ਬਰਨਾਲਾ ਦੇ 38 ਸਾਲਾ ਨੌਜਵਾਨ ਕੇਸ਼ਵ ਸ਼ਰਮਾ ਦਾ ਖਰੜ ਸੜਕ ਹਾਦਸੇ ’ਚ ਦੇਹਾਂਤ ਹੋ ਗਿਆ ਹੈ। ਇਹ ਹਾਦਸਾ ਮੰਗਲਵਾਰ ਦੇਰ ਰਾਤੀਂ ਖਰੜ–ਚੰਡੀਗੜ੍ਹ ਸੜਕ ਉੱਤੇ ਵਾਪਰਿਆ। ਕੇਸ਼ਵ ਸ਼ਰਮਾ ਜ਼ੋਮੈਟੋ ਲਈ ਪਾਰਟ–ਟਾਈਮ ਡਿਲੀਵਰੀ–ਬੁਆਏ ਦਾ ਕੰਮ ਕਰਦਾ ਸੀ।
ਕੇਸ਼ਵ ਸ਼ਰਮਾ ਪਿਛਲੇ 6 ਮਹੀਨਿਆਂ ਤੋਂ ਜ਼ੋਮੈਟੋ ਲਈ ਕੰਮ ਕਰ ਰਿਹਾ ਸੀ।
ਚਸ਼ਮਦੀਦ ਗਵਾਹਾਂ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਖਰੜ ਫ਼ਲਾਈਓਵਰ ਲਈ ਕੰਮ ਕਰ ਰਹੀ ਇੱਕ ਕ੍ਰੇਨ ਨੇ ਅਚਾਨਕ ਯੂ–ਟਰਨ ਲਿਆ ਭਾਵ ਅਚਾਨਕ ਮੋੜ ਕੱਟਿਆ। ਕ੍ਰੇਨ ਉਸ ਪਾਸਿਓਂ ਆ ਰਹੇ ਮੋਟਰਸਾਇਕਲ ਵਿੱਚ ਵੱਜੀ, ਜਿਸ ਨੂੰ ਕੇਸ਼ਵ ਸ਼ਰਮਾ ਚਲਾ ਰਿਹਾ ਸੀ।
ਕੇਸ਼ਵ ਸੜਕ ’ਤੇ ਡਿੱਗ ਪਿਆ ਤੇ ਕ੍ਰੇਨ ਉਸ ਦੇ ਉੱਪਰ ਦੀ ਲੰਘ ਗਈ।
ਪੁਲਿਸ ਨੇ ਕ੍ਰੇਨ ਦੇ ਅਣਪਛਾਤੇ ਡਰਾਇਵਰ ਵਿਰੁੱਧ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 304–ਏ ਅਤੇ 279 ਅਧੀਨ ਕੇਸ ਦਰਜ ਕਰ ਲਿਆ ਹੈ।