ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਹੀਂ ਰਹੇ, ਕੋਰੋਨਾ ਵਾਇਰਸ ਨੇ ਲਈ ਜਾਨ

ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਨਹੀਂ ਰਹੇ, ਕੋਰੋਨਾ ਵਾਇਰਸ ਨੇ ਲਈ ਜਾਨ

ਸ੍ਰੀ ਹਰਿਮੰਦਰ ਸਾਹਿਬ ’ਚ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਹੁਣ ਇਸ ਦੁਨੀਆ ’ਚ ਨਹੀਂ ਰਹੇ। ਉਹ 68 ਸਾਲਾਂ ਦੇ ਸਨ। ਉਨ੍ਹਾਂ ਅੱਜ ਤੜਕੇ 4:30 ਵਜੇ ਆਖ਼ਰੀ ਸਾਹ ਲਿਆ।

 

 

ਹਾਲੇ ਕੱਲ੍ਹ ਹੀ ਉਨ੍ਹਾਂ ਦੇ ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਦੀ ਖ਼ਬਰ ਆਈ ਸੀ। ਭਾਈ ਨਿਰਮਲ ਸਿੰਘ ਖਾਲਸਾ ਦੇ ਦੇਹਾਂਤ ਦੀ ਖ਼ਬਰ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਬੀ.ਐੱਸ. ਸਿੱਧੂ ਨੇ ਆਪਣੇ ਟਵੀਟ ਰਾਹੀਂ ਦਿੱਤੀ। ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਇਹ 5ਵੀਂ ਮੌਤ ਹੈ।

 

 

ਭਾਈ ਨਿਰਮਲ ਸਿੰਘ ਖ਼ਾਲਸਾ ਹੁਰਾਂ ਨੂੰ ਬੀਤੀ 30 ਮਾਰਚ ਨੂੰ ਅੰਮ੍ਰਿਤਸਰ ਦੇ ਗੁਰੂ  ਨਾਨਕ ਦੇਵ ਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਰ ਅੱਜ ਉਹ ਦਿਲ ਦੀ ਧੜਕਣ ਰੁਕ ਜਾਣ ਕਾਰਨ ਸਦੀਵੀ ਵਿਛੋੜਾ ਦੇ ਗਏ।

 

 

ਕੱਲ੍ਹ ਜਿਵੇਂ ਹੀ ਉਨ੍ਹਾਂ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਖ਼ਬਰ ਜੱਗ–ਜ਼ਾਹਿਰ ਹੋਈ ਸੀ; ਤਿਵੇਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਜਲੰਧਰ ਜ਼ਿਲ੍ਹੇ ’ਚ ਸਥਿਤ ਉਨ੍ਹਾਂ ਦੀ ਰਿਹਾਇਸ਼ਗਾਹ ’ਤੇ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਉੱਥੇ ਸਭ ਪਾਸੇ ਕੀਟ–ਨਾਸ਼ਕ ਦਵਾਈਆਂ ਦਾ ਛਿੜਕਾਅ ਕਰ ਕੇ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਗਿਆ ਸੀ।

 

 

ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਈ ਨਿਰਮਲ ਸਿੰਘ ਖਾਲਸਾ ਨਾਲ ਤਬਲੇ ’ਤੇ ਸੰਗਤ ਦੇਣ ਵਾਲੇ ਭਾਈ ਦਰਸ਼ਨ ਸਿੰਘ ਹੁਰਾਂ ਨੂੰ ਵੀ ਸਿਹਤ ਟੀਮ ਵਿਸ਼ੇਸ਼ ਜਾਂਚ ਲਈ ਲੈ ਗਈ ਸੀ।

 

 

ਭਾਈ ਨਿਰਮਲ ਸਿੰਘ ਖਾਲਸਾ ਹੁਰਾਂ ਦਾ ਜਨਮ 1952 ’ਚ ਫ਼ਿਰੋਜ਼ਪੁਰ ਵਿਖੇ ਹੋਇਆ ਸੀ। ਉਨ੍ਹਾਂ 1976 ’ਚ ਗੁਰਮਤਿ ਸੰਗੀਤ ਦਾ ਡਿਪਲੋਮਾ ਅੰਮ੍ਰਿਤਸਰ ਦੇ ਸ਼ਹੀਦ ਮਿਸ਼ਨਰੀ ਕਾਲਜ ਤੋਂ ਲਿਆ ਸੀ।

 

 

ਭਾਈ ਨਿਰਮਲ ਸਿੰਘ ਖਾਲਸਾ ਨੇ 1977 ’ਚ ਰਿਸ਼ੀਕੇਸ਼ ਦੇ ਗੁਰਮਤਿ ਕਾਲਜ ’ਚ ਸੰਗੀਤ ਦੇ ਅਧਿਆਪਕ ਵਜੋਂ ਵੀ ਕੰਮ ਕੀਤਾ ਸੀ। ਫਿਰ ਅਗਲੇ ਸਾਲ 1978 ’ਚ ਉਹ ਰਾਜਸਥਾਨ ਦੇ ਸ਼ਹਿਰ ਗੰਗਾਨਗਰ ਸਥਿਤ ਸੰਤ ਚੰਨਣ ਸਿੰਘ – ਬੁੱਢਾ ਜੌਹਰ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ’ਚ ਵੀ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ।

 

 

1979 ਤੋਂ ਹੁਣ ਤੱਕ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ’ਚ ਲੱਗੇ ਹੋਏ ਸਨ। ਉਹ ਸਾਰੇ ਪੰਜ ਤਖ਼ਤ ਸਾਹਿਬਾਨ ਉੱਤੇ ਅਤੇ ਦੇਸ਼ ਦੇ ਸਾਰੇ ਹੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਨਾਲ–ਨਾਲ 71 ਦੇਸ਼ਾਂ ਦੇ ਗੁਰੂ–ਘਰਾਂ ’ਚ ਕੀਰਤਨ ਕਰ ਚੁੱਕੇ ਸਨ।

 

 

ਭਾਈ ਨਿਰਮਲ ਸਿੰਘ ਖਾਲਸਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਸਾਰੇ 31 ਰਾਗਾਂ ਦਾ ਭਲੀਭਾਂਤ ਗਿਆਨ ਸੀ। ਉਨ੍ਹਾਂ ਦੀ ਇਸੇ ਮੁਹਾਰਤ ਲਈ ਸਾਲ 2009 ’ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮਸ਼੍ਰੀ’ ਪੁਰਸਦਾਰ ਨਾਲ ਨਿਵਾਜ਼ਿਆ ਸੀ। ਇਹ ਪੁਰਸਕਾਰ ਹਾਸਲ ਕਰਨ ਵਾਲੇ ਭਾਈ ਖਾਲਸਾ ਪਹਿਲੇ ਹਜ਼ੂਰੀ ਰਾਗੀ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhai Nirmal Singh Khalsa no more Corona Virus takes life