ਸੂਬੇ ਵਿਚ ਕੋਵਿਡ -19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਮੀਟਿੰਗ ਦੌਰਾਨ ਹਦਾਇਤਾਂ ਜਾਰੀ ਕੀਤੀਆਂ ਕਿ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਪਤਾ ਲਗਾਉਣ ਲਈ ਯਾਤਰੀਆਂ ਦੇ ਵੱਧ ਤੋਂ ਵੱਧ ਨਮੂਨੇ ਲੈਣ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਹੁਣ ਤੱਕ 40 ਮਰੀਜ਼ਾਂ ਦੀ ਮੌਤ ਹੋਈ ਹੈ, ਉਹਨਾਂ ਦੀ ਉਮਰ 50 ਸਾਲ ਤੋਂ ਵੱਧ ਸੀ। ਇਨਾਂ ਵਿੱਚੋਂ 31 ਵਿਅਕਤੀ (77 ਫ਼ੀਸਦੀ) ਆਖਰੀ ਪੜਾਅ ‘ਤੇ ਗੁਰਦੇ, ਕੈਂਸਰ ਤੇ ਐੱਚਆਈਵੀ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਇਲਾਵਾ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਜੂਝ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੌਤ ਦਰ ਨੂੰ ਅੱਗੇ ਹੋਰ ਕੰਟਰੋਲ ਕਰਨ ਲਈ ਸਾਰੀਆਂ ਮੌਤਾਂ ਦਾ ਡੂੰਘਾਈ ਨਾਲ ਆਡਿਟ ਕੀਤਾ ਜਾਵੇਗਾ।
ਮੰਤਰੀ ਨੇ ਮੀਟਿੰਗ ਨੂੰ ਕੋਵਿਡ -19 ਦੇ ਪ੍ਰਬੰਧਨ ਅਤੇ ਰੋਕਥਾਮ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ, ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜਾਰੀ ਕੀਤੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਜੁਰਮਾਨੇ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨਜ਼ ਵਲੋਂ ਆਪਣੇ ਅਧਿਕਾਰ ਖੇਤਰ ਵਿੱਚ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਸਖਤੀ ਨਾਲ ਯਕੀਨੀ ਬਣਾਇਆ ਜਾਵੇ।