ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮ ਦੇ ਸ਼ਹੀਦ ਭਿੰਡਰਾਂਵਾਲੇ, ਖੱਟਰ ਨੇ ਸਿੱਖ ਜਜ਼ਬਾਤ ਨੂੰ ਠੇਸ ਪਹੁੰਚਾਈ: ਲੌਂਗੋਵਾਲ

ਕੌਮ ਦੇ ਸ਼ਹੀਦ ਭਿੰਡਰਾਂਵਾਲੇ, ਖੱਟਰ ਨੇ ਸਿੱਖ ਜਜ਼ਬਾਤ ਨੂੰ ਠੇਸ ਪਹੁੰਚਾਈ: ਲੌਂਗੋਵਾਲ

--  ਸਿੱਖਾਂ ਤੋਂ ਮਾਫ਼ੀ ਮੰਗਣ ਖੱਟਰ: ਭਾਈ ਹਰਨਾਮ ਸਿੰਘ ਧੁੰਮਾ

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਦੇ ਸ਼ਹੀਦ ਹਨ ਤੇ ਸਿਰਫ਼ ਉਨ੍ਹਾਂ ਦੀ ਤਸਵੀਰ ਵੇਖ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਦੇ ਇੱਕ ਗੁਰਦੁਆਰਾ ਸਾਹਿਬ `ਚ ਜਾਣ ਤੋਂ ਇਨਕਾਰ ਕਰ ਦਿੱਤਾ। ਇੰਝ ਉਨ੍ਹਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।


ਚੇਤੇ ਰਹੇ ਕਿ ਬੀਤੀ 29 ਸਤੰਬਰ ਨੂੰ ਪਿੰਡ ਦਚਾਰ ਦੇ ਗੁਰੂਘਰ `ਚ ਜਾਣ ਦਾ ਸ੍ਰੀ ਖੱਟਰ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ ਪਰ ਉਨ੍ਹਾਂ ਇੱਕ ਸ਼ਰਤ ਰੱਖ ਦਿੱਤੀ ਕਿ ਜੇ ਗੁਰਦੁਆਰਾ ਸਾਹਿਬ ਅੰਦਰ ਲੱਗੀ ਭਿੰਡਰਾਂਵਾਲਿਆਂ ਦੀ ਤਸਵੀਰ ਹਟਾਈ ਜਾਵੇਗੀ, ਤਦ ਹੀ ਉਹ ਉੱਥੇ ਜਾਣਗੇ। ਜਦੋਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨੇ ਉੱਥੇ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਇਸ ਨਾਲ ਸਥਾਨਕ ਸਿੱਖ ਰੋਹ `ਚ ਆ ਗਏ ਤੇ ਉਨ੍ਹਾਂ ਨੇ ਉੱਥੇ ਖੜ੍ਹਾ ਅੱਗ ਬੁਝਾਉਣ ਵਾਲਾ ਇੱਕ ਇੰਜਣ ਨਸ਼ਟ ਕਰ ਦਿੱਤਾ।


ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ - ‘ਮੁੱਖ ਮੰਤਰੀ ਦੇ ਗੁਰੂ ਘਰ `ਚ ਨਾ ਜਾਣ ਕਾਰਨ ਸਥਾਨਕ ਸਿੱਖ ਨਿਰਾਸ਼ ਹੋਏ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਸਥਾਨਕ ਸਿੱਖ ਚਾਹੁੰਦੇ ਸਨ ਕਿ ਮੁੱਖ ਮੰਤਰੀ ਉਸ ਪ੍ਰੋਗਰਾਮ ਵਿੱਚ ਭਾਗ ਲੈਣ। ਭਿੰਡਰਾਂਵਾਲੇ ਸਿੱਖਾਂ ਲਈ ਸੰਤ ਹਨ ਤੇ ਉਨ੍ਹਾਂ ਕੌਮ ਦੀ ਸੇਵਾ ਕੀਤੀ ਹੈ। ਸਥਾਨਕ ਸਿੱਖਾਂ ਵੱਲੋਂ ਪ੍ਰਗਟਾਇਆ ਗਿਆ ਰੋਹ ਸੁਭਾਵਕ ਸੀ।`


ਇਸ ਦੌਰਾਨ ਦਮਦਮੀ ਟਕਸਾਲ (ਜਿਸ ਦੇ ਮੁਖੀ ਕਦੇ ਖ਼ੁਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਰਹਿ ਚੁੱਕੇ ਹਨ) ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਨੇ ਕਿਹਾ ਹੈ ਕਿ - ‘ਸਿੱਖਾਂ ਪ੍ਰਤੀ ਭਾਜਪਾ ਦੀ ਪਹੁੰਚ ਵੀ ਕਾਂਗਰਸ ਵਰਗੀ ਹੀ ਹੈ ਤੇ ਹੁਣ ਦੀ ਕਾਰਵਾਈ ਨਾਲ ਸਿੱਖ ਕੌਮ `ਚ ਰੋਹ ਪੈਦਾ ਹੋਇਆ ਹੈ। ਭਿੰਡਰਾਂਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ‘20ਵੀਂ ਸਦੀ ਦੇ ਮਹਾਨ ਸਿੱਖ` ਦਾ ਖਿ਼ਤਾਬ ਵੀ ਦਿੱਤਾ ਗਿਆ ਸੀ। ਖੱਟਰ ਨੇ ਸਿਰਫ਼ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਹੀ ਨਹੀਂ, ਸਗੋਂ ਸਾਰੇ ਸਿੱਖਾਂ ਦੇ ਜਜ਼ਬਾਤ ਨੂੰ ਹੀ ਠੇਸ ਪਹੁੰਚਾਈ ਹੈ।`


ਭਾਈ ਧੁੰਮਾ ਨੇ ਕਿਹਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਸਿੱਖਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhindranwale our national martyr says Longowal