ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੀ ਸੰਗਤ ਨੂੰ ਤਪਸ਼ ਤੋਂ ਬਚਾਉਣ ਲਈ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।
ਪਹਿਲੇ ਪੜਾਅ ਤਹਿਤ ਅੱਜ ਇਥੇ 25 ਛਾਂਦਾਰ ਬੂਟੇ ਲਗਾਏ ਗਏ ਅਤੇ ਅਗਲੇ ਦਿਨਾਂ ਵਿਚ ਇਸਦਾ ਹੋਰ ਵਿਸਥਾਰ ਹੋਵੇਗਾ। ਬੂਟੇ ਵੱਖ-ਵੱਖ ਕਿਸਮਾਂ ਦੇ ਹਨ, ਜਿਨ੍ਹਾਂ ਨੂੰ ਲਗਾਉਣ ਲਈ ਵੱਡ ਅਕਾਰੀ ਗ਼ਮਲਿਆਂ ਦੀ ਵਰਤੋਂ ਕੀਤੀ ਗਈ ਹੈ। ਪਹਿਲਾ ਬੂਟਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਲਗਾਇਆ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ ਅਤੇ ਇਸ ਨਾਲ ਸੰਗਤ ਤਪਸ਼ ਤੋਂ ਬਚ ਸਕੇਗੀ। ਸ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਸ ਨਾਲ ਭਵਿੱਖ ਵਿਚ ਗਰਮੀ ਦੇ ਮੌਸਮ ਦੌਰਾਨ ਸੰਗਤ ਨੂੰ ਲਾਜ਼ਮੀਂ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਇਸ ਯਤਨ ਨੂੰ ਪਹਿਲੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਅੰਦਰ ਵਾਤਾਵਰਨ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਣਾ ਵੀ ਦੱਸਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਪੱਜਦੀ ਸੰਗਤ ਨੂੰ ਗਰਮੀ ਤੋਂ ਰਾਹਤ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਹਿਲਾਂ ਇਥੇ ਵਰਟੀਕਲ ਗਾਰਡਨ ਤੇ ਰੂਫ ਗਾਰਡਨ ਤਿਆਰ ਕੀਤੇ ਗਏ।
ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਬਰਾਂਡਿਆਂ ਉਪਰ ਬੂਟੇ ਤੇ ਵੇਲਾਂ ਲਗਾਈਆਂ ਗਈਆਂ ਹਨ ਅਤੇ ਹੁਣ ਇੱਕ ਸਾਂਝੇ ਯਤਨ ਨਾਲ ਪਲਾਜ਼ਾ ਵਿਖੇ ਛਾਂਦਾਰ ਬੂਟੇ ਲਗਾਏ ਗਏ ਹਨ।