ਅਗਲੀ ਕਹਾਣੀ

ਬਰੀ ਹੋਣ ਪਿੱਛੋਂ ਬੀਬੀ ਜਗੀਰ ਕੌਰ ਨੇ ਦਿੱਤੇ ਪੰਥਕ ਮੋਰਚੇ `ਤੇ ਸਰਗਰਮ ਹੋਣ ਦੇ ਸੰਕੇਤ

ਬਰੀ ਹੋਣ ਪਿੱਛੋਂ ਬੀਬੀ ਜਗੀਰ ਕੌਰ ਨੇ ਦਿੱਤੇ ਪੰਥਕ ਮੋਰਚੇ `ਤੇ ਸਰਗਰਮ ਹੋਣ ਦੇ ਸੰਕੇਤ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਬੀ ਜਗੀਰ ਕੌਰ (64) ਨੂੰ ਅੱਜ 18 ਵਰ੍ਹੇ ਪੁਰਾਣੇ ਆਪਣੀ ਹੀ ਧੀ ਦੇ ਕਥਿਤ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਉਸ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਇੱਕ ਵਾਰ ਫਿਰ ਆਪਣੇ ਸਿਆਸੀ ਕਰੀਅਰ ਨੂੰ ਪੁਨਰ-ਸੁਰਜੀਤ ਕਰਨ ਬਾਰੇ ਵਿਚਾਰ ਕਰ ਰਹੇ ਹਨ। 


ਆਮ ਜਨਤਾ ਹੁਣ ਤੱਕ ਇਹੋ ਸੋਚਦੀ ਰਹੀ ਹੈ ਕਿ ਬੀਬੀ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਦੀ ਕਥਿਤ ਤੌਰ `ਤੇ ਅਣਖ ਖ਼ਾਤਰ ਜਾਨ ਲਈ ਗਈ ਹੈ। ਲੋਕਾਂ ਦੇ ਮਨਾਂ `ਚੋਂ ਅਜਿਹਾ ਦਾਗ਼ ਫਿੱਕਾ ਪੈਣ `ਚ ਹਾਲੇ ਕੁਝ ਸਮਾਂ ਲੱਗੇਗਾ।


ਸਿੱਖ ਇਤਿਹਾਸਕਾਰ ਪ੍ਰਿਥੀਪਾਲ ਸਿੰਘ ਕਪੂਰ ਨੇ ਕਿਹਾ ਕਿ ਹੁਣ ਬੀਬੀ ਜਗੀਰ ਕੌਰ ਦੇ ਦੋਬਾਰਾ ਸਿਆਸਤ `ਚ ਆਉਣ ਨਾਲ ਅਕਾਲੀ ਸਿਆਸਤ `ਚ ਕੁਝ ਗੜਬੜੀ ਹੋ ਸਕਦੀ ਹੈ ਕਿਉਂਕਿ ਉਹ ਆਪਣੇ ਲਈ ਕੋਈ ਮਜ਼ਬੂਤ ਅਹੁਦਾ ਚਾਹੁਣਗੇ। ਜੇ ਕਿਤੇ ਉਹ ਇਸ ਮੁਸੀਬਤ `ਚ ਨਾ ਫਸਦੇ, ਤਾਂ ਸਿਆਸਤ ਵਿੱਚ ਉਨ੍ਹਾਂ ਦੀ ਕਿਤੇ ਜਿ਼ਆਦਾ ਮਜ਼ਬੂਤ ਜਗ੍ਹਾ ਹੋਣੀ ਸੀ ‘ਪਰ ਉਨ੍ਹਾਂ ਤੋਂ ਸਮਾਜਕ ਦਾਗ਼ ਮਿਟਣ ਨੂੰ ਥੋੜ੍ਹਾ ਸਮਾਂ ਲੱਗ ਸਕਦਾ ਹੈ।`


ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ, ਜਦੋਂ ਉਨ੍ਹਾਂ ਵਿਰੁੱਧ ਕੇਸ ਦਾਇਰ ਕੀਤਾ ਗਿਆ ਸੀ। ਸਤੰਬਰ 2004 `ਚ, ਉਹ ਸ਼੍ਰੋਮਣੀ ਕਮੇਟੀ ਦੀ ਮੁਖੀ ਚੁਣਿਆ ਗਿਆ ਸੀ। ਪਰ ਉਨ੍ਹਾਂ ਨੂੰ ਪੰਥਕ ਹਲਕਿਆਂ `ਚ ਜ਼ਬਰਦਸਤ ਵਿਰੋਧ ਕਾਰਨ ਇਹ ਅਹੁਦਾ ਤਿਆਗਣਾ ਪਿਆ ਸੀ।


