ਪੰਜਾਬ ਪੁਲਿਸ ਦੇ ਸੀਆਈਡੀ ਵਿੰਗ ਵਿੱਚ ਤਾਇਨਾਤ ਏਐੱਸਆਈ (ASI) ਹਰਮੇਲ ਸਿੰਘ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਅਜਿਹੀਆਂ ਵਾਰਦਾਤਾਂ ਤੋਂ ਸੂਬਾ ਪੁਲਿਸ ਵਿੱਚ ਤਾਇਨਾਤ ਜਵਾਨਾਂ ਦੇ ਮਾਨਸਿਕ ਤਣਾਅ ਵਿੱਚੋਂ ਲੰਘਣ ਦੇ ਤੱਥ ਉਜਾਗਰ ਹੁੰਦੇ ਹਨ। ਸਰਕਾਰ ਨੂੰ ਇਹ ਤਣਾਅ ਘਟਾਉਣ ਲਈ ਜ਼ਰੂਰ ਉੱਦਮ ਕਰਨੇ ਚਾਹੀਦੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਡੀਐੱਸਪੀ ਹਰਦੇਵ ਸਿੰਘ ਤਿਤਲੀ ਦੇ ਘਰ 24 ਸਾਲਾਂ ਤੋਂ ਤਾਇਨਾਤ ਏਐੱਸਆਈ ਹਰਮੇਲ ਸਿੰਘ ਨੇ ਰਾਤੀਂ 11 ਵਜੇ ਆਤਮਹੱਤਿਆ ਕੀਤੀ।
40 ਸਾਲਾ ਹਰਮੇਲ ਸਿੰਘ ਰਾਜਪੁਰਾ ਲਾਗਲੇ ਪਿੰਡ ਬਨੂੜ ਦੇ ਜੰਮਪਲ਼ ਸਨ। ਉਨ੍ਹਾਂ ਨੂੰ ਹਾਲੇ ਕੁਝ ਸਮਾਂ ਪਹਿਲਾਂ ਹੀ ਹੌਲਦਾਰ ਤਰੱਕੀ ਦੇ ਕੇ ਏਐੱਸਆਈ ਬਣਾਇਆ ਗਿਆ ਸੀ।
ਸੂਤਰਾਂ ਮੁਤਾਬਕ ਹਰਮੇਲ ਸਿੰਘ ਦੇ ਡੀਐੱਸਪੀ ਤਿਤਲੀ ਨਾਲ ਪਰਿਵਾਰਕ ਸਬੰਧ ਸਨ ਪਰ ਰਾਤੀਂ ਦੋਵਾਂ ਵਿਚਾਲੇ ਕੋਈ ਤਕਰਾਰ ਹੋਇਆ, ਜਿਸ ਤੋਂ ਬਾਅਦ ਹਰਮੇਲ ਸਿੰਘ ਨੇ ਖ਼ੁਦਕੁਸ਼ੀ ਕਰ ਲਈ।