਾਂ ਦੇ ਬੂਟਿਆਂ ਨੂੰ ਗੋਡੀ ਕਰਦੇ ਚੁੰਨੂੰ ਤੇ ਗਾਮੀ ਦੇ ਚਿਹਰੇ ਆਸਵੰਦ ਜਹੇ ਹੋ ਗਏ। ਪਰ ਸਕੂਟਰ ਖੜਾ ਕਰ ਉਸ ਨੂੰ ਖਾਲੀ ਹੱਥ ਆਉਂਦਿਆਂ ਤਕ ਕੇ ਉਹ ਮੁੜ ਹਿਰਾਸੇ ਗਏ।

“ਰੋਟੀ ਤਾਂ ਯਾਰ ਹੁਣ ਵੀ ਨਹੀਂ ਆਈ।” ਗਾਮੀ ਨੇ ਕਿਹਾ।

“ਤੇ ਤੇਰਾ ਕੀ ਖਿਆਲ ਸੀ, ਸਰਦਾਰ ਸਾਡੀ ਰੋਟੀ ਲੈ ਕੇ ਆ ਰਿਹਾ…।”

“ਸਵੇਰ ਦੀ ਰੋਟੀ ਅਜੇ ਤਕ ਨਹੀਂ ਆਈ। ਲੌਢਾ ਵੇਲਾ ਹੋਣ ਲੱਗਾ…ਨੌਕਰਾਂ ਦੀ ਤਾਂ ਇਹ ਵੱਡੇ ਲੋਕ ਕੁੱਤੇ ਜਿੰਨੀ ਕਦਰ ਨਹੀਂ ਕਰਦੇ…”
ਤਦ ਤਾਈਂ ਸਰਦਾਰ ਉਹਨਾਂ ਕੋਲ ਆ ਗਿਆ ਸੀ ਤੇ ਉਹਨੂ ਕੋਲ ਆਇਆ ਤੱਕ ਉਹ ਚੁੱਪ ਜਹੇ ਕਰ ਗਏ। ਇਕ ਸਰਸਰੀ ਜਿਹੀ ਨਜ਼ਰ ਉਹਨਾਂ ਵੱਲ ਮਾਰ ਸਰਦਾਰ ਅਗਾਂਹ ਡੇਰੀ ਫਾਰਮ ਵੱਲ ਲੰਘ ਗਿਆ ਤਾਂ ਦਸਾਂ ਕੁ ਵਰ੍ਹਿਆਂ ਦੇ ਗਾਮੀ ਨੇ ਹਰਾਸਿਆਂ ਕਿਹਾ, “ਜੇ ਮੇਰਾ ਬਾਪੂ ਨਾ ਮਰਦਾ, ਮੈਂ ਕਾਹਨੂੰ ਇਹਨਾਂ ਦੇ ਲੱਗਣਾ ਸੀ!”

“ਅਸੀਂ ਵੀ ਜੇ ਇਹਨਾਂ ਤੋਂ ਤਿੰਨ ਸੌ ਰੁਪਏ ਨਾ ਲਏ ਹੁੰਦੇ…।”

============


ਕੁੱਤਾ ਤੇ ਆਦਮੀ

ਮਿੱਟੀ ਨਾਲ ਲਿਬੜੇ ਹੱਥਾਂ ਨੂੰ, ਉਸ ਸਿਰ ਦੇ ਸਾਫੇ ਨਾਲ ਪੂੰਝਿਆ ਤੇ ਰੋਟੀਆਂ ਫੜ੍ਹ ਲਈਆਂ। ਸੁੱਕੀਆਂ ਦੋ ਰੋਟੀਆਂ ’ਤੇ ਲੂਣ ਧੂੜਿਆ ਹੋਇਆ ਸੀ। ਔਖਾ ਜਿਹਾ ਹੋ ਉਹ ਰੋਟੀ ਖਾਣ ਲੱਗ ਪਿਆ।

“ਤੈਥੋਂ ਅਜੇ ਰੋਟੀ ਨਈਂ ਖਾ ਹੋਈ?” ਅੰਦਰੋਂ ਨਿਕਲਦਾ ਮਾਲਕ ਸੇਠ ਉਸ ਨੂੰ ਰੋਟੀ ਖਾਂਦੇ ਨੂੰ ਦੇਖ ਕੇ ਕੜਕਿਆ। ਅੱਧੀ ਰੋਟੀ ਖਾਣ ਵਾਲੀ ਅਜੇ ਉਹਦੇ ਹੱਥਾਂ ’ਚ ਬਾਕੀ ਸੀ।

“ਰੋਟੀ ਹੈਥੇ ਰੱਖ ਕੇ ਜਾਹ ਪਹਿਲਾਂ ਅੰਦਰੋਂ ਮੀਟ ਲਿਆ। ਕੁੱਤਾ ਸਵੇਰ ਦਾ ਭੁੱਖਾ ਏ।”

