ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਐੱਮਪੀ ਸ੍ਰੀ ਭਗਵੰਤ ਮਾਨ ਨਾਲ ਆਮ ਤੌਰ ਉੱਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ ਕਿ ਜਿਸ ਕਾਰਨ ਉਹ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਹਨ। ਅਜਿਹਾ ਕੁਝ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਵੀ ਹੋਇਆ, ਜਦੋਂ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ।
ਸ੍ਰੀ ਮਾਨ ਤੇ ਸ੍ਰੀ ਕੇਜਰੀਵਾਲ ਦਰਅਸਲ, ਚੰਡੀਗੜ ਤੋਂ ਆਮ ਆਦਮੀ ਪਾਰਟੀ ਦੇ ਸੰਸਦੀ ਉਮੀਦਵਾਰ ਹਰਮੋਹਨ ਧਵਨ ਦੀ ਹਮਾਇਤ ਲਈ ਆਏ ਸਨ ਪਰ ਸ੍ਰੀ ਮਾਨ ਤੋਂ ਉੱਥੇ ਰੈਲੀ ’ਚ ਦਿੱਤੇ ਆਪਣੇ ਭਾਸ਼ਣ ਦੌਰਾਨ ਕੁਝ ਅਜਿਹਾ ਆਖ ਹੋ ਗਿਆ ਕਿ ਜਿਸ ਨਾਲ ਸ੍ਰੀ ਧਵਨ ਲਈ ਸਟੇਜ ਉੱਤੇ ਬੈਠਣਾ ਔਖਾ ਹੋ ਗਿਆ। ਉਨ੍ਹਾਂ ਦੇ ਚਿਹਰੇ ਉੱਤੇ ਇੱਕ ਰੰਗ ਆ ਰਿਹਾ ਸੀ ਤੇ ਦੂਜਾ ਜਾ ਰਿਹਾ ਸੀ ਪਰ ਉਹ ਕਰ ਕੁਝ ਨਹੀਂ ਸਕਦੇ ਸਨ ਕਿਉਂਕਿ ਸੱਚੀ ਗੱਲ ਸ੍ਰੀ ਭਗਵੰਤ ਮਾਨ ਦੇ ਮੂੰਹੋਂ ਨਿੱਕਲ ਗਈ ਸੀ।
ਸ੍ਰੀ ਮਾਨ ਚੰਡੀਗੜ੍ਹ ਦੇ ਸੈਕਟਰ 25 ਵਿੱਚ ਰੱਖੀ ਉਸ ਰੈਲੀ ਨੂੰ ਸੰਬੋਧਨ ਕਰਦਿਆਂ ਆਖ ਬੈਠੇ ਸਨ – ‘ਚੰਡੀਗੜ੍ਹ ਦੇ ਨਿਵਾਸੀਆਂ ਨੂੰ ਉਸੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ, ਜਿਸ ਨੇ ਕਦੇ ਪਾਰਟੀ ਨਾ ਬਦਲੀ ਹੋਵੇ।’ ਪਰ ਸ੍ਰੀ ਹਰਮੋਹਨ ਧਵਨ ਤਾਂ ਹੁਣ ਤੱਕ ਅੱਠ ਪਾਰਟੀਆਂ ਬਦਲ ਚੁੱਕੇ ਹਨ ਤੇ ਪਿਛਲੇ ਵਰ੍ਹੇ ਹੀ ਆਮ ਆਦਮੀ ਪਾਰਟੀ ਵਿੱਚ ਆਏ ਹਨ।
ਸ੍ਰੀ ਹਰਮੋਹਨ ਧਵਨ ਨੂੰ ਤਦ ਸਮਝ ਨਹੀਂ ਆ ਰਹੀ ਸੀ ਕਿ ਉਹ ਕਿੱਧਰ ਨੂੰ ਜਾਣ ਪਰ ਮਜਬੂਰਨ ਸਟੇਜ ਉੱਤੇ ਬੈਠੇ ਰਹੇ। ਉਸ ਰੈਲੀ ਦੀ ਇਹ ਵੀ ਖ਼ਾਸੀਅਤ ਰਹੀ ਸੀ ਕਿ ਉਸ ਦੀਆਂ ਜ਼ਿਆਦਾਤਰ ਸੀਟਾਂ ਖ਼ਾਲੀ ਹੀ ਸਨ ਤੇ ਸ੍ਰੀ ਕੇਜਰੀਵਾਲ ਨੇ 1,200 ਕੁ ਵਿਅਕਤੀਆਂ ਦੇ ਇਕੱਠ ਵਾਲੀ ਉਸ ਰੈਲੀ ਨੂੰ ਸਿਰਫ਼ ਸੱਤ ਮਿੰਟਾਂ ਲਈ ਸੰਬੋਧਨ ਕੀਤਾ ਸੀ।