ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਈ ਰਾਜੋਆਣਾ ਦੀ ਸਜ਼ਾ ਉਮਰ ਕੈਦ ‘ਚ ਬਦਲਣ ਪਿੱਛੇ ਅਕਾਲੀ ਦਲ ਦੀ ਕੋਸ਼ਿਸ਼: ਗਰੇਵਾਲ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਉਦੇਸ਼ ਸਿੱਖਾਂ ਦੇ ਰਿਸਦੇ ਜ਼ਖ਼ਮਾਂ ਨੂੰ ਬੰਦ ਕਰਨ ਲਈ ਸ਼ੁਰੂ ਕੀਤੀ ਪ੍ਰਕਿਰਿਆ ਦਾ ਹਿੱਸਾ ਹੈ। ਪਾਰਟੀ ਨੇ ਇਸ ਮਨੁੱਖਤਾਵਾਦੀ ਕਦਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਸ਼ਰਾਰਤੀ, ਮੰਦਭਾਗੀਆਂ ਅਤੇ ਸ਼ਾਂਤੀ ਦੀ ਭਾਵਨਾ ਦੇ ਵਿਰੁੱਧ ਕਰਾਰ ਦਿੱਤਾ ਹੈ।

 

ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਈ ਰਾਜੋਆਣਾ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਤ ਪ੍ਰਤੀ ਹਮਦਰਦੀ ਅਤੇ ਸਹਿਣਸ਼ੀਲਤਾ ਵਿਖਾਉਣ ਦੀ ਬਜਾਇ ਕੁੱਝ ਕਾਂਗਰਸੀ ਆਗੂਆਂ ਦੁਆਰਾ ਇਸ ਅਦਾਲਤੀ ਫੈਸਲੇ ਦਾ ਵਿਰੋਧ ਕਰਕੇ ਸਮਾਜ ਅੰਦਰ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

ਉਹਨਾਂ ਕਿਹਾ ਕਿ ਅਕਾਲੀ ਦਲ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅਜਿਹੀਆਂ ਕੋਸ਼ਿਸ਼ਾਂ ਦੇ ਪੂਰੀ ਤਰ੍ਹਾਂ ਵਿਰੁੱਧ ਹੈ ਅਤੇ ਭਾਈ ਰਾਜੋਆਣਾ ਨੂੰ ਮਿਲੀ ਮਨੁੱਖੀ ਰਾਹਤ ਨੂੰ ਰੱਦ ਕਰਵਾਉਣ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਰਾਜੋਆਣਾ ਪਰਿਵਾਰ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗਾ।

 

ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਅਤੇ ਐਸਜੀਪੀਸੀ ਸਿਧਾਂਤਕ ਤੌਰ ਤੇ ਹਮੇਸ਼ਾਂ ਹੀ ਮੌਤ ਦੀ ਸਜ਼ਾ ਦਾ ਵਿਰੋਧ ਕੀਤਾ ਹੈ ਅਤੇ ਕਰਦੀ ਰਹੇਗੀ। ਉਹਨਾਂ ਕਿਹਾ ਕਿ ਅਸੀਂ ਪਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਇਸ ਮਾਮਲੇ ਉਤੇ ਸਰਬਸੰਮਤੀ ਬਣਾਉਣ ਲਈ ਲੰਬੀ ਲੜਾਈ ਲੜੀ ਹੈ, ਜਿਸ ਵਿਚ ਅਨੇਕਾਂ ਮੌਕਿਆਂ ਉਤੇ ਕੇਂਦਰ ਸਰਕਾਰ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਮਿਲਣਾ ਵੀ ਸ਼ਾਮਿਲ ਹੈ।

 

ਉਨਾਂ ਕਿਹਾ ਕਿ ਅੱਠ ਸਿੱਖ ਕੈਦੀਆਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਫੈਸਲਾ ਇਸ ਮੁੱਦੇ ਉੱਤੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ।

 

ਇਹ ਕਹਿੰਦਿਆਂ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਇਸ ਮੁੱਦੇ ਉੱਤੇ ਮਨੁੱਖਤਾਵਾਦੀ ਪਹੁੰਚ ਅਪਣਾਈ ਹੈ, ਗਰੇਵਾਲ ਨੇ ਕਿਹਾ ਕਿ ਜਿਹੜਾ ਕਾਂਗਰਸੀ ਆਗੂ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ ਕਰਨ ਦਾ ਵਿਰੋਧ ਕਰ ਰਿਹਾ ਹੈ, ਉਹ ਉਸ ਸਮੇਂ ਵਿਧਾਨ ਸਭਾ ਦਾ ਹਿੱਸਾ ਸੀ, ਜਦੋਂ ਸਦਨ ਵੱਲੋਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਸੰਬੰਧੀ ਕੇਂਦਰ ਨੂੰ ਅਪੀਲ ਕਰਨ ਵਾਲਾ ਮਤਾ ਪਾਸ ਕੀਤਾ ਗਿਆ ਸੀ।

 

ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਪਹਿਲਾਂ ਜਿਹਨਾਂ ਸਿਆਸੀ ਲਾਲਸਾਵਾਂ ਨੇ ਪੰਜਾਬ ਦੀ ਸ਼ਾਂਤੀ ਭੰਗ ਕੀਤੀ ਸੀ, ਉਹ ਦੁਬਾਰਾ ਸਿਰ ਚੁੱਕ ਰਹੀਆਂ ਹਨ ਅਤੇ ਕਾਂਗਰਸੀ ਆਪਣੇ ਸੌੜੇ ਸਿਆਸੀ ਫਾਇਦਿਆਂ ਲਈ ਪੰਜਾਬ ਨੂੰ ਦੁਬਾਰਾ ਤੋਂ ਹਿੰਸਾ ਦੀ ਅੱਗ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਸੰਵੇਦਨਸ਼ੀਲ ਮੁੱਦੇ ਉੱਤੇ ਮੁੱਖ ਮੰਤਰੀ ਦੇ ਦੋਗਲੇਪਣ ਤੋਂ ਇਹੀ ਝਲਕਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhai Rajoana sentence changed to life imprisonment for attempting SAD: Grewal