ਬੀਬੀ ਜਗੀਰ ਕੌਰ ਲੁਬਾਣਾ ਭਾਈਚਾਰੇ ਨਾਲ ਸਬੰਧਤ ਹਨ ਤੇ ਦੋਆਬਾ ਪੱਟੀ `ਚ ਉਨ੍ਹਾਂ ਦੇ ਸ਼ਰਧਾਲੂਆਂ ਦੀ ਬਹੁਤ ਵੱਡੀ ਗਿਣਤੀ ਮੌਜੂਦ ਹੈ। ਬੀਬੀ ਜਗੀਰ ਕੌਰ ਨੂੰ ਵਿੱਤੀ ਮਦਦ ਦੀ ਵੀ ਕੋਈ ਘਾਟ ਨਹੀਂ ਹੈ। ਸਾਲ 1996 `ਚ ਉਹ ਭੁਲੱਥ ਸਥਿਤ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਦੇ ਮੁਖੀ ਬਣੇ ਸਨ।


ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਰਮਾਤਮਾ ਵਿੱਚ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਤੇ ਸਬਰ ਸਦਕਾ ਉਨ੍ਹਾਂ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਇੱਕ ਵਰਕਰ ਨਾਲ ਜੁੜੇ ਰਹੇ ਤੇ ਔਖੇ ਸਮਿਆਂ ਦੌਰਾਨ ਵੀ ਪਾਰਟੀ ਸਦਾ ਉਨ੍ਹਾਂ ਨਾਲ ਖੜ੍ਹਦੀ ਰਹੀ। ਉਨ੍ਹਾਂ ਕਿਹਾ ਕਿ ਉਹ ਧਾਰਮਿਕ ਮੋਰਚੇ `ਤੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਅਜਿਹਾ ਵੀ ਸੰਕੇਤ ਦਿੱਤਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਬਾਰਾ ਪ੍ਰਧਾਨ ਬਣ ਸਕਦੇ ਹਨ ਕਿਉਂਕਿ ਪੰਥਕ ਮੁੱਦਿਆਂ `ਤੇ ਉਨ੍ਹਾਂ ਦੀ ਪਕੜ ਹੈ।


ਬੀਬੀ ਜਗੀਰ ਕੌਰ ਨੇ ਕਿਹਾ ਕਿ ਤੁਰੰਤ ਸ਼੍ਰੋਮਣੀ ਕਮੇਟੀ ਦੀ ਮੁਖੀ ਬਣਨਾ ਸੰਭਵ ਨਹੀਂ ਹੈ ਕਿਉਂਕਿ ਚੋਣਾਂ ਹਾਲੇ ਕੁਝ ਸਮਾਂ ਪਹਿਲਾਂ ਹੀ ਹੋਈਆਂ ਹਨ। ਇੰਝ ਬੀਬੀ ਜਗੀਰ ਕੌਰ ਅਗਲੇ ਸਾਲ 2019 ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁਖੀ ਬਣਨ ਦੀ ਆਸ ਪ੍ਰਗਟਾ ਰਹੇ ਹਨ। ਇਸ ਵੇਲੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ - ‘ਇਸਤ੍ਰੀ ਅਕਾਲੀ ਦਲ` ਦੇ ਮੁਖੀ ਹਨ।


ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਦੀ ਧਾਰਮਿਕ ਮਾਮਲਿਆਂ `ਤੇ ਪਕੜ ਹੈ ਤੇ ਉਨ੍ਹਾਂ ਦੇ ਸਬਰ ਦਾ ਇਨਾਮ ਜ਼ਰੂਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ,‘ਅਦਾਲਤੀ ਫ਼ੈਸਲੇ ਦਾ ਸਾਰੇ ਹੀ ਸਤਿਕਾਰ ਕਰਨਗੇ ਪਰ ਬੀਬੀ ਦੀ ਜ਼ਮੀਰ ਜ਼ਰੂਰ ਉਨ੍ਹਾਂ ਨੂੰ ਤੰਗ ਕਰ ਸਕਦੀ ਹੈ।`    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bibi Jagir Kaur hints to be active at Panthic Front