ਸਾਲ 2015 ਦੌਰਾਨ ਬਹਿਬਲ ਕਲਾਂ ਤੇ ਕੋਟਕਪੂਰਾ `ਚ ਪੁਲਿਸ ਵੱਲੋਂ ਚਲਾਈ ਗਈ ਗੋਲੀਬਾਰੀ ਨਾਲ ਸਬੰਧਤ ਚਾਰ ਮਾਮਲਿਆਂ ਦਾ ਸਾਰਾ ਰਿਕਾਰਡ ਅੱਜ ਜਿ਼ਲ੍ਹਾ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਹਵਾਲੇ ਕਰ ਦਿੱਤਾ। ਫ਼ਰੀਦਕੋਟ ਦੇ ਐੱਸਪੀ ਸੇਵਾ ਸਿੰਘ ਮੱਲ੍ਹੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਰਕਾਰੀ ਹਦਾਇਤਾਂ ਮਿਲਣ ਤੋਂ ਬਾਅਦ ਹੀ ਇਹ ਰਿਕਾਰਡ ਵਿਸ਼ੇਸ਼ ਜਾਂਚ ਟੀਮ ਹਵਾਲੇ ਕੀਤਾ ਗਿਆ ਹੈ।
ਇੱਥੇ ਵਰਨਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਿਨਾਉਣੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਸਰਕਾਰ ਨੇ ਹੁਣ ਇੱਕ ਵਿਸ਼ੇਸ਼ ਜਾਂਚ ਟੀਮ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ ਹੈ।
ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਸਿਫ਼ਾਰਸ਼ `ਤੇ ਬੀਤੀ 7 ਅਗਸਤ ਨੂੰ ਜਿ਼ਲ੍ਹਾ ਪੁਲਿਸ ਨੇ ਕੁਝ ਅਣਪਛਾਤੇ ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਤਦ ਕੋਟਕਪੂਰਾ ਦੇ ਸਿਟੀ ਪੁਲਿਸ ਥਾਣੇ `ਚ ਕਤਲ ਦੀ ਕੋਸਿ਼ਸ਼ ਦੀਆਂ ਧਾਰਾਵਾਂ ਅਧੀਨ ਅਜੀਤ ਸਿੰਘ ਦੀ ਸਿ਼ਕਾਇਤ ਨੂੰ ਆਧਾਰ ਬਣਾਇਆ ਗਿਆ ਸੀ। ਫਿਰ 11 ਅਗਸਤ ਨੂੰ ਪੁਲਿਸ ਨੇ ਚਾਰ ਹੋਰ ਪੁਲਿਸ ਅਧਿਕਾਰੀਆਂ - ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਐੱਸਪੀ ਬਿਕਰਮਜੀਤ ਸਿੰਘ ਨੂੰ ਬਹਿਬਲ ਕਲਾਂ ਗੋਲੀਕਾਂਡ `ਚ ਨਾਮਜ਼ਦ ਕੀਤਾ ਸੀ। ਕਤਲ ਦਾ ਇਹ ਮਾਮਲਾ ਬਾਜਾਖਾਨਾ ਪੁਲਿਸ ਥਾਣੇ `ਚ ਦਰਜ ਕੀਤਾ ਗਿਆ ਸੀ।
ਬਹਿਬਲ ਕਲਾਂ ਗੋਲੀਕਾਂਡ `ਚ ਦੋ ਸਿੱਖ ਨੌਜਵਾਨ ਮਾਰੇ ਗਏ ਸਨ।
ਤਦ ਪੁਲਿਸ ਨੇ ਦੋਸ਼ ਲਾਏ ਸਨ ਕਿ ਰੋਸ ਮੁਜ਼ਾਹਰਾਕਾਰੀਆਂ ਨੇ ਪੁਲਿਸ `ਤੇ ਹਮਲਾ ਕੀਤਾ ਸੀ ਤੇ ਉਹ ਮਾਮਲਾ ਪੰਥਪ੍ਰੀਤ ਸਿੰਘ ਖ਼ਾਲਸਾ, ,ਅਮਰੀਕ ਸਿੰਘ ਅਜਨਾਲਾ, ਰਣਜੀਤ ਸਿੰਘ ਢੱਡਰੀਆਂਵਾਲੇ, ਸਰਬਜੀਤ ਸਿੰਘ ਧੁੰਦਾ ਜਿਹੇ ਸਿੱਖ ਪ੍ਰਚਾਰਕਾਂ ਅਤੇ ਹੋਰਨਾਂ ਵਿਰੁੱਧ ਕੋਟਕਪੂਰਾ ਦੇ ਪੁਲਿਸ ਥਾਣੇ `ਚ ਦਰਜ ਕੀਤਾ ਗਿਆ ਸੀ। ਇੱਕ ਹੋਰ ਮਾਮਲਾ ਬਾਜਾਖਾਨਾ ਪੁਲਿਸ ਥਾਣੇ `ਚ 500 ਤੋਂ 600 ਤੱਕ ਅਣਪਛਾਤੇ ਰੋਸ ਮੁਜ਼ਾਹਰਾਕਾਰੀਆਂ ਖਿ਼ਲਾਫ਼ ਦਰਜ ਕੀਤਾ ਗਿਆ ਸੀ। ਇਨ੍ਹਾਂ ਦੋਵੇਂ ਮਾਮਲਿਆਂ ਦੇ ਰਿਕਾਰਡ ਵੀ ਅੱਜ ਵਿਸ਼ੇਸ਼ ਜਾਂਚ ਟੀਮ ਹਵਾਲੇ ਕੀਤੇ ਗਏ ਹਨ।