ਬਠਿੰਡਾ ਦੀ ਕੇਂਦਰੀ ਜੇਲ 'ਚ ਅੱਜ ਐਤਵਾਰ ਨੂੰ ਕੈਦੀਆਂ ਦੇ ਦੋ ਗਰੁੱਪ ਆਪਸ 'ਚ ਭਿੜ ਗਏ, ਜਿਸ ਕਾਰਨ 6 ਕੈਦੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਜੇਲ 'ਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੇ ਦੋ ਧੜਿਆਂ ਵਿਚਾਲੇ ਲੜਾਈ ਹੋ ਗਈ। ਜਿਸ ਕਾਰਨ ਦੋਹਾਂ ਗਰੁੱਪਾਂ ਦੇ 6 ਮੈਂਬਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਪ੍ਰਵੀਨ ਸਿੰਘ ਵਾਸੀ ਬਰੇਟਾ ਮੰਡੀ, ਗੁਰਮੀਤ ਸਿੰਘ ਵਾਸੀ ਬੁਰਜ ਮਹਿਮਾ, ਕਰਮਜੀਤ ਸਿੰਘ ਵਾਸੀ ਮੱਖੂ, ਪਰਵਿੰਦਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ, ਮੰਜੂ ਸਿੰਘ ਵਾਸੀ ਧੋਬੀਆਣਾ ਬਸਤੀ, ਰਣਵੀਰ ਸਿੰਘ ਵਾਸੀ ਖੇਤਾ ਸਿੰਘ ਬਸਤੀ ਵਜੋਂ ਹੋਈ ਹੈ।
ਸਰਕਾਰੀ ਹਸਪਤਾਲ ਦੇ ਡਾ. ਗੁਰਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 6 ਜ਼ਖ਼ਮੀ ਕੈਦੀ ਇਲਾਜ ਲਈ ਆਏ ਹਨ, ਜਿਨ੍ਹਾਂ ਦੇ ਕੁਝ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਇਲਾਜ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਵਾਪਿਸ ਜੇਲ ਲੈ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਝਗੜੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।