ਰੋਟੀ ਜ਼ਮੀਨ ’ਤੇ ਰੱਖ ਉਹ ਉੱਠ ਪਿਆ।

ਮੀਟ ਵਾਲਾ ਬਾਟਾ ਉਸ ਕੁੱਤੇ ਅੱਗੇ ਲਿਆ ਰੱਖਿਆ। ਕੁੱਤਾ ਮੀਟ ਖਾਣ ਲੱਗ ਪਿਆ।

ਉਸ ਨੇ ਵੀ ਰੋਟੀ ਜ਼ਮੀਨ ਤੋਂ ਚੁੱਕੀ ਤੇ ਮਿੱਟੀ ਝਾੜ ਕੇ ਚੱਕ ਮਾਰਨ ਲੱਗ ਪਿਆ।

============


ਰਿਸ਼ਤਾ

ਪੇਕੇ ਪਿੰਡ ਦੀ ਗਲੀ ’ਚ ਸ਼ੀਲੋ ਨੇ ਪੈਰ ਰੱਖਿਆ ਹੀ ਸੀ ਕਿ ਸਾਹਮਣਿਉਂ ਆਉਂਦੇ ਹਰਪਾਲ ਨੂੰ ਦੇਖ ਇਕ ਪਲ ਠਿਠਕੀ। ਅਣਸਵਾਰੀ ਦਾਹੜੀ, ਸਿਰ ’ਤੇ ਉਗੜ-ਦੁਗੜੀ ਵਲ੍ਹੇਟੀ ਹੋਈ ਪੱਗ, ਅਧੋਰਾਣੇ ਜਿਹੇ ਕਪੜੇ। ਹੱਥ ’ਚ ਫੜੀ ਹੋਈ ਦਾਤਰੀ ਤੇ ਮੋਢੇ ਤੇ ਤੱਪੜ। ਉਹ ਸ਼ਾਇਦ ਪੱਠਿਆਂ ਨੂੰ ਜਾ ਰਿਹਾ ਸੀ।

“ਕੀ ਹਾਲ ਬਣਾਇਆ ਹੋਇਆ?” ਇਕ ਸਾਂਝ ਉਹਦੀਆਂ ਅੱਖਾਂ ’ਚ ਲਿਸ਼ਕ ਉੱਠੀ। ਚੜ੍ਹਦੀ ਜਵਾਨੀ ਦੇ ਛੇ ਸੱਤ ਵਰ੍ਹੇ ਉਹਦੀ ਹਰਪਾਲ ਨਾਲ ਆੜੀ ਰਹੀ ਸੀ। ਸਰੀਰਕ ਸਾਂਝ। ਵੇਲੇ ਕੁਵੇਲੇ ਮੌਕਾ ਮਿਲਦਿਆਂ ਹੀ ਉਹ ਉਹਦੀਆਂ ਬਾਹਾਂ ’ਚ ਭੱਜ ਜਾਂਦੀ ਸੀ।

“ਤੂੰ ਆਪਣਾ ਵੀ ਤਾਂ ਦੇਖ…” ਇਕ ਪਲ ਉਹ ਵੀ ਹੱਸਿਆ।

ਪਿਛਲੇ ਅੱਠ ਦਸ ਵਰ੍ਹਿਆਂ ’ਚ ਜਿਉਂ ਸ਼ੀਲੋ ਦਾ ਵਿਆਹ ਹੋਇਆ ਸੀ, ਉਹ ਕਦੇ ਕਦਾਈਂ ਬਸ ਇੰਜ ਅਚਾਨਕ ਹੀ ਕਿਤੇ ਰਾਹ ਗਲੀ ਮਿਲੇ ਸਨ। ਫਿਰ ਰਸਮੀ ਸੁਖ-ਸਾਂਦ ਤੇ ਬਸ…

ਗਲੀ-ਗਲੀ ਤੁਰੀ ਆਉਂਦੀ ਇਕ ਤੀਵੀਂ ਨੂੰ ਤੱਕ ਉਸ ਆਪਣੇ ਨਾਲ ਖੜ੍ਹੀ ਆਪਣੀ ਪੰਜ ਕੁ ਵਰ੍ਹਿਆਂ ਦੀ ਧੀ ਨੂੰ ਕਿਹਾ, “ਕਹਿ ਨੀ ਮਾਮੇ ਨੂੰ ਸਤਿ ਸ੍ਰੀ ਅਕਾਲ।” ਹਰਪਾਲ ਨੇ ਵੀ ਬੱਚੀ ਨੂੰ ਪਿਆਰ ਦਿੱਤਾ।

ਤੇ ਫਿਰ ਦੋਵੇਂ ਆਪਣੇ-ਆਪਣੇ ਰਾਹ ਲੰਘ ਗਏ।

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Balbir Parwana A Writer committed towards Social Change